ਭਗਵੰਤ ਮਾਨ ਨੇ ਮਿਸ਼ਨ ਪੰਜਾਬ 2022 ਦੀ ਕੀਤੀ ਸ਼ੁਰੂਆਤ, ਕਾਂਗਰਸ ਤੇ ਅਕਾਲੀਆਂ 'ਤੇ ਵਿੱਨ੍ਹੇ ਨਿਸ਼ਾਨੇ
Thursday, Nov 25, 2021 - 11:35 PM (IST)
ਪੱਟੀ (ਸੌਰਭ)- ਮਿਸ਼ਨ ਪੰਜਾਬ 2022 ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਹਲਕਾ ਪੱਟੀ ਦੀ ਮਿੱਟੀ ਨੂੰ ਮੱਥੇ ਲਗਾ ਕੇ ਕੀਤੀ ਗਈ। ਇਸ ਮੌਕੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਪੱਟੀ ਹਲਕੇ ਦੇ ਲੋਕਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਮਿਸ਼ਨ ਪੰਜਾਬ 2022 ਮੁਹਿੰਮ ਤਹਿਤ ਲਾਲਜੀਤ ਸਿੰਘ ਭੁੱਲਰ ਹਲਕਾ ਇੰਚਾਰਜ ਪੱਟੀ ਵੱਲੋਂ ਰੱਖੇ ਮਾਹੀ ਪੈਲੇਸ ਪੱਟੀ ਵਿਖੇ ਇਕ ਵਿਸ਼ਾਲ ਇਕੱਠ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ‘ਆਪ’ ਦੇ ਸੂਬਾ ਪ੍ਰਧਾਨ ਭਗਵਾਨ ਮਾਨ ਨੇ ਕਿਹਾ ਕਿ ਪੱਟੀ ਹਲਕੇ ਅੰਦਰ ‘ਆਪ’ ਦੀ ਸਥਿਤੀ ਸਬੰਧੀ ਆਗੂਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਾਰਿਆਂ ਨੂੰ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ।
ਇਹ ਵੀ ਪੜ੍ਹੋ- ਚੰਨੀ ਕੋਲ ਨਹੀਂ ਕੋਈ ਨੈਤਿਕਤਾ, ਸਿਟੀ ਸੈਂਟਰ ਘਪਲੇ ’ਚ ਉਸ ਨੇ ਮੇਰੇ ਕੋਲ ਕੀਤੀ ਸੀ ਪਹੁੰਚ : ਸੁਖਬੀਰ
ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਪਿਛਲੇ 70 ਸਾਲਾਂ ’ਚ ਇਕ-ਦੂਜੇ ਦੀ ਮਦਦ ਨਾਲ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਅਤੇ ਪੰਜਾਬ ਦੇ ਵਿਕਾਸ ਨੂੰ ਵਿਨਾਸ਼ ਵੱਲ ਧਕਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਤਾਂ ਖੁਦ ਰੇਤ ਮਾਫੀਆ ਦਾ ਸਰਗਣਾ ਹੈ, ਉਨ੍ਹੇ ਕਿੱਥੋਂ ਰੇਤ ਦੇ ਠੇਕੇਦਾਰਾਂ ਖਿਲਾਫ ਕਾਰਵਾਈ ਕਰਨੀ ਹੈ। ਉਨ੍ਹਾਂ ਕਿਹਾ ਕਿ ਚੰਨੀ ਸਿਰਫ ਐਲਾਨ ਕਰਦੇ ਹਨ, ਲਾਗੂ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰਵਾਇਤੀ ਪਾਰਟੀਆਂ ਤੋਂ ਮੁਕਤ ਕਰਵਾਉਣ ਲਈ ‘ਆਪ’ ਦੀ ਸਰਕਾਰ ਬਣਾਉਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਵਧਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ੍ਹ ਰਹੀ ਹੈ, ਇਹ ਹੱਕ ਮੰਗਣ ਵਾਲਿਆਂ ਨੂੰ ਸਿਰਫ ਕੁੱਟਣਾ ਜਾਣਦੀ ਹੈ, ਜਿਸ ਦਾ ਤਾਜ਼ਾ ਸਬੂਤ ਅਧਿਆਪਕਾਂ ’ਤੇ ਹੋਇਆ ਤਸ਼ਦੱਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕਾ ਨਹੀਂ ਕਰ ਰਹੀ। ਅਧਿਆਪਕ ਪਿਛਲੇ ਕਈ ਮਹੀਨਿਆਂ ਤੋਂ ਮੋਹਾਲੀ ’ਚ ਧਰਨੇ ’ਤੇ ਬੈਠੇ ਹਨ ਤੇ ਕੱਲ੍ਹ ਮੁੱਖ ਮੰਤਰੀ ਨੇ ਮਿਲਣ ਦਾ ਸਮਾਂ ਨਹੀਂ ਦਿੱਤਾ ਤਾਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਾ ਪਿਆ, ਜਿਸ ਤੋਂ ਬਾਅਦ ਰਾਤ 12 ਵਜੇ ਮੁਲਾਕਾਤ ਕੀਤੀ ਗਈ ਪਰ ਹੱਲ ਕੁਝ ਨਹੀਂ ਨਿਕਲਿਆ। ਇਸ ਮੌਕੇ ਲਾਲਜੀਤ ਸਿੰਘ ਭੁੱਲਰ ਹਲਕਾ ਇੰਚਾਰਜ ਪੱਟੀ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਹੈ, ਲੋਕ ਸਾਰੀਆਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ- ਗੁਰੂਹਰਸਹਾਏ ਹਲਕੇ ਲਈ 10 ਕਰੋੜ ਮਿਲਣਗੇ, ਪੰਜੇ ਕੇ ਉਤਾੜ ਨੂੰ ਸਬ ਤਹਿਸੀਲ ਬਣਾਇਆ ਜਾਵੇਗਾ: ਚੰਨੀ
ਉਹ ਇਕ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਵਿਚ ਇਕ ਨਵੀਂ ਉਮੀਦ ਅਤੇ ਬਦਲਾਅ ਵੱਲ ਵੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਜੋ ਵੀ ਗਰੰਟੀਆਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕ ‘ਆਪ’ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਨਾਲ ਧੜਾਧੜ ਜੁੜ ਰਹੇ ਹਨ। ਜੋ ਇਸ ਗੱਲ ਦਾ ਸੰਕੇਤ ਹੈ ਕਿ 2022 ’ਚ ਵੱਡਾ ਇਨਕਲਾਬ ਆਵੇਗਾ। ਇਸ ਮੌਕੇ ਸਵਰਨ ਸਿੰਘ ਧੁੰਨ ਹਲਕਾ ਇੰਚਾਰਜ ਖੇਮਕਰਨ, ਡਾ. ਕਸ਼ਮੀਰ ਸਿੰਘ ਸੋਹਲ ਤਰਨਤਾਰਨ ਹਲਕਾ ਇੰਚਾਰਜ, ਬਲਜੀਤ ਸਿੰਘ ਖਹਿਰਾ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿਲਵਾਲ, ਰਣਜੀਤ ਸਿੰਘ ਚੀਮਾ, ਮਨਜਿੰਦਰ ਸਿੰਘ ਲਾਲਪੁਰਾ, ਹਲਕਾ ਇੰਚਾਰਜ ਜ਼ੀਰਾ ਨਰੇਸ਼ ਕਟਾਰੀਆ, ਹਰਪ੍ਰੀਤ ਸਿੰਘ, ਸੁਰਿੰਦਰ ਪਾਲ ਕੌਰ ਭੁੱਲਰ, ਗੁਰਦੇਵ ਸਿੰਘ ਸੰਧੂ ਆਦਿ ਨੇ ਪਾਰਟੀ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।