ਖੇਤੀਬਾੜੀ ਬਿੱਲ ਰੱਦ ਕਰਾਉਣ ਲਈ ਗ੍ਰਾਮ ਸਭਾਵਾਂ ਵਲੋਂ ਪਾਸ ਕੀਤੇ ਮਤੇ 'ਬ੍ਰਹਮ ਅਸਤਰ': ਭਗਵੰਤ ਮਾਨ

Saturday, Oct 03, 2020 - 11:00 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): 'ਆਪ' ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗ੍ਰਾਮ ਸਭਾਵਾਂ ਵਲੋਂ ਪਾਸ ਕੀਤੇ ਮਤਿਆਂ ਨੂੰ 'ਬ੍ਰਹਮ ਅਸਤਰ' ਕਰਾਰ ਦਿੰਦਿਆਂ ਕਿਹਾ ਕਿ ਗ੍ਰਾਮ ਸਭਾਵਾਂ ਹੀ ਹਨ, ਜੋ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਕਿਸਾਨਾਂ ਸਮੇਤ ਦੇਸ਼ ਦੇ ਹਰ ਵਰਗ ਨੂੰ ਬਚਾ ਸਕਦੀਆਂ ਹਨ। ਜੇਕਰ ਕਿਸਾਨ ਬਰਬਾਦ ਹੋ ਗਏ ਤਾਂ ਸਮਝੋ ਦੇਸ਼ ਦਾ ਹਰ ਵਰਗ ਬਰਬਾਦੀ ਦੀ ਕੰਢੇ 'ਤੇ ਪਹੁੰਚ ਜਾਣਗੇ। ਬਰਨਾਲਾ ਦੇ ਪਿੰਡ ਚੰਨਣਵਾਲ ਵਿਖੇ ਬੁਲਾਈ ਗਈ ਗ੍ਰਾਮ ਸਭਾ ਦੀ ਬੈਠਕ 'ਚ ਪਹੁੰਚੇ ਕਿਸਾਨ ਹਿਤੈਸ਼ੀ ਲੋਕਾਂ ਦੀ ਹਾਜ਼ਰੀ 'ਚ ਸਰਬਸੰਮਤੀ ਨਾਲ ਜ਼ਾਲਮ ਸਰਕਾਰਾਂ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਮਤਾ ਵੀ ਪਾਸ ਕੀਤਾ ਗਿਆ। ਇਸ ਮੌਕੇ ਗ੍ਰਾਮ ਸਭਾ ਦੀ ਬੈਠਕ 'ਚ ਵਿਧਾਇਕ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਸਥਾਨਕ ਆਗੂ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਬਹਿਬਲਕਲਾਂ ਗੋਲੀਕਾਂਡ ਸਬੰਧੀ ਇੱਕ ਹੋਰ ਵੱਡਾ ਖੁਲਾਸਾ, ਸੁਮੇਧ ਸੈਣੀ ਨੇ ਉਮਰਾ ਨੰਗਲ ਨੂੰ ਕੀਤੀ ਸੀ ਇਹ ਹਦਾਇਤ

ਭਗਵੰਤ ਮਾਨ ਨੇ ਕਿਹਾ ਕਿ ਗ੍ਰਾਮ ਸਭਾ 'ਚ ਪਿੰਡ ਦਾ ਹਰ ਵੋਟਰ ਜਿਸ ਦੀ ਉਮਰ 18 ਸਾਲ ਤੋਂ ਉੱਪਰ ਹੁੰਦੀ ਹੈ, ਆਪਣੇ ਆਪ ਹੀ ਇਸ ਦਾ ਮੈਂਬਰ ਨਾਮਜ਼ਦ ਹੋ ਜਾਂਦਾ ਹੈ। ਇਸ ਪਿੱਛੋਂ ਕਿਸੇ ਵੀ ਮੁੱਦੇ 'ਤੇ ਵੋਟਿੰਗ ਕਰਵਾਈ ਜਾਂਦੀ ਹੈ ਅਤੇ ਨਤੀਜਾ ਕੱਢਿਆ ਜਾਂਦਾ ਹੈ ਅਤੇ ਇਸ ਸਾਰੀ ਪ੍ਰਕਿਰਿਆ ਨੂੰ ਪੰਚਾਇਤ ਦੇ ਕਾਰਵਾਈ ਰਜਿਸਟਰ 'ਚ ਲਿਖਿਆ ਜਾਂਦਾ ਹੈ, ਜੋ ਇਕ ਕਾਨੂੰਨੀ ਦਸਤਾਵੇਜ਼ ਬਣ ਜਾਂਦਾ ਹੈ ਅਤੇ ਮਾਣਯੋਗ ਸੁਪਰੀਮ ਕੋਰਟ ਤੱਕ ਇਹ ਦਸਤਾਵੇਜ਼ ਪ੍ਰਵਾਨ ਹੁੰਦਾ ਹੈ, ਕਿਉਂਕਿ ਇਹ ਸਿੱਧੇ ਤੌਰ 'ਤੇ ਲੋਕਾਂ ਦੀ ਰਾਇ ਹੁੰਦੀ ਹੈ।

ਇਹ ਵੀ ਪੜ੍ਹੋ :  ਜਲੰਧਰ ਪੀ. ਏ. ਪੀ. 'ਚ ਤਾਇਨਾਤ ਪੰਜਾਬ ਪੁਲਸ ਦੇ ਅਫ਼ਸਰ ਨੇ ਕੀਤੀ ਖ਼ੁਦਕੁਸ਼ੀ

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕਿਸੇ ਪਿੰਡ ਦੀ ਪੰਚਾਇਤ ਦਾ ਫ਼ੈਸਲਾ ਪਿੰਡ ਵਾਸੀਆਂ ਨੂੰ ਸਹੀ ਨਹੀਂ ਲੱਗਦਾ ਜਾਂ ਪੰਚਾਇਤ ਨੇ ਗ਼ਲਤ ਮਤਾ ਪਾਸ ਕਰ ਦਿੱਤਾ ਹੈ ਤਾਂ ਪਿੰਡ ਵਾਸੀ ਗ੍ਰਾਮ ਸਭਾ ਬੁਲਾ ਕੇ ਮਤੇ 'ਤੇ ਵਿਚਾਰ-ਚਰਚਾ ਕਰ ਸਕਦੇ ਹਨ ਅਤੇ ਜੇਕਰ ਮਤੇ ਦੇ ਖ਼ਿਲਾਫ਼ ਜ਼ਿਆਦਾ ਸੰਖਿਆ 'ਚ ਪਿੰਡ ਵਾਸੀ ਖ਼ਿਲਾਫ਼ ਹਨ ਤਾਂ ਪੰਚਾਇਤ ਦਾ ਫ਼ੈਸਲਾ ਬਦਲਿਆ ਜਾ ਸਕਦਾ ਹੈ।ਮਾਨ ਨੇ ਕਿਹਾ ਕਿ ਗ੍ਰਾਮ ਸਭਾ ਪੰਚਾਇਤ ਤੋਂ ਵੱਡੀ ਹੈ। ਭਗਵੰਤ ਮਾਨ ਨੇ ਕਿਹਾ ਕਿ ਗ੍ਰਾਮ ਸਭਾ ਇਕ ਬਹੁਤ ਵੱਡਾ ਸਬੂਤ ਹੁੰਦਾ ਹੈ, ਜਿਸ ਨੂੰ ਕੋਈ ਵੀ ਅਣਦੇਖਿਆ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਸਮੁੱਚੇ ਪੰਜਾਬ ਦੇ 12 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੀਡੀਆ ਰਾਹੀਂ ਅਪੀਲ ਕਰਦੇ ਹਾਂ ਕਿ ਉਹ ਵੀ ਆਪੋ-ਆਪਣੇ ਪਿੰਡਾਂ 'ਚ ਗ੍ਰਾਮ ਸਭਾਵਾਂ ਦੇ ਇਜਲਾਸ ਤੁਰੰਤ ਬੁਲਾਉਣ ਅਤੇ ਤਿੰਨੋਂ ਖੇਤੀ ਵਿਰੋਧੀ ਆਰਡੀਨੈਂਸਾਂ ਦੇ ਖ਼ਿਲਾਫ਼ ਮਤੇ ਪਾਉਣ ਤਾਂ ਕਿ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ :  ਭਾਜਪਾ ਨਾਲੋਂ ਗਠਜੋੜ ਤੋੜਣ ਤੋਂ ਬਾਅਦ ਵੀ ਵੱਡੇ ਬਾਦਲ ਦੀ ਚੁੱਪੀ ਨੇ ਖੜ੍ਹੇ ਕੀਤੇ ਸਵਾਲ

ਭਗਵੰਤ ਮਾਨ ਨੇ ਕਿਹਾ ਕਿ ਕੈਪਟਨ-ਬਾਦਲ-ਮੋਦੀ ਨੇ ਜੋ ਇਹ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕੀਤੇ ਹਨ, ਇਹ ਕਿਸਾਨ ਵਿਰੋਧੀ ਨਹੀਂ ਬਲਕਿ ਲੋਕ ਵਿਰੋਧੀ ਹਨ, ਕਿਉਂਕਿ ਇਨ੍ਹਾਂ ਕਾਨੂੰਨਾਂ ਨਾਲ ਇਕ ਕੜੀ ਦੇ ਤਹਿਤ ਕਿਸਾਨ ਦੇ ਬਰਬਾਦ ਹੋਣ ਨਾਲ ਆੜ੍ਹਤੀਆ, ਮੁਨੀਮ, ਪੱਲੇਦਾਰ, ਟਰਾਂਸਪੋਰਟਰ, ਛੋਟੇ ਦੁਕਾਨਦਾਰ ਅਤੇ ਕਾਰੋਬਾਰੀ ਦੇ ਨਾਲ-ਨਾਲ ਇਕ ਸਮਾਂ ਅਜਿਹਾ ਆਵੇਗਾ ਕਿ ਸਾਰੇ ਹੀ ਵਰਗ ਬੇਰੋਜ਼ਗਾਰ ਹੋ ਜਾਣਗੇ। ਮਾਨ ਨੇ ਕਿਹਾ ਕਿ ਜ਼ਾਲਮ ਸਰਕਾਰਾਂ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਜਵਾਨ ਬਾਰਡਰ 'ਤੇ ਸ਼ਹੀਦ ਹੋ ਰਹੇ ਹਨ ਅਤੇ ਕਿਸਾਨ ਆਪਣੇ ਖੇਤਾਂ ਦੀਆਂ ਮੋਟਰਾਂ 'ਤੇ ਫਾਹ ਲੈ ਕੇ ਆਤਮਹੱਤਿਆ ਕਰ ਰਹੇ ਹਨ। ਕੈਪਟਨ-ਬਾਦਲ-ਮੋਦੀ ਨੇ ਜੋ ਮਿਲੀਭੁਗਤ ਕਰ ਕੇ ਖੇਤੀ ਵਿਰੋਧੀ ਕਾਲੇ ਕਾਨੂੰਨ ਪਾਸੇ ਕੀਤੇ ਹਨ ਇਸ ਦੇ ਨਤੀਜੇ ਆਉਣ ਵਾਲੇ ਸਮੇਂ 'ਚ ਭੁਗਤਣ ਲਈ ਤਿਆਰ ਰਹਿਣ।


Shyna

Content Editor

Related News