CM ਮਾਨ ਵੱਲੋਂ ਸੌਂਪੀ ਜਾਂਚ ਰਿਪੋਰਟ ਨੂੰ ਲੈ ਕੇ ਅਮਰੀਕ ਸਿੰਘ ਅਜਨਾਲਾ ਨੇ ਕੀਤਾ ਅਹਿਮ ਖ਼ੁਲਾਸਾ

07/03/2022 11:28:37 PM

ਅੰਮ੍ਰਿਤਸਰ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਅਦਬੀ ਮਾਮਲਿਆਂ ਨੂੰ ਲੈ ਕੇ ਬੀਤੇ ਦਿਨ ਸੌਂਪੀ ਗਈ ਜਾਂਚ ਰਿਪੋਰਟ ਨੂੰ ਲੈ ਕੇ ਸਿੱਖ ਆਗੂ ਅਮਰੀਕ ਸਿੰਘ ਅਜਨਾਲਾ ਨੇ ਅਹਿਮ ਖ਼ੁਲਾਸਾ ਕੀਤਾ ਹੈ। ਅਜਨਾਲਾ ਨੇ ਖ਼ੁਲਾਸਾ ਕਰਦਿਆਂ ਕਿਹਾ ਕਿ ਮਾਨ ਸਰਕਾਰ ਵੱਲੋਂ ਕੱਲ੍ਹ ਸਾਨੂੰ ਇਕ ਰਿਪੋਰਟ ਸੌਂਪੀ ਗਈ ਪਰ ਅਸੀਂ ਵਿਸ਼ੇਸ਼ ਤੌਰ ’ਤੇ ਉਹ ਰਿਪੋਰਟ ਲੈਣ ਨਹੀਂ ਪਹੁੰਚੇ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਤਿੰਨ ਸਰੂਪਾਂ ਨੂੰ ਲੈ ਕੇ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਨ ਪਹੁੰਚੇ ਸੀ। ਇਸ ਦੌਰਾਨ ਜਦੋਂ ਅਸੀਂ ਉਨ੍ਹਾਂ ਨਾਲ ਬੁਰਜ ਜਵਾਹਰ ਿਸੰਘ ਦਾ ਮਸਲੇ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਬੁਰਜ ਜਵਾਹਰ ਸਿੰਘ ’ਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਚੋਰੀ ਦੇ ਮਾਮਲੇ ਨੂੰ ਲੈ ਕੇ ਰਿਪੋਰਟ ਤਿਆਰ ਕੀਤੀ ਹੈ। ਇਹ ਪੜ੍ਹ ਕੇ ਅਤੇ ਵਿਚਾਰ ਕਰਕੇ ਤੁਹਾਡੀ ਸੰਤੁਸ਼ਟੀ ਹੋ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਸੜਕ ਹਾਦਸੇ ’ਚ ਅਜਨਾਲਾ ਦੇ ਨੌਜਵਾਨ ਦੀ ਮੌਤ

ਅਜਨਾਲਾ ਨੇ ਕਿਹਾ ਕਿ ਕਈਆਂ ਦੇ ਮਨਾਂ ਖਦਸ਼ੇ ਵੀ ਪੈਦਾ ਹੋਇਆ ਸੀ ਕਿ ਬਾਦਲ ਪਰਿਵਾਰ ਜਾਂ ਬਾਦਲ ਸਰਕਾਰ ਦੇ ਅਹੁਦੇਦਾਰ ਨਿਰਦੋਸ਼ ਸਾਬਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਜਾਂ ਹੋਰ ਵੀ ਕਾਂਡ ਜਿਹੜੇ ਵਾਪਰੇ ਹਨ, ਨਾਲ ਇਸ ਰਿਪੋਰਟ ਦਾ ਕੋਈ ਸਬੰਧ ਨਹੀਂ ਹੈ। ਇਹ ਰਿਪੋਰਟ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ 3 ਸਰੂਪਾਂ ਦੀ ਰਿਪੋਰਟ ਹੈ। ਇਸ ਰਿਪੋਰਟ ’ਚ ਇਹ ਸਾਫ਼ ਕੀਤਾ ਗਿਆ ਹੈ ਕਿ ਕਿਸ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਤੇ ਕਿਸ ਦੇ ਕਹਿਣ ’ਤੇ ਕੀਤੇ ਸਨ। ਇਨ੍ਹਾਂ ਸਰੂਪਾਂ ਨੂੰ ਲਿਜਾਣ ਵਾਲੇ ਬੰਦੇ ਕਿਹੜੇ-ਕਿਹੜੇ ਸਨ। ਇਸ ਰਿਪੋਰਟ ਦਾ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਧਾਰਮਿਕ ਮੁੱਦੇ ’ਤੇ ਸਿਆਸਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਲੰਬਾ ਸਮਾਂ ਪੰਥ ਦੇ ਨਾਂ ’ਤੇ ਸਿਆਸਤ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਸਿੱਖ ਸੰਗਤਾਂ ਜਾਗਰੂਕ ਹੋ ਗਈਆਂ ਹਨ ਤੇ ਧਰਮ ਦੇ ਨਾਂ ’ਤੇ ਕਿਸੇ ਨੂੰ ਵੀ ਸਿਆਸਤ ਨਹੀਂ ਕਰਨ ਦੇਣਗੀਆਂ। 


Manoj

Content Editor

Related News