ਪੰਜਾਬ ਦੇ ਅੱਧੇ ਜ਼ਿਲ੍ਹਿਆਂ ਤੋਂ ਅਜੇ ਸਰਕਾਰ 'ਚ ਕੋਈ ਮੰਤਰੀ ਨਹੀਂ, ਇਨ੍ਹਾਂ ਜ਼ਿਲ੍ਹਿਆਂ ਤੋਂ 3-3 ਵਿਧਾਇਕ ਤੇ ਮੰਤਰੀ

07/05/2022 10:52:18 AM

ਚੰਡੀਗੜ੍ਹ (ਹਰੀਸ਼ਚੰਦਰ) : ਪੰਜ ਮੰਤਰੀਆਂ ਵੱਲੋਂ ਸੋਮਵਾਰ ਨੂੰ ਸਹੁੰ ਚੁੱਕਣ ਦੇ ਨਾਲ ਹੀ 100 ਦਿਨ ਪੁਰਾਣੀ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਮੰਤਰੀਆਂ ਦੀ ਗਿਣਤੀ (ਮੁੱਖ ਮੰਤਰੀ ਸਮੇਤ) 15 ਹੋ ਗਈ ਹੈ। ਅਜੇ ਮੰਤਰੀਆਂ ਦੇ 2 ਅਹੁਦੇ ਖ਼ਾਲੀ ਹਨ, ਜਿਨ੍ਹਾਂ ਨੂੰ ਪਾਰਟੀ ਲੀਡਰਸ਼ਿਪ ਵਿਧਾਇਕਾਂ ਦੀ ਕਾਰਗੁਜ਼ਾਰੀ ਦੇਖਣ ਤੋਂ ਬਾਅਦ ਭਰੇਗੀ। ਮੰਤਰੀ ਮੰਡਲ 'ਚ ਇਸ ਵਿਸਥਾਰ ਦੇ ਨਾਲ ਹੀ ਅੰਮ੍ਰਿਤਸਰ ਤੇ ਸੰਗਰੂਰ ਜ਼ਿਲ੍ਹਿਆਂ ਤੋਂ 3-3 ਵਿਧਾਇਕਾਂ ਨੂੰ ਸਰਕਾਰ 'ਚ ਜ਼ਿੰਮੇਵਾਰੀ ਮਿਲ ਗਈ ਹੈ। ਧਿਆਨਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਸਬੰਧ ਰੱਖਦੇ ਹਨ।

ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ 'ਚ ਸ਼ਾਮਲ ਨਵੇਂ ਮੰਤਰੀਆਂ ਨੂੰ ਕਿਹੜੇ-ਕਿਹੜੇ ਵਿਭਾਗ ਮਿਲਣਗੇ, ਜਲਦ ਹੀ ਹੋਵੇਗਾ ਐਲਾਨ

ਹੁਣ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਵੀ ਮੰਤਰੀ ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਵੀ ਪਹਿਲਾਂ ਜੰਡਿਆਲਾ ਗੁਰੂ ਦੇ ਵਿਧਾਇਕ ਹਰਭਜਨ ਸਿੰਘ ਈ. ਟੀ. ਓ. ਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਮੰਤਰੀ ਸਨ। ਹੁਣ ਅੰਮ੍ਰਿਤਸਰ (ਦੱਖਣੀ) ਹਲਕੇ ਤੋਂ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੂੰ ਮੰਤਰੀ ਬਣਾਇਆ ਗਿਆ ਹੈ। ਛੋਟੇ ਜ਼ਿਲ੍ਹਿਆਂ ਮੋਹਾਲੀ ਤੇ ਖਰੜ ਹਲਕੇ ਦੀ ਅਗਵਾਈ ਕਰ ਰਹੀ ਅਨਮੋਲ ਗਗਨ ਮਾਨ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂ ਹਰਸਹਾਏ ਹਲਕੇ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਨੂੰ ਵੀ ਮੰਤਰੀ ਮੰਡਲ 'ਚ ਜਗ੍ਹਾ ਮਿਲ ਗਈ ਹੈ।

ਇਹ ਵੀ ਪੜ੍ਹੋ : ਉਡੀਕ ਖ਼ਤਮ : PSEB 10ਵੀਂ ਜਮਾਤ ਦੇ ਨਤੀਜੇ ਦਾ ਐਲਾਨ ਅੱਜ, ਵੈੱਬਸਾਈਟ 'ਤੇ ਜਾ ਕੇ ਇੰਝ ਕਰੋ ਚੈੱਕ
ਮਾਲਵਾ ਤੋਂ 9, ਮਾਝਾ ਤੋਂ 5 ਤੇ ਦੋਆਬਾ ਤੋਂ ਸਿਰਫ਼ 1 ਮੰਤਰੀ
ਇਸ ਵਿਸਥਾਰ ਤੋਂ ਬਾਅਦ ਹੁਣ ਮਾਲਵਾ ਤੋਂ 9, ਮਾਝਾ ਤੋਂ 5 ਤੇ ਦੋਆਬਾ ਤੋਂ ਸਿਰਫ਼ 1 ਮੰਤਰੀ ਸਰਕਾਰ 'ਚ ਹੈ। ਮਾਲਵਾ 'ਚ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨੂੰ ਖੂਬ ਜਨ ਸਮਰਥਨ ਮਿਲਦਾ ਰਿਹਾ ਹੈ, ਪਰ ਮਾਝੇ 'ਚ ਪਹਿਲੀ ਵਾਰ ਇਸ ਕਦਰ ਲੋਕਾਂ ਦਾ ਪਾਰਟੀ ਪ੍ਰਤੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਪਾਰਟੀ ਨੇ ਸ਼ਾਇਦ ਇਸੇ ਕਾਰਨ ਮਾਝੇ ਨੂੰ ਸਰਕਾਰ 'ਚ ਤਰਜ਼ੀਹ ਦਿੱਤੀ ਹੈ। ਹੁਣ ਸਰਕਾਰ 'ਚ ਸੰਗਰੂਰ, ਅੰਮ੍ਰਿਤਸਰ, ਤਰਨਤਾਰਨ, ਬਰਨਾਲਾ, ਰੋਪੜ, ਪਟਿਆਲਾ, ਫਿਰੋਜ਼ਪੁਰ, ਮੋਹਾਲੀ, ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ, ਹੁਸ਼ਿਆਰਪੁਰ ਜ਼ਿਲ੍ਹਿਆਂ ਤੋਂ ਮੰਤਰੀ ਹਨ। ਖ਼ਾਸ ਗੱਲ ਇਹ ਹੈ ਕਿ ਅਜੇ 10 ਜ਼ਿਲ੍ਹਿਆਂ 'ਚ 'ਆਪ' ਵਿਧਾਇਕ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਰਕਾਰ 'ਚ ਅਗਵਾਈ ਨਹੀਂ ਮਿਲ ਸਕੀ ਹੈ। ਇਨ੍ਹਾਂ 'ਚ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ 14 ਵਿਚੋਂ 13, ਬਠਿੰਡਾ 'ਚ ਸਾਰੇ 6, ਮੋਗਾ 'ਚ ਸਾਰੇ 3, ਫਾਜ਼ਿਲਕਾ 'ਚ 4 ਵਿਚੋਂ 3, ਮਾਨਸਾ ਤੇ ਫ਼ਤਹਿਗੜ੍ਹ ਸਾਹਿਬ 'ਚ ਸਾਰੇ 3, ਮਲੇਰਕੋਟਲਾ 'ਚ ਦੋਵੇਂ, ਜਲੰਧਰ 'ਚ 9 ਵਿਚੋਂ 4, ਗੁਰਦਾਸਪੁਰ 'ਚ 7 ਵਿਚੋਂ 2, ਸ਼ਹੀਦ ਭਗਤ ਸਿੰਘ ਨਗਰ 'ਚ 3 ਵਿਚੋਂ 1 ਵਿਧਾਇਕ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਭਰੂਣ ਤਬਾਦਲਾ ਵਿਧੀ ਰਾਹੀਂ ਪੰਜਾਬ 'ਚ ਪਹਿਲੀ ਵਾਰ ਪੈਦਾ ਕੀਤੀ ਸਾਹੀਵਾਲ ਨਸਲ ਦੀ ਵੱਛੀ

ਕਪੂਰਥਲਾ ਇਕ ਮਾਤਰ ਅਜਿਹਾ ਜ਼ਿਲ੍ਹਾ ਹੈ, ਜਿਥੋਂ ਆਮ ਆਦਮੀ ਪਾਰਟੀ ਸਰਕਾਰ 'ਚ ਕੋਈ ਮੰਤਰੀ ਨਹੀਂ ਬਣ ਸਕਦਾ ਕਿਉਂਕਿ ਇੱਥੋਂ ਕੁੱਲ 4 ਸੀਟਾਂ ਵਿਚੋਂ 3 ’ਤੇ ਕਾਂਗਰਸ ਤੇ ਇਕ ’ਤੇ ਆਜ਼ਾਦ ਵਿਧਾਇਕ ਹੈ। ਉਂਝ ਫਰੀਦਕੋਟ ਜ਼ਿਲ੍ਹੇ ਤੋਂ ਵੀ ਕੋਈ ਮੰਤਰੀ ਨਹੀਂ ਹੈ, ਪਰ ਇਸ ਜ਼ਿਲ੍ਹੇ ਤੋਂ ਕੁਲਤਾਰ ਸਿੰਘ ਸੰਧਵਾਂ ਵਿਧਾਨ ਸਭਾ ਸਪੀਕਰ ਹਨ, ਜਿਨ੍ਹਾਂ ਦਾ ਰੁਤਬਾ ਕੈਬਿਨੇਟ ਦੇ ਬਰਾਬਰ ਹੁੰਦਾ ਹੈ। ਆਮ ਆਦਮੀ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਮਾਨਸਾ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੇ ਸਿੰਗਲਾ ਨੂੰ ਮੰਤਰੀ ਬਣਾਇਆ ਸੀ, ਪਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚੱਲਦੇ ਉਨ੍ਹਾਂ ਨੂੰ 2 ਮਹੀਨੇ ਬਾਅਦ ਹੀ ਬਰਖ਼ਾਸਤ ਕਰਨਾ ਪਿਆ ਸੀ। ਹੁਣ ਇਸ ਜ਼ਿਲ੍ਹੇ ਤੋਂ ਸਰਕਾਰ 'ਚ ਕੋਈ ਨੁਮਾਇੰਦਾ ਨਹੀਂ ਹੈ।
ਬਠਿੰਡਾ ਤੇ ਲੁਧਿਆਣਾ ਜ਼ਿਲ੍ਹਿਆਂ ਤੋਂ ਕੱਦਾਵਰ ਮਹਿਲਾ ਵਿਧਾਇਕਾਂ ਦਾ ਦਾਅਵਾ ਫੇਰ ਧਰਿਆ ਰਹਿ ਗਿਆ
ਬਠਿੰਡਾ ਜ਼ਿਲ੍ਹੇ ਦੀ ਤਲਵੰਡੀ ਸਾਬੋ ਸੀਟ ਤੋਂ ਪ੍ਰੋ. ਬਲਜਿੰਦਰ ਕੌਰ ਤੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਹਲਕੇ ਤੋਂ ਸਰਬਜੀਤ ਕੌਰ ਮਾਣੂਕੇ ਲਗਾਤਾਰ ਦੂਸਰੀ ਵਾਰ ਜਿੱਤ ਕੇ ਵਿਧਾਇਕ ਬਣੀਆਂ ਸਨ। ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਦੋਵਾਂ ਨੂੰ ਹੀ ਮਾਰਚ 'ਚ ਗਠਿਤ ਸਰਕਾਰ ਵਿਚ ਜਗ੍ਹਾ ਮਿਲੇਗੀ, ਪਰ ਹੁਣ ਮੰਤਰੀ ਮੰਡਲ ਦੇ ਵਿਸਥਾਰ 'ਚ ਵੀ ਦੋਵਾਂ ਨੂੰ ਸਥਾਨ ਨਹੀਂ ਮਿਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News