ਮੁੱਖ ਮੰਤਰੀ ਮਾਨ ਨੇ ਕੈਬਨਿਟ ਮੰਤਰੀ ਵਿਜੇ ਸਿੰਗਲਾ ਨੂੰ ਅਹੁਦੇ ਤੋਂ ਹਟਾਇਆ, ਪੁਲਸ ਨੂੰ ਕੇਸ ਦਰਜ ਕਰਨ ਦੇ ਦਿੱਤੇ ਹੁਕਮ

05/24/2022 10:00:11 PM

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਹੀ ਕੈਬਨਿਟ ਦੇ ਮੰਤਰੀ ਵਿਜੇ ਸਿੰਗਲਾ ਨੂੰ ਜਿਨ੍ਹਾਂ ਕੋਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸੀ ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੀਡੀਓ ਜਾਰੀ ਕਰਕੇ ਦਿੱਤੀ ਹੈ। ਮਾਨ ਨੇ ਕਿਹਾ ਕਿ ਮੇਰੇ ਧਿਆਨ ਵਿਚ ਇਕ ਕੇਸ ਆਇਆ ਹੈ ਕਿ ਮੇਰੀ ਹੀ ਸਰਕਾਰ ਦਾ ਇਕ ਮੰਤਰੀ (ਵਿਜੇ ਸਿੰਗਲਾ) ਹਰ ਟੈਂਡਰ ’ਚੋਂ ਇਕ ਫੀਸਦੀ ਰਿਸ਼ਵਤ ਮੰਗਦਾ ਸੀ, ਇਸ ਕੇਸ ਦਾ ਸਿਰਫ ਮੈਨੂੰ ਹੀ ਪਤਾ ਸੀ ਨਾ ਤਾਂ ਵਿਰੋਧੀ ਇਸ ਬਾਰੇ ਜਾਣਦੇ ਸਨ ਅਤੇ ਨਾ ਹੀ ਮੀਡੀਆ ਨੂੰ ਪਤਾ ਸੀ, ਮੈਂ ਚਾਹੁੰਦਾ ਤਾਂ ਇਸ ਕੇਸ ਨੂੰ ਦੱਬ ਵੀ ਸਕਦਾ ਸੀ ਪਰ ਅਜਿਹਾ ਕਰਕੇ ਮੈਂ ਲੱਖਾਂ ਲੋਕਾਂ ਦਾ ਵਿਸ਼ਵਾਸ ਤੋੜਦਾ। ਉਸ ਮੰਤਰੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਸ ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਪੁਲਸ ਨੂੰ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਮਾਨ ਨੇ ਕਿਹਾ ਕਿ ਵਿਜੇ ਸਿੰਗਲਾ ਨੇ ਖੁਦ ਵੀ ਆਪਣੀ ਗਲਤੀ ਮੰਨੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, ਸੂਬੇ ਵਿਚ ਜਾਰੀ ਕੀਤਾ ਆਰੇਂਜ ਅਲਰਟ

ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੱਚੇ ਦਿਲੋਂ ਇਮਾਨਦਾਰ ਪਾਰਟੀ ਹੈ। ਸਾਡੀ ਸਰਕਾਰ ਇਕ ਇਮਾਨਦਾਰ ਸਰਕਾਰ। ਅਸੀਂ ਇਕ ਰੁਪਏ ਦੀ ਵੀ ਹੇਰਾਫੇਰੀ ਬਰਦਾਸ਼ਤ ਨਹੀਂ ਕਰਾਂਗੇ। ਮਾਨ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਪਿੰਡਾਂ ਵਿਚ ਲੋਕਾਂ ਦੇ ਚਿਹਰਿਆਂ ’ਤੇ ਇਕ ਉਮੀਦ ਨਜ਼ਰ ਆਉਂਦੀ ਸੀ ਕਿ ਲੋਕ ਆਖਦੇ ਸਨ ਕਿ ਸ਼ਾਇਦ ਕੋਈ ਅਜਿਹੀ ਸਰਕਾਰ ਆਵੇਗੀ ਜਿਹੜੀ ਸਾਨੂੰ ਭ੍ਰਿਸ਼ਟਾਚਾਰ ਦੀ ਦਲਦਲ ’ਚੋਂ ਕੱਢੇਗੀ। ਕੇਜਰੀਵਾਲ ਨੇ ਵੀ ਕਿਹਾ ਸੀ ਕਿ ਭਗਵੰਤ ਮੈਂ ਇਕ ਪੈਸੇ ਦੀ ਵੀ ਬੇਈਮਾਨੀ ਅਤੇ ਰਿਸ਼ਵਤ ਖੋਰੀ ਬਰਦਾਸ਼ਤ ਨਹੀਂ ਕਰਾਂਗਾ, ਇਸ ’ਤੇ ਮੈਂ ਉਨ੍ਹਾਂ ਨੂੰ ਵਚਨ ਦਿੱਤਾ ਸੀ, ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਮੁਕਤ ਰਹੇਗੀ। ਭਾਵੇਂ ਕੋਈ ਆਪਣਾ ਹੀ ਹੋਵੇ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ।

ਇਹ ਵੀ ਪੜ੍ਹੋ : ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਅਦਾਲਤ ਨੇ ਸੁਣਾਈ ਤਿੰਨ ਸਾਲ ਦੀ ਸਜ਼ਾ

ਮਾਨ ਨੇ ਕਿਹਾ ਕਿ ਮੰਤਰੀ ਸਿੰਗਲਾ ਹਰ ਟੈਂਡਰ ’ਚੋਂ ਇਕ ਫੀਸਦੀ ਰਿਸ਼ਵਤ ਮੰਗਦੇ ਸਨ। ਇਸ ਲਈ ਉਨ੍ਹਾਂ ’ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਕੈਬਨਿਟ ’ਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਪੁਲਸ ਨੂੰ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਇਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗਾ। ਮੈਂ ਖਟਕੜ ਕਲਾਂ ਵਿਚ ਸਹੁੰ ਚੁੱਕਣ ਦੌਰਾਨ ਇਹੀ ਐਲਾਨ ਕੀਤਾ ਸੀ ਕਿ ਸ਼ਹੀਦ-ਏ-ਆਜ਼ਮ ਦੇ ਸੁਫ਼ਨਿਆਂ ਦਾ ਪੰਜਾਬ ਬਣਾਉਣਾ ਹੈ। ਆਮ ਆਦਮੀ ਪਾਰਟੀ ਵਲੋਂ ਲਿਆ ਗਿਆ ਇਹ ਇਤਿਹਾਸਕ ਫ਼ੈਸਲਾ ਹੈ।

ਇਹ ਵੀ ਪੜ੍ਹੋ :  ...ਜਦੋਂ ਟ੍ਰੈਫਿਕ ਪੁਲਸ ਨੇ ਕੱਟਿਆ ਭਾਜਪਾ ਆਗੂ ਦਾ ਚਾਲਾਨ, ਫਿਰ ਸੜਕ ’ਤੇ ਹੀ ਹੋ ਗਈ ਗਰਮਾ-ਗਰਮੀ (ਵੀਡੀਓ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Gurminder Singh

Content Editor

Related News