CM ਮਾਨ ਨੇ ਦੱਸਿਆ ਅਰਬੀ ਘੋੜਿਆਂ ਦਾ ਪਤਾ, ਮਜੀਠੀਆ ਨੂੰ ਦਿੱਤਾ ਸੀ ਅਲਟੀਮੇਟਮ

12/07/2023 8:08:15 PM

ਜਲੰਧਰ/ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਰ ਤੋਂ ਅਰਬੀ ਘੋੜਿਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਘੇਰਿਆ ਹੈ। ਮੁੱਖ ਮੰਤਰੀ ਮਾਨ ਨੇ ਮਜੀਠੀਆ ਦੇ ਪੁਰਖਿਆਂ ਨਾਲ ਜੋੜੀ ਗਈ ਅਰਬੀ ਘੋੜਿਆਂ ਦੀ ਕਹਾਣੀ ਬਾਰੇ ਅੱਜ ਦਾਅਵਾ ਕਰਦੇ ਹੋਏ ਇਨ੍ਹਾਂ ਦੇ ਟਿਕਾਣੇ ਬਾਰੇ ਵੀ ਦੱਸਿਆ। ਮੁੱਖ ਮੰਤਰੀ ਨੇ ਦੱਸਿਆ ਹੈ ਕਿ ਕਾਫ਼ੀ ਗੱਲਾਂ ਤਾਂ ਮਜੀਠੀਆ ਮੰਨ ਹੀ ਗਏ। ਘੋੜੇ ਕਿਥੇ ਹਨ, ਦੇ ਸਵਾਲ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਦੱਸਿਆ ਇਸ ਸਮੇਂ ਘੋੜੇ ਨੇਪਾਲ ਸਰਹੱਦ ਨੇੜੇ ਗੋਰਖਪੁਰ ਵਾਲੇ ਫਾਰਮ ਵਿਚ ਹਨ। ਦੱਸ ਦਈਏ ਕਿ ਮੁੱਖ ਮੰਤਰੀ ਨੇ ਅਰਬੀ ਘੋੜਿਆਂ ਦਾ ਪਤਾ ਦੱਸਣ ਲਈ ਮਜੀਠੀਆ ਨੂੰ 5 ਦਸੰਬਰ ਤੱਕ ਦਾ ਸਮਾਂ ਦਿੱਤਾ ਸੀ।

ਮੁੱਖ ਮੰਤਰੀ ਨੇ ਮਜੀਠੀਆ ਦੇ ਪੁਰਖਿਆਂ ’ਤੇ ਲਗਾਇਆ ਸੀ ਅਰਬੀ ਘੋੜਾ ਚੋਰੀ ਕਰਨ ਦਾ ਦੋਸ਼
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਪੁਰਖਿਆਂ ਦੇ ਪੰਜਾਬ ਅਤੇ ਸਿੱਖ ਵਿਰੋਧੀ ਕਿਰਦਾਰ ਦਾ ਖ਼ੁਲਾਸਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਬਿਕਰਮ ਮਜੀਠੀਆ ਦੇ ਪੁਰਖਿਆਂ ਦੀ ਲਾਲਸਾ ਅਤੇ ਨਿੱਜਵਾਦ ਨੇ ਸਿੱਖਾਂ ਦੇ ਮੱਥੇ ’ਤੇ ਘੋੜਾ ਚੋਰ ਦਾ ਕਲੰਕ ਲਾਇਆ ਹੈ, ਜਿਸ ਕਰਕੇ ਇਹ ਮੁਆਫ਼ੀ ਦੇ ਵੀ ਲਾਇਕ ਨਹੀਂ ਹਨ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਚਕਨਾਚੂਰ ਹੋਈ ਟਰੈਕਟਰ-ਟਰਾਲੀ, ਦੋ ਵਿਅਕਤੀਆਂ ਦੀ ਦਰਦਨਾਕ ਮੌਤ

ਚੰਡੀਗੜ੍ਹ ਦੇ ਮਿਊਂਸਿਪਲ ਭਵਨ ਵਿਖੇ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਆਖਿਆ ਸੀ ਕਿ ਸਾਲ 1957 ਵਿਚ ਭਾਰਤ ਵਿਚ ਚੋਣਾਂ ਹੋਈਆਂ ਤਾਂ ਉਸ ਮੌਕੇ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਦੀ ਅਗਵਾਈ ਵਿਚ ਇਕ ਵਫ਼ਦ ਅਰਬ ਮੁਲਕਾਂ ਦੇ ਦੌਰੇ ’ਤੇ ਗਿਆ ਸੀ। ਇਸ ਵਫ਼ਦ ਵਿਚ ਬਿਕਰਮ ਸਿੰਘ ਮਜੀਠੀਆ ਦੇ ਪੁਰਖਿਆਂ ਵਿਚੋਂ ਤਤਕਾਲੀ ਉਪ ਰੱਖਿਆ ਮੰਤਰੀ ਸੁਰਜੀਤ ਸਿੰਘ ਮਜੀਠੀਆ ਵੀ ਸ਼ਾਮਲ ਸਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਅਰਬ ਮੁਲਕ ਦੇ ਇਕ ਰਾਜੇ ਨੇ ਭਾਰਤੀ ਫ਼ੌਜ ਲਈ ਯਾਦ ਵਜੋਂ ਅਰਬੀ ਨਸਲ ਦੇ ਸ਼ਾਨਦਾਰ ਘੋੜੇ ਤੋਹਫ਼ੇ ਵਿਚ ਦਿੱਤੇ ਸਨ। ਇਹ ਘੋੜੇ ਸਿਖਲਾਈ ਲਈ ਫ਼ੌਜ ਦੇ ਸਿਖਲਾਈ ਕੇਂਦਰ ਮੇਰਠ ਭੇਜੇ ਜਾਣੇ ਸਨ, ਜਿੱਥੇ ਫ਼ੌਜ ਵਿਚ ਸ਼ਾਮਲ ਜਾਨਵਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਦੋ ਮਹੀਨੇ ਬਾਅਦ ਅਰਬੀ ਰਾਜੇ ਨੇ ਘੋੜਿਆਂ ਦੀ ਹਾਲਤ ਬਾਰੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਹ ਘੋੜੇ ਮੇਰਠ ਵਿਚ ਪੁੱਜੇ ਹੀ ਨਹੀਂ ਸਨ। ਇਸ ਤੋਂ ਬਾਅਦ ਰਾਜੇ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਕੋਲ ਨਾਰਾਜ਼ਗੀ ਜ਼ਾਹਰ ਕੀਤੀ ਸੀ।

ਮੁੱਖ ਮੰਤਰੀ ਨੇ ਦੱਸਿਆ ਸੀ ਕਿ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਨਹਿਰੂ ਨੇ ਤੁਰੰਤ ਸੁਰਜੀਤ ਸਿੰਘ ਮਜੀਠੀਆ ਦਾ ਅਸਤੀਫ਼ਾ ਲੈ ਲਿਆ ਸੀ। ਮੁੱਖ ਮੰਤਰੀ ਨੇ ਕਿਹਾ ਸੀ ਇਸ ਘਟਨਾ ਨੇ ਸਿੱਖਾਂ ਦੇ ਸੱਚੇ-ਸੁੱਚੇ ਕਿਰਦਾਰ ’ਤੇ ਸਵਾਲ ਖੜ੍ਹੇ ਕੀਤੇ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਵੀ ਜਦੋਂ ਕੋਈ ਦਸਤਾਰਧਾਰੀ ਸਿੱਖ ਮੇਰਠ ਦੇ ਸਿਖਲਾਈ ਕੇਂਦਰ ਵਿਚ ਜਾਂਦਾ ਹੈ ਤਾਂ ਉਸ ਨੂੰ ਘੋੜਾ ਚੋਰ ਦੇ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ।  ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਸੀ ਕਿ ਬਰਤਾਨਵੀ ਹਕੂਮਤ ਦਾ ਪਾਣੀ ਭਰਨ ਵਾਲੇ ਮਜੀਠੀਆ ਖ਼ਾਨਦਾਨ ਨੂੰ ਅੰਗਰੇਜ਼ਾਂ ਨੇ ਸਰ ਦੀ ਉਪਾਧੀ ਨਾਲ ਨਿਵਾਜਿਆ ਸੀ ਅਤੇ ਇਹ ਉਪਾਧੀ ਅੰਗਰੇਜ਼ ਆਪਣੇ ਪਿੱਠੂਆਂ ਨੂੰ ਦਿੰਦੇ ਸਨ।

ਇਹ ਵੀ ਪੜ੍ਹੋ : ਗੜ੍ਹਸ਼ੰਕਰ ਵਿਖੇ ਬੱਸ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਦੋ ਸਕੇ ਭਰਾਵਾਂ ਸਣੇ 3 ਦੀ ਮੌਤ

ਮੁੱਖ ਮੰਤਰੀ ਨੇ ਕਿਹਾ ਸੀ ਕਿ ਮਜੀਠੀਆ ਖ਼ਾਨਦਾਨ ਨੇ 13 ਅਪ੍ਰੈਲ, 1919 ਨੂੰ ਵਾਪਰੇ ਜੱਲ੍ਹਿਆਵਾਲਾ ਬਾਗ ਦੇ ਕਤਲੇਆਮ ਵਾਲੇ ਦਿਨ ਤੋਂ ਅਗਲੇ ਦਿਨ ਇਸ ਕਤਲੇਆਮ ਦੇ ਦੋਸ਼ੀ ਜਨਰਲ ਡਾਇਰ ਨੂੰ ਖਾਣਾ ਪਰੋਸਿਆ, ਜਿਸ ਤੋਂ ਇਨ੍ਹਾਂ ਦੀ ਘਟੀਆ ਜ਼ਹਿਨੀਅਤ ਦਾ ਪਤਾ ਲਗਦਾ ਹੈ। ਇੱਥੇ ਹੀ ਬੱਸ ਨਹੀਂ, ਜਨਰਲ ਡਾਇਰ ਨੂੰ ਸਿਰੋਪਾਓ ਵੀ ਦਿਵਾਇਆ ਗਿਆ ਅਤੇ ਮੁਆਫ਼ੀ ਵੀ ਦਿਵਾਈ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਹੈਰਾਨੀ ਦੀ ਗੱਲ ਹੈ ਕਿ ਸਿਰੋਪਾਓ ਦੇਣ ਵਾਲੇ ਜਥੇਦਾਰ ਅਰੂੜ ਸਿੰਘ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਮਾਨ ਦੇ ਨਾਨਾ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਇਤਿਹਾਸ ਕਦੇ ਮਿਟਾਇਆ ਨਹੀਂ ਜਾ ਸਕਦਾ, ਮਜੀਠੀਆ ਦੇ ਪੁਰਖਿਆਂ ਦੇ ਕਿਰਦਾਰ ਇਤਿਹਾਸ ਦੇ ਪੰਨਿਆਂ ਵਿਚ ਦਰਜ ਹਨ। ਸ਼੍ਰੋਮਣੀ ਅਕਾਲੀ ਦਲ ਦੀ ਤਰਸਯੋਗ ਸਥਿਤੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਾਰਟੀ ਦਾ ਬੇੜਾ ਹੁਣ ਡੁੱਬ ਚੁੱਕਾ ਹੈ ਅਤੇ ਹਾਲਤ ਇਹ ਬਣੀ ਹੋਈ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੇ ਹਰਸਿਮਰਤ ਬਾਦਲ ਦੀ ਸੁਰ ਵੀ ਆਪਸ ਵਿਚ ਨਹੀਂ ਮਿਲਦੀ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ Weather
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

 


shivani attri

Content Editor

Related News