ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਨਸਨੀਖ਼ੇਜ਼ ਖੁਲਾਸਾ

Tuesday, Jul 04, 2023 - 06:20 PM (IST)

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖ਼ਤਰਨਾਕ ਗੈਂਗਸਟਰ ਮੁਖ਼ਤਾਰ ਅੰਸਾਰੀ ਨਾਲ ਗੰਢ-ਤੁੱਪ ਸਬੰਧੀ ਸਨਸਨੀਖ਼ੇਜ਼ ਖੁਲਾਸਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਖਿਆ ਕਿ ਭਾਜਪਾ ਆਗੂ ਨੇ ਅੰਸਾਰੀ ਦੇ ਪੁੱਤਾਂ ਨੂੰ ਰੂਪਨਗਰ ਵਿਚ ਵਕਫ਼ ਬੋਰਡ ਦੀ ਮਹਿੰਗੀ ਜ਼ਮੀਨ ਅਲਾਟ ਕੀਤੀ ਸੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਭਾਵੇਂ ਵਾਰ-ਵਾਰ ਅੰਸਾਰੀ ਨੂੰ ਨਾ ਜਾਣਦਾ ਹੋਣ ਦੇ ਦਾਅਵੇ ਕਰ ਰਹੇ ਹਨ ਪਰ ਇਹ ਕਿੰਨੀ ਹੈਰਾਨੀਜਨਕ ਗੱਲ ਹੈ ਕਿ ਕੈਪਟਨ ਸਰਕਾਰ ਨੇ ਇਸ ਗੈਂਗਸਟਰ ਦੀ ਨਾ ਸਿਰਫ਼ ਜੇਲ੍ਹ ਵਿਚ ਠਹਿਰ ਨੂੰ ਆਰਾਮਦਾਇਕ ਬਣਾਇਆ, ਸਗੋਂ ਉਸ ਨੂੰ ਰੂਪਨਗਰ ਵਿਚ ਮਹਿੰਗੀ ਜ਼ਮੀਨ ਵੀ ਦਿੱਤੀ। ਉਨ੍ਹਾਂ ਕੈਪਟਨ ਨੂੰ ਚੁਣੌਤੀ ਦਿੱਤੀ ਕਿ ਉਹ ਇਹ ਦੱਸਣ ਕਿ ਉਨ੍ਹਾਂ ਦੀ ਸਾਂਝ-ਭਿਆਲੀ ਤੋਂ ਬਿਨਾਂ ਰੂਪਨਗਰ ਵਿਚ ਵਕਫ਼ ਬੋਰਡ ਦੀ ਮਹਿੰਗੀ ਜ਼ਮੀਨ ਅੰਸਾਰੀ ਦੇ ਪੁੱਤਰਾਂ ਅੱਬਾਸ ਤੇ ਉਮਰ ਅੰਸਾਰੀ ਨੂੰ ਕਿਵੇਂ ਮਿਲ ਗਈ। ਭਗਵੰਤ ਮਾਨ ਨੇ ਕਿਹਾ ਕਿ ਜੇ ਕੈਪਟਨ ਚਾਹੁੰਦੇ ਹਨ ਤਾਂ ਉਹ ਕੈਪਟਨ ਦੀ ਅੰਸਾਰੀ ਨਾਲ ਸਾਂਝ ਬਾਰੇ ਆਉਣ ਵਾਲੇ ਦਿਨਾਂ ਵਿਚ ਹੋਰ ਸਬੂਤ ਵੀ ਦੇ ਦੇਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖ਼ਤਰਨਾਕ ਗੈਂਗਸਟਰ ਮੁਖ਼ਤਾਰ ਅੰਸਾਰੀ ਦੇ ਮੁੱਦੇ ਬਾਰੇ ਅਣਜਾਣਤਾ ਦਾ ਢਕਵੰਜ ਕਰਨ ਤੋਂ ਪਹਿਲਾਂ ਭਾਜਪਾ ਆਗੂ ਨੂੰ ਆਪਣੇ ਪੁੱਤ ਰਣਇੰਦਰ ਸਿੰਘ ਤੋਂ ਜ਼ਰੂਰ ਪੁੱਛਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਣਇੰਦਰ ਕਈ ਵਾਰ ਅੰਸਾਰੀ ਨੂੰ ਮਿਲਿਆ ਸੀ ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੂੰ ਗੁਮਰਾਹ ਕਰਨ ਲਈ ਕੈਪਟਨ ਇਸ ਮੁੱਦੇ ’ਤੇ ਝੂਠ ਬੋਲ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅੰਸਾਰੀ ਨੂੰ ਜੇਲ੍ਹ ਵਿਚ ਵੀ. ਵੀ. ਆਈ. ਪੀ. ਸਹੂਲਤਾਂ ਦੇਣ ਲਈ ਉੱਤਰ ਪ੍ਰਦੇਸ਼ ਤੋਂ ਪੰਜਾਬ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਉੱਤਰ ਪ੍ਰਦੇਸ਼ ਪੁਲਸ ਨੇ ਇਸ ਗੈਂਗਸਟਰ ਦੀ ਹਿਰਾਸਤ ਲੈਣ ਲਈ ਸੁਪਰੀਮ ਕੋਰਟ ਵਿਚ ਪਹੁੰਚ ਕੀਤੀ ਤਾਂ ਪੰਜਾਬ ਸਰਕਾਰ ਨੇ ਉਸ ਨੂੰ ਬਚਾਉਣ ਲਈ ਬਹੁਤ ਜ਼ਿਆਦਾ ਫੀਸ ਉਤੇ ਵਕੀਲਾਂ ਦੀਆਂ ਸੇਵਾਵਾਂ ਲਈਆਂ।

ਇਹ ਵੀ ਪੜ੍ਹੋ : ਗੋਲਡੀ ਬਰਾੜ ਗੈਂਗ ਦੇ ਗੈਂਗਸਟਰਾਂ ਤੇ ਪੁਲਸ ਵਿਚਾਲੇ ਜ਼ਬਰਦਸਤ ਝੜਪ, ਆਹਮੋ-ਸਾਹਮਣੇ ਚੱਲੀਆਂ ਗੋਲ਼ੀਆਂ

ਮੁੱਖ ਮੰਤਰੀ ਨੇ ਕਿਹਾ ਕਿ ਇਸ 55 ਲੱਖ ਰੁਪਏ ਦੀ ਰਿਕਵਰੀ ਯਕੀਨੀ ਤੌਰ ’ਤੇ ਕੈਪਟਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਕੀਤੀ ਜਾਵੇਗੀ। ਕੈਪਟਨ ਦੇ ਦਾਅਵੇ ਕਿ ਉਹ 9.5 ਸਾਲ ਸੂਬੇ ਦੇ ਮੁੱਖ ਮੰਤਰੀ ਰਹੇ ਹਨ, ਉਤੇ ਟਿੱਪਣੀ ਕਰਦਿਆਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਚੇਤੇ ਕਰਵਾਇਆ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ ਜਿੰਨਾ ਸਫ਼ਰ ਕੀਤਾ, ਉਨਾ ਤਾਂ ਉਨ੍ਹਾਂ ਮੁੱਖ ਮੰਤਰੀ ਵਜੋਂ ਆਪਣੇ ਡੇਢ ਸਾਲ ਦੇ ਕਾਰਜਕਾਲ ਵਿਚ ਹੀ ਕਰ ਲਿਆ। ਉਨ੍ਹਾਂ ਕਿਹਾ ਕਿ ਕੈਪਟਨ ਤੇ ਉਹ ਇਕੱਠੇ ਲੋਕ ਸਭਾ ਦੇ ਮੈਂਬਰ ਰਹੇ ਸਨ ਅਤੇ ਇਹ ਰਿਕਾਰਡ ਹੈ ਕਿ ਇਸ ਦੌਰਾਨ ਕੈਪਟਨ ਦੀ ਹਾਜ਼ਰੀ ਸਿਰਫ਼ ਛੇ ਫੀਸਦੀ ਸੀ, ਜੋ ਕਿ ਭਾਰਤ ਭਰ ਵਿਚੋਂ ਸਭ ਤੋਂ ਘੱਟ ਹੈ, ਜਦੋਂ ਕਿ ਇਸ ਦੇ ਮੁਕਾਬਲੇ ਮੇਰੀ ਹਾਜ਼ਰੀ 90 ਫੀਸਦੀ ਰਹੀ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਚੋਰੀ ਕਰਨ ਆਏ ਚੋਰ ਨਾਲ ਹੋਈ ਜੱਗੋਂ ਤੇਰਵੀਂ, ਜਾਣੋ ਕੀ ਹੈ ਪੂਰਾ ਮਾਮਲਾ

ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਯਾਸ਼ੀ ਰਾਜਾ ਹੈ, ਜਿਹੜਾ ਲੋਕਾਂ ਵੱਲੋਂ ਦਿੱਤੀ ਜ਼ਿੰਮੇਵਾਰੀ ਦੀ ਪਰਵਾਹ ਨਾ ਕਰਦਿਆਂ ਹਮੇਸ਼ਾ ਲੋਕਾਂ ਤੋਂ ਦੂਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਵਿਧਾਇਕ ਤੇ ਸੰਸਦ ਮੈਂਬਰ ਅਤੇ ਇੱਥੋਂ ਤੱਕ ਕਿ ਮੁੱਖ ਮੰਤਰੀ ਵਜੋਂ ਆਪਣੇ ਫ਼ਰਜ਼ ਨਿਭਾਉਣ ਵਿਚ ਨਾਕਾਮ ਰਿਹਾ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਕੈਪਟਨ ਸੰਸਦ ਮੈਂਬਰ ਬਣਿਆ ਤਾਂ ਉਹ ਸੰਸਦ ਵਿਚ ਨਹੀਂ ਗਿਆ ਅਤੇ ਜਦੋਂ ਮੁੱਖ ਮੰਤਰੀ ਬਣਿਆ ਤਾਂ ਸਕੱਤਰੇਤ ਵਿਚ ਨਹੀਂ ਗਿਆ, ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਕਿੰਨਾ ਅਸਮਰੱਥ ਤੇ ਲੋਕਾਂ ਦੀ ਪਹੁੰਚ ਤੋਂ ਦੂਰ ਹੈ।

ਇਹ ਵੀ ਪੜ੍ਹੋ : ਮਾਂ ਵੈਸ਼ਨੂੰ ਦੇਵੀ ਯਾਤਰਾ ਲਈ ਹੈਲੀਕਾਪਟਰ ਸੇਵਾ ਬੁੱਕ ਕਰਵਾਉਣ ਵਾਲੇ ਸ਼ਰਧਾਲੂ ਸਾਵਧਾਨ, ਹੈਰਾਨ ਕਰੇਗੀ ਘਟਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Gurminder Singh

Content Editor

Related News