ਭਾਈ ਨਿਰਮਲ ਸਿੰਘ ਜੀ ਦੇ ਰੂਹਾਨੀ ਜੀਵਨ ''ਤੇ ਇਕ ਸੰਖੇਪ ਝਾਤ

04/02/2020 5:57:56 PM

ਜਲੰਧਰ/ ਅੰਮ੍ਰਿਤਸਰ(ਤੀਰਥ ਸਿੰਘ  ) : ਜਦੋਂ-ਜਦੋਂ ਵੀ ਸਰੋਦੀ, ਸੁਰਤਾਲ ਅਤੇ ਰਾਗਗਾਰੀ 'ਚ ਕੀਰਤਨ ਦੀ ਗੱਲ ਚੱਲੇਗੀ ਤਾਂ ਪਦਮ ਸ੍ਰੀ ਨਿਰਮਲ ਸਿੰਘ ਖਾਲਸਾ ਦਾ ਨਾਂ ਖੁਦ-ਬ-ਖੁਦ ਜ਼ੁਬਾਨ 'ਤੇ ਆ ਜਾਵੇਗਾ। ਭਾਈ ਸਾਹਿਬ ਗੁਣਾਂ ਦੇ ਖਜ਼ਾਨੇ ਸਨ ਅਤੇ ਆਪਣੇ ਆਪ 'ਚ ਇਕ ਸੰਸਥਾ ਸਨ।

ਭਾਈ ਨਿਰਮਲ ਸਿੰਘ ਖਾਲਸਾ ਦਾ ਮੁੱਢਲਾ ਜੀਵਨ
ਉਨ੍ਹਾਂ ਦਾ ਜਨਮ ਪਿਤਾ ਚੰਨਣ ਸਿੰਘ ਗਿਆਨੀ ਤੇ ਮਾਤਾ ਗੁਰਦੇਵ ਦੇ ਗ੍ਰਹਿ ਵਿਖੇ 12 ਅਪ੍ਰੈਲ 1952 ਨੂੰ ਨਾਨਕੇ ਪਿੰਡ ਜੰਡਵਾਲਾ, ਭੀਮੇਸ਼ਾਹ ਜ਼ਿਲਾ ਫਿਰੋਜ਼ਪੁਰ 'ਚ ਹੋਇਆ। ਭਾਈ ਸਾਹਿਬ ਦਾ ਪਰਿਵਾਰ ਵਾਹੀ ਕਰਦਾ ਸੀ। ਇਸ ਤਰ੍ਹਾਂ ਬਾਲਕ ਨਿਰਮਲ ਸਿੰਘ ਨੇ ਵੀ ਬਾਪੂ ਨਾਲ ਖੇਤੀ ਕਰਵਾਈ ਤੇ ਮੁੱਢਲੀ ਪੜ੍ਹਾਈ ਵੀ ਪੂਰੀ ਕੀਤੀ। ਖੇਤੀ ਕਰਦੇ ਸਮੇਂ ਉਨ੍ਹਾਂ ਨੂੰ ਅਕਸਰ ਗਾਉਂਦਿਆਂ ਵੇਖ ਕੇ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਅੰਮ੍ਰਿਤਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ 'ਚ ਸੰਗੀਤਾਚਾਰੀਆ ਪ੍ਰੋਫੈਸਰ ਅਵਤਾਰ ਸਿੰਘ ਨਾਜ਼ ਕੋਲ ਛੱਡ ਆਏ, ਜਿੱਥੇ ਉਨ੍ਹਾਂ ਨੇ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ।

ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੇ ਦਿਹਾਂਤ ਤੇ ਡਾ.ਓਬਰਾਏ ਵਲੋਂ ਦੁੱਖ ਦਾ ਪ੍ਰਗਟਾਵਾ

ਭਾਈ ਨਿਰਮਲ ਸਿੰਘ ਖਾਲਸਾ ਜੀ ਦੀਆਂ ਰਾਗੀ ਵਜੋਂ ਸੇਵਾਵਾਂ
ਤਾਲੀਮ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮਹਾਨ ਰਾਗੀ ਭਾਈ ਗੁਰਮੇਜ ਸਿੰਘ ਨਾਲ ਕੁਝ ਸਾਲ ਸਹਾਇਕ ਰਾਗੀ ਵਜੋਂ ਸੇਵਾ ਨਿਭਾਈ। ਫਿਰ ਉਨ੍ਹਾਂ ਨੇ ਆਪਣਾ ਜੱਥਾ ਬਣਾ ਲਿਆ ਅਤੇ ਰੋਹਤਕ,ਰਿਸ਼ੀਕੇਸ਼, ਤਰਨਤਾਰਨ, ਬੁੱਢਾ ਜੌਹੜ, ਰਾਜਸਥਾਨ ਵਿਖੇ ਸੇਵਾਵਾਂ ਨਿਭਾਈਆਂ। 1979 'ਚ ਉਨ੍ਹਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ਆਰੰਭ ਕੀਤੀ ਤੇ ਲੰਮਾ ਸਮਾਂ ਸੰਗਤਾਂ ਨੂੰ ਨਿਹਾਲ ਕਰਦੇ ਰਹੇ।

ਮਧੁਰ ਆਵਾਜ਼ ਅਤੇ ਸੰਗੀਤਕ ਪ੍ਰਤਿਭਾ ਦੇ ਮੁਜੱਸਮੇ
ਭਾਈ ਨਿਰਮਲ ਸਿੰਘ ਖਾਲਸਾ ਦੀ ਯਾਦ ਸ਼ਕਤੀ ਇੰਨੀ ਪ੍ਰਬਲ ਸੀ ਕਿ ਉਨ੍ਹਾਂ ਨੂੰ ਸ੍ਰੀ ਆਸਾ ਦੀ ਵਾਰ ਦੇ ਨਾਲ-ਨਾਲ 500 ਸ਼ਬਦ ਤੇ ਅਨੇਕਾਂ ਪੁਰਾਤਨ ਰੀਤਾਂ ਅਤੇ ਬੰਦਸ਼ਾਂ ਯਾਦ ਸਨ। ਉਨ੍ਹਾਂ ਦੀ ਆਸਾ ਦੀ ਵਾਰ ਦੀਆਂ 5 ਲੱਖ ਸੀ.ਡੀਜ਼. ਅਤੇ ਕਿਤਾਬਾਂ ਵਿਕੀਆਂ। ਉਨ੍ਹਾਂ ਨੂੰ ਕੁਦਰਤ ਨੇ ਇਕ ਅਜਿਹੀ ਆਵਾਜ਼ ਬਖਸ਼ੀ ਸੀ, ਜਿਸ 'ਚ ਸਾਰੀਆਂ ਕਲਾਤਮਕ ਖੂਬੀਆਂ ਮੌਜੂਦ ਸਨ। ਭਾਈ ਨਿਰਮਲ ਸਿੰਘ ਖਾਲਸਾ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀਰਤਨ ਚੋਣ ਕਮੇਟੀ ਦੇ ਸਰਗਰਮ ਮੈਂਬਰ ਸਨ। ਇਸ ਤੋਂ ਇਲਾਵਾ ਉਹ ਅਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਮਹਾਨ ਕਲਾਕਾਰ ਸਨ ਅਤੇ ਨਾਲ ਹੀ ਆਲ ਇੰਡੀਆ ਰੇਡੀਓ ਜਲੰਧਰ ਦੀ ਸੂਗਮ ਸੰਗੀਤ ਚੋਣ ਕਮੇਟੀ ਦੇ ਮੈਂਬਰ ਵੀ ਸਨ। ਆਪਣੀ ਮਧੁਰ ਆਵਾਜ਼ ਅਤੇ ਸੰਗੀਤਕ ਪ੍ਰਤਿਭਾ ਸਦਕਾ ਉਨ੍ਹਾਂ ਨੇ ਤਕਰੀਬਨ ਅੱਧੀ ਤੋਂ ਜ਼ਿਆਦਾਦੁਨੀਆ ਗਾਹ ਮਾਰੀ। ਗਜ਼ਲ ਸਮਰਾਟ ਗੁਲਾਮ ਅਲੀ ਅਤੇ ਭਾਈ ਸਾਹਿਬ ਦਰਮਿਆਨ ਬਹੁਤ ਨਿੱਘੇ ਰਿਸ਼ਤੇ ਸਨ ਅਤੇ ਭਾਈ ਸਾਹਿਬ ਉਨ੍ਹਾਂ ਨੂੰ ਆਪਣਾ ਉਸਤਾਦ ਮੰਨਦੇ ਸਨ।

ਇਹ ਵੀ ਪੜ੍ਹੋ: 'ਜਗ ਬਾਣੀ' ਦੀ ਖਬਰ ਦਾ ਅਸਰ, ਕੋਰੋਨਾ ਪੀੜਤ ਮਰੀਜ਼ ਦੀ ਡਾਕਟਰ ਨੇ ਲਈ ਸਾਰ

ਪਦਮ ਸ੍ਰੀ ਐਵਾਰਡ ਅਤੇ ਵਿਸ਼ਵ ਪ੍ਰਸਿੱਧੀ
ਭਾਈ ਨਿਰਮਲ ਸਿੰਘ ਖਾਲਸਾ ਅਜਿਹੇ ਇਕੋ-ਇਕ ਰਾਗੀ ਸਨ ਜਿਨ੍ਹਾਂ ਨੂੰ ਪੰਜਾਂ ਹੀ ਤਖਤ ਸਾਹਿਬਾਨ 'ਤੇ ਕੀਰਤਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਹ ਅੱਜ ਤੱਕ ਪਹਿਲੇ ਰਾਗੀ ਸਨ ਜਿਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਸਾਲ 2009 'ਚ ਤੱਤਕਾਲੀ ਰਾਸ਼ਟਰਪਤੀ ਸ੍ਰੀ ਮਤੀ ਪ੍ਰਤਿਭਾ ਦੇਵੀ ਸਿੰਘ ਪਾਟਲ ਨੇ ਉੱਚ ਕੋਟੀ ਦਾ ਪਦਮ ਸ੍ਰੀ ਐਵਾਰਡ ਦੇ ਕੇ ਸਨਮਾਨਿਆ। ਸਨਮਾਨ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਨਿਮਰਤਾ ਨਾਲ ਕਿਹਾ ਕਿ ਇਹ ਸਨਮਾਨ ਮੇਰਾ ਨਹੀਂ ਬਲਕਿ ਗੁਰੂਜਸ
ਗਾਉਣ ਵਾਲੇ ਸਾਰੇ ਕੀਰਤਨੀਆਂ ਦਾ ਹੈ। ਉਨ੍ਹਾਂ ਦੀ ਸ਼ਖ਼ਸੀਅਤ ਦਾ ਵੱਡਾ ਪਹਿਲੂ ਉਨ੍ਹਾਂ ਦੀ ਕਲਮੀ ਤਾਕਤ ਸੀ। ਉਨ੍ਹਾਂ ਨੇ 2 ਕਿਤਾਬਾਂ 'ਗੁਰਮਤਿ ਸੰਗੀਤ ਦੇ ਅਨਮੋਲ ਹੀਰੇ' ਅਤੇ 'ਪ੍ਰਸਿੱਧ ਕੀਰਤਨਕਾਰ ਬੀਬੀਆਂ' ਲਿਖੀਆਂ। ਉਨ੍ਹਾਂ ਦੇ  ਅਕਾਲ ਚਲਾਣੇ ਨਾਲ ਪਿਆ ਘਾਟਾ ਕਦੇ ਪੂਰਾ ਨਹੀਂ ਹੋਵੇਗਾ। ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਬਾਕੀ ਕੀਰਤਨੀਆਂ ਨੂੰ ਵੀ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਣ ਦਾ ਬਲ ਬਖਸ਼ਣ।
ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ
ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇ ਦੀਦਾਵਰ ਪੈਦਾ
ਤੀਰਥ ਸਿੰਘ ਢਿੱਲੋਂ ਮੈਂਬਰ ਕੀਰਤਨ ਸਬ-ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ


Shyna

Content Editor

Related News