ਮੁੱਖ ਮੰਤਰੀ ਵਲੋਂ ਕੀਤੇ ਮੂੰਗੀ ਦੀ ਫ਼ਸਲ ਦੀ ਬਿਜਾਈ ਦੇ ਸੁਝਾਅ ਨੂੰ ਮਿਲਿਆ ਭਰਵਾਂ ਹੁੰਗਾਰਾ

Monday, May 09, 2022 - 06:00 PM (IST)

ਮੁੱਖ ਮੰਤਰੀ ਵਲੋਂ ਕੀਤੇ ਮੂੰਗੀ ਦੀ ਫ਼ਸਲ ਦੀ ਬਿਜਾਈ ਦੇ ਸੁਝਾਅ ਨੂੰ ਮਿਲਿਆ ਭਰਵਾਂ ਹੁੰਗਾਰਾ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਕਣਕ ਅਤੇ ਝੋਨੇ ਦੀ ਬਿਜਾਈ ਵਿਚ ਬਚਦੇ ਸਮੇਂ ’ਚ ਮੂੰਗੀ ਦੀ ਫ਼ਸਲ ਉਗਾਉਣ ਦੀ ਸਲਾਹ ਨੂੰ ਸੂਬੇ ਦੇ ਕਿਸਾਨਾਂ ਅੱਗੇ ਰੱਖਿਆ ਸੀ ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਸੰਕੇਤ ਝੋਨੇ ਦੀ ਕਿਸਮ ਪੀ.ਆਰ-126 ਦੇ ਬੀਜਾਂ ਦੀ ਤੇਜ਼ੀ ਨਾਲ ਵੱਧ ਰਹੀ ਵਿਕਰੀ ਤੋਂ ਮਿਲੇ ਹਨ। ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਮੁੱਖ ਮੰਤਰੀ ਮਾਨ ਵਲੋਂ ਝੋਨੇ ਦੀ ਸਿੱਧੀ ਬਿਜਾਈ ਅਤੇ 2 ਫ਼ਸਲਾਂ ਵਿਚ ਮੂੰਗੀ ਦੀ ਫ਼ਸਲ ਲਗਾਉਣ ਦੀ ਜੋ ਸਲਾਹ ਕਿਸਾਨਾਂ ਨੂੰ ਦਿੱਤੀ ਗਈ ਸੀ ਉਸ ’ਤੇ ਕਿਸਾਨਾਂ ਨੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਮੂੰਗੀ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.)  7,275 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਸੀ ਅਤੇ ਭਗਵੰਤ ਮਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਸੀ ਕਿ ਕਿਸਾਨਾਂ ਤੋਂ ਮੂੰਗੀ ਦੀ ਫ਼ਸਲ ਐੱਮ.ਐੱਸ.ਪੀ. ’ਤੇ ਖ਼ਰੀਦੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ’ਚ ਮੁੱਖ ਤੌਰ ’ਤੇ ਝੋਨੇ ਅਤੇ ਕਣਕ ਦੀ ਹੀ ਖੇਤੀ ਕੀਤੀ ਜਾਂਦੀ ਹੈ ਜਿਸਦਾ ਕਾਰਨ ਇਹ ਹੈ ਕਿ ਇਨ੍ਹਾਂ 2 ਫ਼ਸਲਾਂ ਨੂੰ ਸਰਕਾਰ ਐੱਮ.ਐੱਸ.ਪੀ. ’ਤੇ ਖ਼ਰੀਦਦੀ ਹੈ ਪਰ ਝੋਨੇ ਦੀ ਘੱਟ ਖੇਤੀ ਹੋਣ ਕਾਰਨ ਸੂਬੇ ਦਾ ਭੂ-ਜਲ ਪੱਧਰ ਚਿੰਤਾਜਨਕ ਸਥਿਤੀ ਤੱਕ ਪੁਹੰਚ ਗਿਆ ਹੈ। ਹੁਣ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਫ਼ਸਲ ਵਿਭਿੰਨਤਾ ਵੱਲ ਮੋੜਨ ਦੇ ਟੀਚੇ ਨਾਲ ਸਭ ਤੋਂ ਪਹਿਲਾਂ ਮੂੰਗੀ ਦੀ ਪੈਦਾਵਰ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਇਹ ਕੋਸ਼ਿਸ਼ ਸਫ਼ਲ ਹੋ ਜਾਂਦੀ ਹੈ ਤਾਂ ਸਰਕਾਰ ਬਾਜਰਾ, ਮੱਕੀ ਅਤੇ ਸੂਰਜਮੁੱਖੀ ਨੂੰ ਵੀ ਐੱਮ.ਐੱਸ.ਪੀ ’ਤੇ ਖ਼ਰੀਦਿਆ ਕਰੇਗੀ।

ਪੰਜਾਬ ’ਚ ਦਾਲਾਂ ਦਾ ਉਤਪਾਦਨ ਬਹੁਤ ਘੱਟ
ਪੰਜਾਬ ਸਰਕਾਰ ਨੇ ਮੂੰਗੀ ਦੀ ਦਾਲ ’ਤੇ ਐੱਮ.ਐੱਸ.ਪੀ. ਲੈਣ ਦੀ ਜ਼ਿੰਮੇਵਾਰੀ ਮਾਰਕਫੈੱਡ ਨੂੰ ਦੇ ਦਿੱਤੀ ਹੈ। ਵਿਭਾਗ ਦੇ ਮੁਤਾਬਕ ਪੰਜਾਬ ’ਚ ਇਸ ਵੇਲੇ ਦਾਲਾਂ ਦੀ ਪੈਦਾਵਰ ਸਿਰਫ਼ 29 ਹਜ਼ਾਰ ਟਨ ਹੀ ਹੈ ਅਤੇ ਇਹ 30 ਹਜ਼ਾਰ ਏਕੜ ’ਚ ਬੀਜੀ ਜਾਂਦੀ ਹੈ। ਉਧਰ ਸੂਬੇ ’ਚ ਦਾਲਾਂ ਦੀ ਖ਼ਪਤ 3 ਲੱਖ ਦੇ ਕਰੀਬ ਹੈ ਜਿਸ ਲਈ ਪੰਜਾਬ ਨੂੰ ਬਾਕੀ ਸੂਬਿਆਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਇਸ ਦੇ ਨਾਲ ਹੀ ਕਣਕ ਅਤੇ ਝੋਨੇ ਦੇ ਮਾਮਲੇ ’ਚ ਸਾਲ 2021-22 ’ਚ 187 ਕਰੋੜ ਚੌਲ ਪੰਜਾਬ ਤੋਂ ਖ਼ਰੀਦੇ ਗਏ ਸੀ ਜਦਕਿ 2022-23 ’ਚ ਰਬੀ ਸੀਜ਼ਨ ਲਈ 1 ਮਈ ਤੱਕ 89 ਲੱਖ ਟਨ ਕਣਕ ਖ਼ਰੀਦੀ ਗਈ।

ਮਾਨ ਨੇ ਦੱਸੇ ਮੂੰਗੀ ਲਾਉਣ ਦੇ 5 ਫਾਇਦੇ
ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਮੂੰਗੀ ਲਾਉਣ ਦੇ 5 ਮੁੱਖ ਫਾਇਦਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਾਹਿਰ ਵੀ ਮੰਨਦੇ ਹਨ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਇਤਿਹਾਸਕ ਹੈ ਅਤੇ ਇਸ ਦੇ 5 ਵੱਡੇ ਫਾਇਦੇ ਵੀ ਹਨ। ਮਾਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਕਣਕ-ਝੋਨੇ ਦੇ ਨਾਲ-ਨਾਲ ਮੂੰਗੀ ’ਤੇ ਵੀ ਐੱਮ.ਐੱਸ.ਪੀ. ਮਿਲਿਆ ਕਰੇਗੀ। ਦੂਸਰਾ ਧਰਤੀ ਦੇ ਹੇਠਲੇ ਪਾਣੀ ਦੀ ਘਾਟ ਵੀ ਪੂਰੀ ਹੋ ਜਾਵੇਗੀ ਅਤੇ ਤੀਸਰਾ ਫਾਇਦਾ ਇਹ ਹੋਵੇਗਾ ਕਿ ਝੋਨੇ ਦੀ ਬਿਜਾਈ ਕਰਨ ਸਮੇਂ ਬਿਜਲੀ ਸੰਕਟ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ। ਇਸ ਦੇ ਨਾਲ ਹੀ ਜੁਲਾਈ ’ਚ ਮੀਂਹ ਵਾਲੇ ਮੌਸਮ ਹੋਣ ਕਾਰਨ ਬਾਸਮਤੀ ਲਾਉਣ ਦੀ ਖ਼ਰਚਾ ਘਟੇਗਾ ਅਤੇ ਪੰਜਾਬ ਦਾਲਾਂ ਦਾ ਉਤਪਾਦ ਕਰਨ ’ਚ ਵੀ ਆਤਮ-ਨਿਰਭਰ ਬਣੇਗਾ।


author

Gurminder Singh

Content Editor

Related News