ਪੰਜਾਬ ਨੂੰ ਨਸ਼ਾ ਮੁਕਤ ਕਰਨ, ਵਾਤਾਵਰਣ ਤੇ ਧਰਤੀ ਨੂੰ ਬਚਾਉਣ ਲਈ ਲੋਕ ਲਹਿਰ ਦੀ ਲੋੜ: ਭਗਵੰਤ ਮਾਨ

09/11/2023 12:25:14 PM

ਜਲੰਧਰ (ਸੁਨੀਲ ਧਵਨ/ਪੁਨੀਤ ਡੋਗਰਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧੀਜੀਵੀਆਂ ਨੂੰ ਪੰਜਾਬ ’ਚੋਂ ਨਸ਼ਿਆਂ ਦੇ ਖ਼ਾਤਮੇ, ਵਾਤਾਵਰਣ ਅਤੇ ਧਰਤੀ ਨੂੰ ਬਚਾਉਣ ਲਈ ਲੋਕ ਲਹਿਰ ਬਣਾਉਣ ਦਾ ਸੱਦਾ ਦਿੱਤਾ ਹੈ। ਇਹ ਕੰਮ ਵੀ ਦੇਸ਼ ਭਗਤੀ ਤੋਂ ਘੱਟ ਨਹੀਂ ਹੈ। ਇਸ ਦੇ ਲਈ ਵੀ ਸਾਨੂੰ ਮਿਲ ਕੇ ਲੜਨਾ ਪਵੇਗਾ। ਮੁੱਖ ਮੰਤਰੀ ਐਤਵਾਰ ਨੂੰ ਪੰਜਾਬ ਕੇਸਰੀ ਗਰੁੱਪ ਵੱਲੋਂ ਕਰਵਾਏ 118ਵੇਂ ਸ਼ਹੀਦ ਪਰਿਵਾਰ ਫੰਡ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਪੰਜਾਬ ਕੇਸਰੀ ਗਰੁੱਪ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 9 ਸਤੰਬਰ ਦੀ ਬਰਸੀ ਸਬੰਧੀ ਸ਼ਹੀਦ ਪਰਿਵਾਰ ਫੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਅੱਤਵਾਦ ਪੀੜਤ 170 ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ 1,41,80,000/- ਰੁਪਏ ਦੀ ਵਿੱਤੀ ਸਹਾਇਤਾ ਵੰਡੀ ਗਈ।

ਇਸ ਮੌਕੇ ਹਰ ਪੀੜਤ ਪਰਿਵਾਰ ਨੂੰ ਐੱਫ਼. ਡੀ. ਆਰ. ਤੋਂ ਇਲਾਵਾ 5 ਕਿਲੋ ਆਟਾ, 5 ਕਿਲੋ ਚੌਲ, 1 ਸਿਲਾਈ ਮਸ਼ੀਨ, 2 ਕੰਬਲ, ਕੱਪੜੇ ਅਤੇ ਭਾਂਡੇ ਵੀ ਦਿੱਤੇ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਅਤੇ ਨਿੱਜੀ ਖੇਤਰ ਵਿਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਨਰ ਵਿਕਾਸ ਕੇਂਦਰ ਖੋਲ੍ਹੇ ਜਾ ਰਹੇ ਹਨ। ਸੂਬੇ ਦੇ ਨੌਜਵਾਨਾਂ ਨੂੰ ਯੂ. ਪੀ. ਐੱਸ. ਸੀ. ਵਰਗੇ ਮੁਕਾਬਲਿਆਂ ਵਿਚ ਹਿੱਸਾ ਲੈਣ ਦੇ ਯੋਗ ਬਣਾਉਣ ਲਈ ਸਰਕਾਰ 8 ਸਿਖਲਾਈ ਕੇਂਦਰ ਖੋਲ੍ਹਣ ਜਾ ਰਹੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਨੌਜਵਾਨ 12ਵੀਂ ਜਮਾਤ ਪਾਸ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਜਦਕਿ ਵਿਦੇਸ਼ਾਂ ਵਿਚ ਜ਼ਿੰਦਗੀ ਹੋਰ ਵੀ ਔਖੀ ਹੈ। ਕਿਸੇ ਹੋਰ ਦੇਸ਼ ਵਿਚ ਸੈਟਲ ਹੋਣਾ ਅਤੇ ਪਰਿਵਾਰ ਪਾਲਣਾ ਬਹੁਤ ਮੁਸ਼ਕਿਲ ਹੈ। ਵਿਦੇਸ਼ ਗਏ ਕਈ ਨੌਜਵਾਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਹਨ, ਜਿਸ ਕਾਰਨ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਰ-ਵਾਰ ਡਿੱਗਿਆ ਹੈ ਅਤੇ ਹਰ ਵਾਰ ਖੜ੍ਹਾ ਹੋਇਆ ਹੈ। ਇਸ ਲਈ ਪੰਜਾਬ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਸਮੂਹ ਪੰਜਾਬੀਆਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮਾਲਵਾ ਵਰਗੇ ਖ਼ੇਤਰਾਂ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ 650 ਫੁੱਟ ਹੇਠਾਂ ਚਲਾ ਗਿਆ ਹੈ ਅਤੇ ਪਾਣੀ ਵਿਚ ਪੌਸ਼ਟਿਕ ਤੱਤਾਂ ਦੀ ਘਾਟ ਹੈ।

ਇਹ ਵੀ ਪੜ੍ਹੋ- ਸ਼ਹੀਦ ਪਰਿਵਾਰ ਫੰਡ ਸਮਾਗਮ 'ਚ ਬੋਲੇ CM ਮਾਨ, ਕਿਹਾ-ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ ਸਗੋਂ ਭਾਵੁਕ ਪ੍ਰੋਗਰਾਮ

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਹਵਾ, ਵਾਤਾਵਰਣ ਅਤੇ ਧਰਤੀ ਦੀ ਸੰਭਾਲ ਦਾ ਸੰਦੇਸ਼ ਦਿੱਤਾ ਸੀ, ਜੋ ਅੱਜ ਹੋਰ ਵੀ ਸਾਰਥਕ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਖੇਤੀ ਲਈ ਪਾਣੀ ਦਾ ਸ਼ੋਸ਼ਣ ਹੋਇਆ ਹੈ। ਇਕ ਕਿਲੋ ਚੌਲ ਪੈਦਾ ਕਰਨ ਲਈ 3800 ਲੀਟਰ ਪਾਣੀ ਦੀ ਲੋੜ ਹੁੰਦੀ ਹੈ ਪਰ ਹੁਣ ਤਾਂ ਹੋਰ ਸੂਬਿਆਂ ਵਿਚ ਵੀ ਚੌਲ ਪੈਦਾ ਹੋ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨਾ ਸਾੜਨ ਅਤੇ ਆਪਣੀ ਧਰਤੀ ਅਤੇ ਵਾਤਾਵਰਣ ਦੀ ਰਾਖੀ ਕਰਨ।

ਕਾਲੇ ਦੌਰ ਦੌਰਾਨ ਹਜ਼ਾਰਾਂ ਲੋਕਾਂ ਨੇ ਦਿੱਤੀਆਂ ਸ਼ਹੀਦੀਆਂ
ਅੱਤਵਾਦ ’ਤੇ ਚਰਚਾ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ ’ਚ ਅਜਿਹਾ ਸਮਾਂ ਵੀ ਆਇਆ ਸੀ, ਜਦੋਂ ਘਰੋਂ ਨਿਕਲਣ ਵਾਲੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਉਹ ਸ਼ਾਮ ਨੂੰ ਸਹੀ ਸਲਾਮਤ ਆਪਣੇ ਘਰਾਂ ਨੂੰ ਪਰਤ ਸਕਣਗੇ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਲੇ ਦੌਰ ਦੌਰਾਨ ਹਜ਼ਾਰਾਂ ਲੋਕਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੰਗੀ ਸ਼ਹੀਦਾਂ ਨੂੰ 1-1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਹ ਰਕਮ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਨਹੀਂ ਲਿਆ ਸਕਦੀ ਪਰ ਇਹ ਯਕੀਨੀ ਤੌਰ ’ਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਮਦਦ ਕਰੇਗੀ। ਇਸੇ ਤਰ੍ਹਾਂ ਜਿਹੜੇ ਫੌਜੀ 70 ਤੋਂ 80 ਫ਼ੀਸਦੀ ਜ਼ਖ਼ਮੀ ਹੋ ਜਾਂਦੇ ਹਨ, ਉਨ੍ਹਾਂ ਨੂੰ ਵੀ ਸਰਕਾਰ 40-40 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਰਹੀ ਹੈ। ਇਸੇ ਤਰ੍ਹਾਂ ਫੌਜੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਬਣਾਏ ਗਏ ਕਾਨੂੰਨ ਵਿਚ ਸੋਧ ਕਰਕੇ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਉੱਚੀਆਂ ਪਹਾੜੀਆਂ ’ਤੇ ਬਰਫ਼ ਵਿਚ ਦੱਬ ਕੇ ਮਰਨ ਵਾਲੇ ਫੌਜੀਆਂ ਨੂੰ ਵੀ ਬਰਾਬਰ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਉਪਰਾਲੇ ਕਰ ਰਹੀ ਹੈ, ਜੇਕਰ ਦੇਸ਼ ਇਕ ਅੰਗੂਠੀ ਹੈ ਤਾਂ ਪੰਜਾਬ ਉਸ ਵਿਚ ਪਿਆ ਨਗੀਨਾ ਹੈ। ਇਸ ਲਈ ਇਸ ਨਗੀਨੇ ਦੀ ਚਮਕ ਨੂੰ ਫਿੱਕਾ ਪੈਣ ਤੋਂ ਬਚਾਉਣਾ ਹੈ। ਪੰਜਾਬ ਕੇਸਰੀ ਗਰੁੱਪ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਆਪਣੇ ਦੁੱਖ਼ ਨੂੰ ਵੇਖੇ ਬਿਨਾਂ ਦੂਜਿਆਂ ਦੇ ਦੁੱਖ਼ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਲੋਕ ਜ਼ਿੰਦਗੀ ਵਿਚ ਪੈਸਾ ਤਾਂ ਬਹੁਤ ਕਮਾਉਂਦੇ ਹਨ ਪਰ ਪ੍ਰਸਿੱਧੀ ਕੋਈ ਵਿਰਲਾ ਹੀ ਕਮਾਉਂਦਾ ਹੈ, ਜਿਸ ਕਰ ਕੇ ਇਸ ਗਰੁੱਪ ਨੇ ਸਹੀ ਅਰਥਾਂ ਵਿਚ ਮਨੁੱਖਤਾ ਦੀ ਸੇਵਾ ਕੀਤੀ ਹੈ।

ਇਹ ਵੀ ਪੜ੍ਹੋ-  ਜਲੰਧਰ 'ਚ ਸ਼ਰਮਨਾਕ ਘਟਨਾ, ਕਲਯੁਗੀ ਮਤਰੇਏ ਪਿਤਾ ਨੇ 8 ਸਾਲਾ ਧੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ

PunjabKesari

ਪੁਰਾਣੇ ਦਿਨਾਂ ਨੂੰ ਯਾਦ ਕਰਕੇ ਅੱਜ ਵੀ ਆ ਜਾਂਦੇ ਨੇ ਅੱਖਾਂ 'ਚੋਂ ਹੰਝੂ
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸੂਬੇ ਵਿਚ ਸ਼ਾਂਤੀ ਹੈ ਪਰ ਪੁਰਾਣੇ ਸਮੇਂ ਨੂੰ ਯਾਦ ਕਰਕੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਇਸ ਦੌਰਾਨ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਹੈ। ਪੰਜਾਬ ਦੀ ਆਰਥਿਕਤਾ ਤਬਾਹ ਹੋ ਗਈ। ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਕਿਹਾ ਕਿ ਰਾਜਨੀਤੀ ਵਿਚ ਅਸੀਂ ਵਿਚਾਰਕ ਵਖਰੇਵਿਆਂ ਕਾਰਨ ਆਪਸ ਵਿਚ ਲੜਦੇ ਹਾਂ ਪਰ ਹੁਣ ਸਾਨੂੰ ਸਾਰਿਆਂ ਨੂੰ ਪੰਜਾਬ ਨੂੰ ਬਿਹਤਰੀ ਵੱਲ ਲਿਜਾਣ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਲੜਨਾ ਪਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਨਾਲ ਉਨ੍ਹਾਂ ਦੇ ਸਬੰਧ ਬਹੁਤ ਪੁਰਾਣੇ ਹਨ। ਜਦੋਂ ਉਹ ਸੰਸਦ ਮੈਂਬਰ ਸਨ ਤਾਂ ਉਸ ਸਮੇਂ ਸੰਸਦ ਵਿਚ ਉਠਾਏ ਜਾਣ ਵਾਲੇ ਮੁੱਦਿਆਂ ਬਾਰੇ ਉਨ੍ਹਾਂ ਨੂੰ ਸ਼੍ਰੀ ਅਵਿਨਾਸ਼ ਚੋਪੜਾ ਸਮੇਂ-ਸਮੇਂ ’ਤੇ ਗਿਆਨ ਦਿੰਦੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਅ ਰਿਹਾ ਹੈ ਅਤੇ ਪਰਿਵਾਰ ਤੋਂ ਪ੍ਰੇਰਨਾ ਲੈ ਕੇ ਲੱਖਾਂ ਲੋਕ ਸਮਾਜ ਸੇਵਾ ਵਿਚ ਲੱਗੇ ਹੋਏ ਹਨ। ਹੁਣ ਪੀੜ੍ਹੀ ਦਰ ਪੀੜ੍ਹੀ ਸੇਵਾ ਦੇ ਕੰਮ ਵਿਚ ਮਦਦ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ- 'ਪੰਜਾਬ ਕੇਸਰੀ' ਸਮੂਹ ਵੱਲੋਂ 118ਵਾਂ ਸ਼ਹੀਦ ਪਰਿਵਾਰ ਫੰਡ ਦਾ ਸਮਾਗਮ ਆਯੋਜਿਤ, CM ਮਾਨ ਨੇ ਕੀਤੀ ਸ਼ਿਰਕਤ

ਸ਼੍ਰੀ ਵਿਜੇ ਚੋਪੜਾ ਜੀ ਦੀ ਕੀਤੀ ਸ਼ਲਾਘਾ 
ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵੱਲੋਂ ਸਾਰੇ ਸਿਆਸਤਦਾਨਾਂ ਨੂੰ ਉਨ੍ਹਾਂ ਦੇ ਰੁਤਬੇ ਅਨੁਸਾਰ ਅਖ਼ਬਾਰਾਂ ਵਿਚ ਥਾਂ ਦਿੱਤੀ ਜਾਂਦੀ ਹੈ। ਸ਼੍ਰੀ ਵਿਜੇ ਚੋਪੜਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਕਿਸੇ ਬਜ਼ੁਰਗ ਵਿਅਕਤੀ ਦਾ ਹੱਥ ਬੱਚਿਆਂ ਦੇ ਸਿਰ ’ਤੇ ਹੁੰਦਾ ਹੈ ਤਾਂ ਉਨ੍ਹਾਂ ਦੀ ਤਾਕਤ ਹੋਰ ਵਧ ਜਾਂਦੀ ਹੈ। ਉਨ੍ਹਾਂ ਅਜੋਕੇ ਸਮੇਂ ਵਿਚ ਮਨੁੱਖਤਾ ਵਿਚ ਆ ਰਹੇ ਨਿਘਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਮਨੁੱਖ ਹੀ ਮਨੁੱਖ ਨੂੰ ਡੰਗ ਮਾਰਨ ਦਾ ਕੰਮ ਕਰ ਰਿਹਾ ਹੈ। ਪਰਿਵਾਰਕ ਮੈਂਬਰ ਇਕ-ਦੂਜੇ ਦੇ ਦੁਸ਼ਮਣ ਬਣ ਗਏ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਪੈਸਾ ਨਾਲ ਜਾਣਾ ਹੈ ਅਤੇ ਨਾ ਹੀ ਜਾਇਦਾਦ। ਜੇਕਰ ਅਸੀਂ ਕਿਸੇ ਹੋਰ ਦੀ ਮਦਦ ਕਰਾਂਗੇ, ਤਾਂ ਉਨ੍ਹਾਂ ਦੀਆਂ ਦੁਆਵਾਂ  ਸਾਡੇ ਨਾਲ ਜ਼ਰੂਰ ਜਾਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਤਿਉਹਾਰ ਵੀ ਵੰਡੇ ਜਾਪਦੇ ਹਨ। ਸਾਨੂੰ ਇਸ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਦੀ ਸਾਂਝ ਨੂੰ ਕਾਇਮ ਰੱਖਣਾ ਪਵੇਗਾ। ਉਨ੍ਹਾਂ ਨੇ ਪੀੜਤਾਂ ਦੀ ਮਦਦ ਨੂੰ ਇਕ ਨੇਕ ਕਾਰਜ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਵੀ ਇਸ ਤੋਂ ਪ੍ਰੇਰਨਾ ਲੈ ਕੇ ਆਪਣੀਆਂ ਨੀਤੀਆਂ ਬਣਾਏਗੀ ਕਿਉਂਕਿ ਲੋਕ ਚੰਗੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਦੇ ਹਨ। ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਉਠਾਏ ਮੁੱਦਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਾਖੜ ਵੱਲੋਂ ਸਾਰੇ ਸਿਆਸਤਦਾਨਾਂ ਨੂੰ ਪੰਜਾਬ ਦੇ ਕੁਝ ਮੁੱਦਿਆਂ ’ਤੇ ਇਕਜੁੱਟ ਹੋਣ ਦਾ ਦਿੱਤਾ ਸੱਦਾ ਢੁੱਕਵਾਂ ਹੈ।

ਸ਼ਹੀਦ ਪਰਿਵਾਰ ਫੰਡ ਦਾ ਪਹਿਲਾ ਸਮਾਗਮ 5 ਮਾਰਚ 1984 ਨੂੰ ਕੀਤਾ ਗਿਆ ਸੀ। ਹੁਣ ਤੱਕ ਸਮਾਗਮ 118 ਸਮਾਗਮ ਹੋ ਚੁੱਕੇ ਹਨ। ਇਸ ਦੇ ਨਾਲ ਹੀ ਪੀੜਤ ਪਰਿਵਾਰਾਂ ਨੂੰ ਹੁਣ ਤੱਕ 18,80,81,900 ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News