ਪੰਜਾਬ ਦੀਆਂ 13 ਸੀਟਾਂ ਜਿਤਾਉਣ ਲੋਕ, MP ਕੇਂਦਰ ਸਰਕਾਰ ਨੂੰ ਸੂਬੇ ਦੇ ਫੰਡ ’ਤੇ ਰੋਕ ਨਹੀਂ ਲਗਾਉਣ ਦੇਣਗੇ: ਭਗਵੰਤ ਮਾਨ
Sunday, Mar 03, 2024 - 10:52 AM (IST)
ਜਲੰਧਰ/ਚੰਡੀਗੜ੍ਹ (ਧਵਨ, ਅਸ਼ਵਨੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੇ ਸੂਬੇ ਦੇ ਸਿਹਤ ਸੰਭਾਲ ਖੇਤਰ ਵਿਚ ਕ੍ਰਾਂਤੀ ਲਿਆ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਦਿੱਲੀ ਵਾਂਗ ਪੰਜਾਬ ਲਈ ਵੀ ਕੇਂਦਰ ਵੱਲੋਂ ਫੰਡ ਰੋਕ ਦਿੱਤੇ ਗਏ ਹਨ ਪਰ ਫਿਰ ਵੀ ਸੂਬਾ ਸਰਕਾਰ ਆਮ ਲੋਕਾਂ ਦੀ ਭਲਾਈ ਲਈ ਅਣਥੱਕ ਯਤਨ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕ ਸਭਾ ਜ਼ਿਮਨੀ ਚੋਣਾਂ ਦੌਰਾਨ ਜਲੰਧਰ ਦੇ ਲੋਕਾਂ ਨੇ ਸਾਡੇ ਹੱਕ ਵਿਚ ਵੱਡਾ ਫਤਵਾ ਦਿੱਤਾ ਸੀ ਅਤੇ ਇਸ ਤੋਂ ਬਾਅਦ ਜ਼ਿਲ੍ਹੇ ਵਿਚ 283 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਚੁੱਕੇ ਹਨ। ਸੂਬੇ ਦੀਆਂ ਸਾਰੀਆਂ 13 ਸੀਟਾਂ ਜਿੱਤਣ ਤੋਂ ਬਾਅਦ ਸੂਬੇ ਦੇ ਸੰਸਦ ਮੈਂਬਰ ਕੇਂਦਰ ਸਰਕਾਰ ਨੂੰ ਕਿਸੇ ਵੀ ਫੰਡ ’ਤੇ ਰੋਕ ਨਹੀਂ ਲਗਾਉਣ ਦੇਣਗੇ।
ਮੁੱਖ ਮੰਤਰੀ ਨੇ ਆਰ. ਡੀ. ਐੱਫ਼. ਅਤੇ ਐੱਨ. ਐੱਚ. ਐੱਮ. ਤਹਿਤ ਫੰਡ ਰੋਕਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਕੇਂਦਰ ਸਰਕਾਰ ਵੱਲੋਂ 8000 ਕਰੋੜ ਰੁਪਏ ਤੋਂ ਵੱਧ ਦੇ ਫੰਡ ਗਲਤ ਤਰੀਕੇ ਨਾਲ ਰੋਕ ਲਏ ਗਏ ਹਨ, ਜੋਕਿ ਸੂਬੇ ਨਾਲ ਸਰਾਸਰ ਬੇਇਨਸਾਫ਼ੀ ਹੈ। ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਹਰਾ ਕੇ ਸਬਕ ਸਿਖਾਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ ਵਿਚ ਅਤਿ-ਆਧੁਨਿਕ ਮਾਰਗ ’ਤੇ ਸਥਾਪਿਤ ਸਕੂਲ ਆਫ਼ ਐਮੀਨੈਂਸ ਐਤਵਾਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਦੀ ਦਸਤਕ ਦੇ ਨਾਲ ਹੀ ਮਹਾਦੇਵ ਐਪ ਸਕੈਮ ’ਚ ਸ਼ਾਮਲ ਲੋਕਾਂ ਖਿਲਾਫ ਤੇਜ਼ ਹੋਈ ਜਾਂਚ
ਅਕਾਲੀ ਦਲ ਅਤੇ ਭਾਜਪਾ ਦਰਮਿਆਨ ਪ੍ਰਸਤਾਵਿਤ ਗਠਜੋੜ ਬਾਰੇ ਟਿੱਪਣੀ ਕਰਨ ਲਈ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਪਾਰਟੀਆਂ ਕਦੇ ਵੀ ਇਕ-ਦੂਜੇ ਤੋਂ ਵੱਖ ਨਹੀਂ ਹੋਈਆਂ ਸਗੋਂ ਪਹਿਲਾਂ ਹੀ ਘਿਓ ਖਿਚੜੀ ਹਨ। ਉਨ੍ਹਾਂ ਅਕਾਲੀਆਂ ਨੂੰ ਇਹ ਦੱਸਣ ਦੀ ਚੁਣੌਤੀ ਦਿੱਤੀ ਕਿ ਉਹ ਕਿਸ ਮੂੰਹ ਨਾਲ ਭਾਜਪਾ ਨਾਲ ਹੱਥ ਮਿਲਾ ਰਹੇ ਹਨ, ਜਿਨ੍ਹਾਂ ਦੇ ਹੱਥ ਬੇਕਸੂਰ ਕਿਸਾਨਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਮਸਲੇ ਅਜੇ ਵੀ ਅਣਸੁਲਝੇ ਹਨ ਅਤੇ ਇਸੇ ਤਰ੍ਹਾਂ ਸੂਬੇ ਨਾਲ ਸਬੰਧਤ ਮਸਲਿਆਂ ਦਾ ਵੀ ਕੁਝ ਨਹੀਂ ਬਣਿਆ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਬਾਰਿਸ਼ ਨਾਲ ਹੋਈ ਗੜ੍ਹੇਮਾਰੀ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8