ਜਲੰਧਰ ਵੈਸਟ ਹਲਕੇ ’ਚ ‘ਆਪ’ ਨੇ ਜ਼ਬਰਦਸਤ ਵਾਪਸੀ ਨਾਲ ਛੱਡੀ ਵੱਡੀ ਛਾਪ, ਜਿੱਤ ਨਾਲ CM ਮਾਨ ਦਾ ਵਧਿਆ ਕੱਦ

Tuesday, Jul 16, 2024 - 06:35 PM (IST)

ਜਲੰਧਰ ਵੈਸਟ ਹਲਕੇ ’ਚ ‘ਆਪ’ ਨੇ ਜ਼ਬਰਦਸਤ ਵਾਪਸੀ ਨਾਲ ਛੱਡੀ ਵੱਡੀ ਛਾਪ, ਜਿੱਤ ਨਾਲ CM ਮਾਨ ਦਾ ਵਧਿਆ ਕੱਦ

ਜਲੰਧਰ/ਚੰਡੀਗੜ੍ਹ (ਹਰੀਸ਼ ਚੰਦਰ)- ਪਿਛਲੀਆਂ ਕੁਝ ਚੋਣਾਂ ’ਚ ਲਗਾਤਾਰ ਰੰਗ ਬਦਲਦੀ ਰਹੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਸਿਆਸਤ ’ਚ ਕਦੇ ਆਮ ਆਦਮੀ ਪਾਰਟੀ ਅਤੇ ਕਦੇ ਕਾਂਗਰਸ ਆਪਣੀ ਬੜ੍ਹਤ ਬਣਾਉਂਦੀ ਵਿਖਾਈ ਦਿੱਤੀ। ਹਾਲਾਂਕਿ ਇਸ ਸਭ ਦਰਮਿਆਨ ਭਾਜਪਾ ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਉਣ ਦੀ ਕੋਸ਼ਿਸ਼ ਹਰ ਚੋਣ ’ਚ ਕੀਤੀ ਪਰ ਆਮ ਆਦਮੀ ਪਾਰਟੀ ਨੇ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ਤੋਂ ਮਹਿਜ਼ 1 ਮਹੀਨਾ 10 ਦਿਨ ਬਾਅਦ ਜਿਸ ਤਰ੍ਹਾਂ ਉਲਟਫੇਰ ਕਰਦਿਆਂ ਤੀਜੇ ਨੰਬਰ ਤੋਂ ਉੱਠ ਕੇ ਪਹਿਲੇ ਨੰਬਰ ’ਤੇ ਆ ਕੇ ਬਾਜ਼ੀ ਮਾਰੀ ਹੈ, ਉਸ ਤੋਂ ਹਰ ਕੋਈ ਹੈਰਾਨ ਹੈ। ਜ਼ਿਮਨੀ ਚੋਣ ਦੀ ਸ਼ੁਰੂਆਤ ’ਚ ਚਰਚਾ ਸੀ ਕਿ ਲੋਕ ਸਭਾ ਚੋਣਾਂ ’ਚ ਇੰਨੇ ਵੱਡੇ ਪੱਧਰ ’ਤੇ ਵੋਟ ਬੈਂਕ ਖਿਸਕਣ ਮਗਰੋਂ ਹੁਣ ‘ਆਪ’ ਇਥੇ ਕੀ ਗੁਲ ਖਿਲਾਏਗੀ ਪਰ ਪਾਰਟੀ ਨੇ ਅਜਿਹਾ ਗੁਲ ਖਿਲਾਇਆ ਕਿ ਸਾਰੀਆਂ ਵਿਰੋਧੀ ਪਾਰਟੀਆਂ ਦੀ ਬੱਤੀ ਗੁੱਲ ਕਰ ਦਿੱਤੀ।

ਲੋਕ ਸਭਾ ਚੋਣਾਂ ’ਚ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮਿਲੀ ਅਣਕਿਆਸੀ ਹਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤਰ੍ਹਾਂ ਜ਼ੋਰਦਾਰ ਚੋਣ ਪ੍ਰਚਾਰ ਕਰਕੇ ਪਾਰਟੀ ਦੀ ਵਾਪਸੀ ਕਰਵਾਈ ਹੈ, ਉਸ ਨਾਲ ਉਨ੍ਹਾਂ ਦਾ ਕੱਦ ਯਕੀਨੀ ਤੌਰ ’ਤੇ ਵਧਿਆ ਹੈ। ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ’ਚ ਸਿਰਫ਼ 15,629 ਵੋਟਾਂ ਨਾਲ ਤੀਜੇ ਸਥਾਨ ’ਤੇ ਹੀ ਸਬਰ ਕਰਨਾ ਪਿਆ ਸੀ। ਇਸ ਤੋਂ ਠੀਕ 40 ਦਿਨਾਂ ਬਾਅਦ ਹੋਈ ਜ਼ਿਮਨੀ ਚੋਣ ’ਚ ਮੁੱਖ ਮੰਤਰੀ ਨੇ ਅੱਗੇ ਆ ਕੇ ਕਮਾਂਡ ਸੰਭਾਲੀ। ਵਰਕਰਾਂ ਦਾ ਮਨੋਬਲ ਵਧਾ ਕੇ ਉਨ੍ਹਾਂ ਨੂੰ ਇਕਜੁੱਟ ਕੀਤਾ ਅਤੇ ਸੁਚੱਜੇ ਢੰਗ ਨਾਲ ਚੋਣ ਪ੍ਰਚਾਰ ਕਰਕੇ ਪਾਰਟੀ ਦੀਆਂ ਵੋਟਾਂ 15,629 ਤੋਂ ਵਧਾ ਕੇ 55,246 ਕਰਨ ’ਚ ਕਾਮਯਾਬ ਰਹੇ।

ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ 'ਚ ਤੂਫ਼ਾਨ ਤੇ ਭਾਰੀ ਬਾਰਿਸ਼ ਦਾ 'ਯੈਲੋ ਅਲਰਟ', ਜਾਣੋ ਅਗਲੇ ਦਿਨਾਂ ਦਾ ਹਾਲ

ਇਸ ਜਿੱਤ ਤੋਂ ਬਾਅਦ ਮੁੱਖ ਮੰਤਰੀ ਦੇ ਰਣਨੀਤਕ ਹੁਨਰ ਦੀ ਚਰਚਾ ਦੂਜੀਆਂ ਪਾਰਟੀਆਂ ’ਚ ਵੀ ਹੋਣ ਲੱਗੀ ਹੈ। ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਦਿੱਗਜਾਂ ਨੇ ਇਸ ਜ਼ਿਮਨੀ ਚੋਣ ਲਈ ਪੂਰੇ ਲਾਮ-ਲਸ਼ਕਰ ਸਮੇਤ ਜਲੰਧਰ ’ਚ ਡੇਰੇ ਲਾਏ ਹੋਏ ਸਨ ਪਰ ਜਿੱਤ ਦਾ ਸਵਾਦ ਮਾਨ ਨੇ ਚੱਖਿਆ। ਜ਼ਾਹਿਰ ਹੈ ਕਿ 40 ਦਿਨਾਂ ’ਚ 40 ਹਜ਼ਾਰ ਦੇ ਕਰੀਬ ਵੋਟਾਂ ਵਧਾਉਣਾ ਕੋਈ ਸੌਖਾ ਕੰਮ ਤਾਂ ਨਹੀਂ ਸੀ, ਇਸ ਪਿੱਛੇ ਮੁੱਖ ਮੰਤਰੀ ਨੇ ਚੋਣਾਂ ਦੀ ਬਿਸਾਤ ’ਤੇ ਪੂਰੀ ਸੂਝ-ਬੂਝ ਨਾਲ ਚੱਲੀ ਗਈ ਹਰ ਚਾਲ ਨੇ ਕੰਮ ਕੀਤਾ ਸੀ।

ਕਾਂਗਰਸ ਨੂੰ ਲੈ ਡੁੱਬੀ ਧੜੇਬੰਦੀ
ਕਾਂਗਰਸ ਨੇ ਲੋਕ ਸਭਾ ਚੋਣਾਂ ’ਚ ਜਲੰਧਰ ਸੀਟ ਜਿੱਤੀ ਸੀ, ਜਿਸ ’ਚ ਜਲੰਧਰ ਪੱਛਮੀ ਹਲਕੇ ’ਚ ਉਸ ਨੂੰ ਕਰੀਬ ਡੇਢ ਹਜ਼ਾਰ ਦੀ ਬੜ੍ਹਤ ਮਿਲੀ ਸੀ। ਲੋਕ ਸਭਾ ਚੋਣਾਂ ’ਚ 44,394 ਵੋਟਾਂ ਹਾਸਲ ਕਰਨ ਵਾਲੀ ਕਾਂਗਰਸ ਇਸ ਜ਼ਿਮਨੀ ਚੋਣ ’ਚ ਸਿਰਫ਼ 16,757 ਵੋਟਾਂ ਹੀ ਹਾਸਲ ਕਰ ਸਕੀ ਅਤੇ ਤੀਜੇ ਨੰਬਰ ’ਤੇ ਰਹੀ। ਸਥਾਨਕ ਆਗੂ ਆਪਣੀਆਂ ਅੰਦਰੂਨੀ ਮੀਟਿੰਗਾਂ ਦੌਰਾਨ ਕਹਿ ਰਹੇ ਹਨ ਕਿ ਜ਼ਿਮਨੀ ਚੋਣ ਜਿੱਤਣ ਦੀ ਵੱਡੀ ਜ਼ਿੰਮੇਵਾਰੀ ਸਥਾਨਕ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਸੀ। ਹੁਣ ਇਸ ਹਾਰ ਦਾ ਦੋਸ਼ ਚੰਨੀ ’ਤੇ ਮੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਾਰਟੀ ਦੇ ਹੋਰ ਸੀਨੀਅਰ ਆਗੂ ਭਾਵੇਂ ਚੋਣ ਪ੍ਰਚਾਰ ਦੌਰਾਨ ਜਲੰਧਰ ’ਚ ਹੀ ਡਟੇ ਰਹੇ ਪਰ ਉਨ੍ਹਾਂ ਦੀ ਖਿੱਚੋਤਾਣ ਜਗ ਜ਼ਾਹਰ ਸੀ। ਚੋਣਾਂ ਦੌਰਾਨ ਹੀ ਪਾਰਟੀ ਅੰਦਰ ਧੜੇਬੰਦੀ ਦਾ ਪਰਦਾਫ਼ਾਸ਼ ਹੋ ਗਿਆ ਸੀ ਕਿਉਂਕਿ ਹਰ ਸੀਨੀਅਰ ਆਗੂ ਆਪੋ-ਆਪਣੇ ਪੱਧਰ ’ਤੇ ਸਾਥੀ ਆਗੂਆਂ ਨਾਲ ਚੋਣ ਪ੍ਰਚਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ- 40 ਦਿਨਾਂ ’ਚ ਨਿਕਲੀ ਚੰਨੀ ਲਹਿਰ ਦੀ ਹਵਾ, ਜਲੰਧਰ ਜ਼ਿਮਨੀ ਚੋਣ ਨਤੀਜਿਆਂ ’ਚ ਕਾਂਗਰਸ ਮੂਧੇ-ਮੂੰਹ ਡਿੱਗੀ

ਪਾਲਾ ਬਦਲਣ ਕਾਰਨ ਰਹੀ ਨਾਰਾਜ਼ਗੀ
ਭਾਜਪਾ ਲੋਕ ਸਭਾ ਚੋਣਾਂ ਵਾਂਗ ਇਸ ਜ਼ਿਮਨੀ ਚੋਣ ’ਚ ਵੀ ਦੂਜੇ ਨੰਬਰ ’ਤੇ ਰਹੀ ਪਰ ਇਨ੍ਹਾਂ ਦੋਵਾਂ ਚੋਣਾਂ ਵਿਚਕਾਰ ਉਸ ਦੀਆਂ ਕਰੀਬ 24,000 ਵੋਟਾਂ ਘਟ ਗਈਆਂ। ਇਸ ਦਾ ਮੁੱਖ ਕਾਰਨ ਪਾਰਟੀ ਉਮੀਦਵਾਰ ਸ਼ੀਤਲ ਅੰਗੂਰਾਲ ਵੱਲੋਂ ਪਾਲਾ ਬਦਲਣ ਕਾਰਨ ਉਨ੍ਹਾਂ ਪ੍ਰਤੀ ਪੈਦਾ ਹੋਈ ਨਾਰਾਜ਼ਗੀ ਸੀ। ਇਸ ਤੋਂ ਇਲਾਵਾ ਸਥਾਨਕ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ‘ਆਪ’’ਚ ਸ਼ਾਮਲ ਹੋ ਕੇ ਭਾਜਪਾ ਦੀ ਜਿੱਤ ’ਚ ਅੜਿੱਕੇ ਪੈਦਾ ਕਰ ਦਿੱਤੇ। ਕਿਹਾ ਤਾਂ ਇਥੋਂ ਤੱਕ ਜਾ ਰਿਹਾ ਹੈ ਕਿ ਪਾਰਟੀ ਦੇ ਕਈ ਸਥਾਨਕ ਸੀਨੀਅਰ ਆਗੂਆਂ ਨੇ ਜਾਂ ਤਾਂ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਰੱਖੀ ਜਾਂ ਫਿਰ ਅੰਦਰ ਖਾਤੇ ‘ਆਪ’ਦੀ ਮਦਦ ਕੀਤੀ ਸੀ। ਸੂਬਾਈ ਲੀਡਰਸ਼ਿਪ ਨੇ ਆਪਣੇ ਵੱਲੋਂ ਪੁਰਜ਼ੋਰ ਕੋਸ਼ਿਸ਼ ਕਰਕੇ ਪਾਰਟੀ ਨੂੰ ਮੁਕਾਬਲੇ ’ਚ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਦਿਆਂ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲੀ ਸੀ ਪਰ ਕਿਸੇ ਵੀ ਕੇਂਦਰੀ ਆਗੂ ਦੇ ਚੋਣ ਪ੍ਰਚਾਰ ਲਈ ਨਾ ਪਹੁੰਚਣ ਦਾ ਖ਼ਮਿਆਜ਼ਾ ਉਸ ਨੂੰ ਭੁਗਤਣਾ ਪਿਆ ਹੈ।

ਅਕਾਲੀ ਦਲ ਨਹੀਂ ਬਣਾ ਸਕਿਆ ਦਬਦਬਾ
ਪੰਜਾਬ ਦੀ ਸਿਆਸਤ ’ਚ ਆਪਣੀ ਹੋਂਦ ਦੀ ਲੜਾਈ ਲੜ ਰਹੇ ਅਕਾਲੀ ਦਲ ਲਈ ਇਹ ਚੋਣ ਨਤੀਜੇ ਕਿਸੇ ਕੌੜੀ ਯਾਦ ਤੋਂ ਘੱਟ ਨਹੀਂ ਹਨ, ਜਿਸ ਨੂੰ ਉਹ ਕਦੇ ਯਾਦ ਨਹੀਂ ਕਰਨਾ ਚਾਹੇਗਾ। ਵੈਸੇ ਤਾਂ ਪਿਛਲੇ ਕਰੀਬ 30 ਸਾਲਾਂ ਤੋਂ ਅਕਾਲੀ ਦਲ ਦਾ ਕਦੇ ਇਸ ਹਲਕੇ ’ਚ ਕੋਈ ਖ਼ਾਸ ਲੋਕ ਆਧਾਰ ਨਹੀਂ ਰਿਹਾ ਹੈ। ਭਾਜਪਾ ਤੋਂ ਵੱਖ ਹੋ ਕੇ ਪਹਿਲੀ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਅਕਾਲੀ-ਬਸਪਾ ਉਮੀਦਵਾਰ ਨੂੰ 4125 ਵੋਟਾਂ ਮਿਲੀਆਂ ਸਨ। ਹਾਲੀਆ ਲੋਕ ਸਭਾ ਚੋਣਾਂ ’ਚ 2623 ਅਤੇ ਇਸ ਜ਼ਿਮਨੀ ਚੋਣ ’ਚ 1242 ਵੋਟਾਂ ਅਕਾਲੀ ਉਮੀਦਵਾਰ ਨੂੰ ਮਿਲੀਆਂ। ਸੂਬੇ ’ਚ ਕਈ ਵਾਰ ਸੱਤਾ ’ਚ ਰਹੀ ਇੰਨੀ ਵੱਡੀ ਖੇਤਰੀ ਪਾਰਟੀ ਨੂੰ ਕਿਸੇ ਵਿਧਾਨ ਸਭਾ ਹਲਕੇ ’ਚ ਮਿਲੀਆਂ ਇਹ ਵੋਟਾਂ ਇਸ ਗੱਲ ਦਾ ਸਪੱਸ਼ਟ ਸੰਕੇਤ ਹਨ ਕਿ ਵੋਟਰ ਉਸ ਨੂੰ ਅਤੇ ਉਸ ਦੀਆਂ ਨੀਤੀਆਂ ਨੂੰ ਨਕਾਰ ਚੁੱਕੇ ਹਨ।

ਇਹ ਵੀ ਪੜ੍ਹੋ- ਕੈਨੇਡਾ ਜਾਣ ਲਈ ਲਾ ਦਿੱਤੇ 22 ਲੱਖ ਰੁਪਏ, ਪਰ ਮਿਲਿਆ ਜਾਅਲੀ ਵੀਜ਼ਾ, ਇੰਝ ਖੁੱਲ੍ਹਿਆ ਏਜੰਟ ਦੀ ਕਰਤੂਤ ਦਾ ਭੇਤ

ਜਲੰਧਰ ਪੱਛਮੀ ਵਿਧਾਨ ਸਭਾ ਹਲਕਾ:-
ਜ਼ਿਮਨੀ ਚੋਣ, 2024
ਆਮ ਆਦਮੀ ਪਾਰਟੀ 55246
ਭਾਜਪਾ 17921
ਕਾਂਗਰਸ 16757
ਅਕਾਲੀ ਦਲ 1242

ਲੋਕ ਸਭਾ ਚੋਣਾਂ, 2024
ਕਾਂਗਰਸ 44394
ਭਾਜਪਾ 42837
ਆਮ ਆਦਮੀ ਪਾਰਟੀ 15629
ਅਕਾਲੀ ਦਲ 2623

ਵਿਧਾਨ ਸਭਾ ਚੋਣਾਂ, 2022
ਆਮ ਆਦਮੀ ਪਾਰਟੀ 39,213
ਕਾਂਗਰਸ 34,960
ਭਾਜਪਾ 33,486
ਅਕਾਲੀ ਦਲ-ਬਸਪਾ 4125

ਵਿਧਾਨ ਸਭਾ ਚੋਣਾਂ, 2017
ਕਾਂਗਰਸ 53,983
ਭਾਜਪਾ 36,649
ਆਮ ਆਦਮੀ ਪਾਰਟੀ 15,364

ਇਹ ਵੀ ਪੜ੍ਹੋ-  ਅਹਿਮ ਖ਼ਬਰ: ਪੰਜਾਬ ਦੇ ਨੌਜਵਾਨਾਂ ਨੂੰ ਮਿਲਣਗੇ 29 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਮੌਕੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News