ਕਾਂਗਰਸ ਦੀ ਮੀਟਿੰਗ ਦੌਰਾਨ ਰਵਨੀਤ ਬਿੱਟੂ 'ਤੇ ਭੜਕੇ ਆਸ਼ੂ, ਬੈਠਕ ਵਿਚਾਲੇ ਹੀ ਛੱਡ ਚਲੇ ਗਏ

Saturday, Mar 02, 2024 - 02:36 PM (IST)

ਕਾਂਗਰਸ ਦੀ ਮੀਟਿੰਗ ਦੌਰਾਨ ਰਵਨੀਤ ਬਿੱਟੂ 'ਤੇ ਭੜਕੇ ਆਸ਼ੂ, ਬੈਠਕ ਵਿਚਾਲੇ ਹੀ ਛੱਡ ਚਲੇ ਗਏ

ਲੁਧਿਆਣਾ (ਹਿਤੇਸ਼, ਰਿੰਕੂ) : ਕਾਂਗਰਸ ਵੱਲੋਂ ਨਗਰ ਨਿਗਮ ਦੇ ਮੁੱਖ ਦਫ਼ਤਰ ਨੂੰ ਜ਼ਿੰਦਾ ਲਾਉਣ ਦੇ ਦੋਸ਼ ’ਚ ਦਰਜ ਹੋਈ ਐੱਫ. ਆਈ. ਆਰ. ਦਾ ਵਿਰੋਧ ਕਰਨ ਲਈ ਸੱਦੀ ਗਈ ਬੈਠਕ ਹੰਗਾਮੇ ਦੀ ਭੇਂਟ ਚੜ੍ਹ ਗਈ। ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਕਾਂਗਰਸ ਵੱਲੋਂ ਨਗਰ ਨਿਗਮ ਚੋਣਾਂ ’ਚ ਹੋ ਰਹੀ ਦੇਰ ਤੋਂ ਇਲਾਵਾ ਵਿਕਾਸ ਕੰਮ ਠੱਪ ਰਹਿਣ, ਸਫ਼ਾਈ ਵਿਵਸਥਾ ਦੀ ਕਮੀ ਅਤੇ ਘਪਲਿਆਂ ਦੇ ਮੁੱਦੇ ’ਤੇ ਮੰਗਲਵਾਰ ਨੂੰ ਮਾਤਾ ਰਾਣੀ ਚੌਂਕ ਸਥਿਤ ਜ਼ੋਨ-ਏ ਆਫਿਸ ਦਾ ਘਿਰਾਓ ਕੀਤਾ ਗਿਆ ਸੀ। ਇਸ ਦੌਰਾਨ ਕਾਂਗਰਸੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਤੋਂ ਇਲਾਵਾ ਨਗਰ ਨਿਗਮ ਦਫ਼ਤਰ ਦੇ ਮੇਨ ਗੇਟ ਨੂੰ ਜਿੰਦਾ ਲਗਾ ਦਿੱਤਾ ਗਿਆ ਸੀ। ਇਸ ਸਬੰਧੀ ਨਗਰ ਨਿਗਮ ਵੱਲੋਂ ਚੌਂਕੀਦਾਰ ਰਾਹੀਂ ਐੱਮ. ਪੀ. ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਸਮੇਤ 60 ਕਾਂਗਰਸੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਗਈ ਹੈ। ਇਸ ਕਾਰਵਾਈ ਦਾ ਵਿਰੋਧ ਕਰਨ ਦੀ ਰਣਨੀਤੀ ਬਣਾਉਣ ਲਈ ਕਾਂਗਰਸ ਵੱਲੋਂ ਸ਼ੁੱਕਰਵਾਰ ਨੂੰ ਫਿਰੋਜ਼ਪੁਰ ਰੋਡ ਸਥਿਤ ਹੋਟਲ ’ਚ ਮੀਟਿੰਗ ਸੱਦੀ ਗਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਸਾਰ ਹੋਏ ਰਿਸ਼ਤੇ, ਹਵਸ ਦੇ ਭੁੱਖੇ ਫੁੱਫੜ ਨੇ ਨਾਬਾਲਗ ਭਤੀਜੀ ਨੂੰ ਕੀਤਾ ਗਰਭਵਤੀ

ਦੱਸਿਆ ਜਾ ਰਿਹਾ ਸੀ ਕਿ ਇਸ ਮੀਟਿੰਗ ਤੋਂ ਬਾਅਦ ਕਾਂਗਰਸ ਨੇਤਾਵਾਂ ਵੱਲੋਂ ਪੁਲਸ ਕਮਿਸ਼ਨਰ ਦਫ਼ਤਰ ’ਚ ਜਾ ਕੇ ਗ੍ਰਿਫ਼ਤਾਰੀ ਦੀ ਪੇਸ਼ਕਸ਼ ਕੀਤੀ ਜਾਵੇਗੀ ਪਰ ਇਸ ਤੋਂ ਪਹਿਲਾਂ ਹੀ ਮੀਟਿੰਗ ’ਚ ਹੰਗਾਮਾ ਹੋ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਆਸ਼ੂ ਵੱਲੋਂ ਅਨੁਸ਼ਾਸਨ ’ਚ ਨਾ ਰਹਿਣ ਕਰ ਕੇ ਆਪਣੀ ਹੀ ਪਾਰਟੀ ਦੇ ਲੋਕਾਂ ’ਤੇ ਜੰਮ ਕੇ ਭੜਾਸ ਕੱਢੀ ਗਈ। ਦੱਸਿਆ ਜਾ ਰਿਹਾ ਹੈ ਕਿ ਆਸ਼ੂ ਵੱਲੋਂ ਮੀਟਿੰਗ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਨ ਸਬੰਧੀ ਬਿੱਟੂ ਦੇ ਨਾਲ ਵੀ ਨਾਰਾਜ਼ਗੀ ਜਤਾਈ ਗਈ। ਇਸ ਤੋਂ ਬਾਅਦ ਆਸ਼ੂ ਮੀਟਿੰਗ ਦਾ ਬਾਈਕਾਟ ਕਰ ਕੇ ਚਲੇ ਗਏ ਅਤੇ ਉਨ੍ਹਾਂ ਨਾਲ ਹਲਕਾ ਵੈਸਟ ਦੇ ਕਈ ਸਾਬਕਾ ਕੌਂਸਲਰਾਂ ਅਤੇ ਹੋਰ ਨੇਤਾਵਾਂ ਨੇ ਵੀ ਮੀਟਿੰਗ ਛੱਡ ਦਿੱਤੀ। ਇਸ ਦੌਰਾਨ ਹੰਗਾਮਾ ਦਾ ਮਾਹੌਲ ਕਾਇਮ ਹੋਣ ਕਾਰਨ ਪੁਲਸ ਕਮਿਸ਼ਨਰ ਦਫ਼ਤਰ ’ਚ ਜਾ ਕੇ ਗ੍ਰਿਫਤਾਰੀ ਦੀ ਪੇਸ਼ਕਸ਼ ਦੇਣ ਲਈ ਬਣਾਈ ਗਈ ਯੋਜਨਾ ਦੀ ਹਵਾ ਨਿਕਲ ਗਈ। ਇਸ ਦੇ ਮੱਦੇਨਜ਼ਰ ਗ੍ਰਿਫ਼ਤਾਰੀ ਦੇਣ ਦਾ ਪ੍ਰੋਗਰਾਮ 5 ਮਾਰਚ ਤੱਕ ਪੈਂਡਿੰਗ ਕਰ ਦਿੱਤਾ ਗਿਆ ਹੈ, ਜਿਸ ਦੀ ਪੁਸ਼ਟੀ ਐੱਮ. ਪੀ. ਬਿੱਟੂ ਨੇ ਕੀਤੀ ਹੈ ਕਿ ਉਸ ਦਿਨ ਡੀ. ਸੀ. ਦਫ਼ਤਰ ’ਚ ਵੱਡੀ ਗਿਣਤੀ ’ਚ ਵਰਕਰਾਂ ਦੇ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸ਼ਾਨਨ ਪ੍ਰਾਜੈਕਟ ਦੀ 99 ਸਾਲਾ ਲੀਜ਼ ਹੋਣ ਜਾ ਰਹੀ ਖ਼ਤਮ, ਸੁਪਰੀਮ ਕੋਰਟ ਪੁੱਜੀ ਮਾਨ ਸਰਕਾਰ
ਧਰੀਆਂ ਰਹਿ ਗਈਆਂ ਪੁਲਸ ਦੀਆਂ ਤਿਆਰੀਆਂ
ਕਾਂਗਰਸ ਨੇਤਾਵਾਂ ਵੱਲੋਂ ਐੱਫ. ਆਈ. ਆਰ. ਦਾ ਵਿਰੋਧ ਕਰਨ ਦੇ ਨਾਲ ਗ੍ਰਿਫ਼ਤਾਰੀ ਦੀ ਪੇਸ਼ਕਸ਼ ਕਰਨ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਸ ਵੱਲੋਂ ਵੀ ਤਿਆਰੀ ਕੀਤੀ ਗਈ ਸੀ। ਇਸ ਦੇ ਤਹਿਤ ਫਿਰੋਜ਼ਪੁਰ ਰੋਡ ਤੋਂ ਪੁਲਸ ਕਮਿਸ਼ਨਰ ਆਫਿਸ ਤੱਕ ਜਾਣ ਵਾਲੇ ਰਸਤੇ ’ਤੇ ਭਾਰੀ ਫੋਰਸ ਦੀ ਡਿਊਟੀ ਲਗਾਈ ਗਈ ਸੀ, ਜਿੱਥੇ ਕਈ ਸੀਨੀਅਰ ਅਫ਼ਸਰ ਵੀ ਮੌਜੂਦ ਸਨ ਪਰ ਵਿਵਾਦ ਕਾਰਨ ਕਾਂਗਰਸੀਆਂ ਦੀ ਮੀਟਿੰਗ ਹੀ ਫਲਾਪ ਸ਼ੋਅ ਸਾਬਤ ਹੋ ਗਈ, ਜਿਸ ਦੀ ਸੂਚਨਾ ਮਿਲਣ ’ਤੇ ਪੁਲਸ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News