ਭਗਵੰਤ ਮਾਨ ਕੈਬਨਿਟ ਵਿਚ ਫੇਰਬਦਲ ਲਗਭਗ ਤੈਅ, ਇਹ ਵਿਧਾਇਕ ਬਣ ਸਕਦੇ ਹਨ ਮੰਤਰੀ

Monday, Dec 12, 2022 - 05:52 PM (IST)

ਭਗਵੰਤ ਮਾਨ ਕੈਬਨਿਟ ਵਿਚ ਫੇਰਬਦਲ ਲਗਭਗ ਤੈਅ, ਇਹ ਵਿਧਾਇਕ ਬਣ ਸਕਦੇ ਹਨ ਮੰਤਰੀ

ਚੰਡੀਗੜ੍ਹ : ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਵਿਚ ਫੇਰਬਦਲ ਦੀ ਤਿਆਰੀ ਹੈ। ਸੂਤਰਾਂ ਮੁਤਾਬਕ ਭਗਵੰਤ ਮਾਨ ਸਰਕਾਰ ਵਿਚ ਦੋ ਮੰਤਰੀਆਂ ਦੀ ਛੁੱਟੀ ਲਗਭਗ ਤੈਅ ਮੰਨੀ ਜਾ ਰਹੀ ਹੈ ਅਤੇ ਦੋ ਨਵੇਂ ਚਿਹਰਿਆਂ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਪਾਰਟੀ ਪੱਧਰ ’ਤੇ ਕਈ ਦਿਨਾਂ ਤੋਂ ਕੈਬਨਿਟ ਦੇ ਇਸ ਫੇਰ ਬਦਲ ਨੂੰ ਲੈ ਕੇ ਵਿਚਾਰ ਕੀਤਾ ਜਾ ਰਿਹਾ ਸੀ। ਹੁਣ ਇਸ ਲਈ ਭਗਵੰਤ ਮਾਨ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਚਰਚਾ ਕਰ ਚੁੱਕੇ ਹਨ। ਮਾਲਵਾ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਮੁਕਤਸਰ ਜ਼ਿਲ੍ਹੇ ਦੀ ਰਿਵਾਇਤੀ ਸੀਟ ਲੰਬੀ ਤੋਂ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਦਾ ਨਾਮ ਸਭ ਤੋਂ ਅੱਗੇ ਹੈ। ਉਨ੍ਹਾਂ ਨੂੰ ਮੰਤਰੀ ਬਣਾਏ ਜਾਣ ਦੀ ਚਰਚਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਹੀ ਚੱਲ ਰਹੀ ਸੀ ਪਰ ਉਦੋਂ ਉਹ ਖੁੰਝ ਗਏ ਸਨ। 

ਇਹ ਵੀ ਪੜ੍ਹੋ : ਤਰਨਤਾਰਨ ਤੋਂ ਬਾਅਦ ਲੁਧਿਆਣਾ ’ਚ ਅੱਤਵਾਦੀ ਹਮਲੇ ਦਾ ਖ਼ਤਰਾ, ਹਾਈ ਅਲਰਟ ’ਤੇ ਪੰਜਾਬ ਪੁਲਸ

ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਫਾਜ਼ਿਲਕਾ ਜ਼ਿਲ੍ਹੇ ਦੀ ਜਲਾਲਾਬਾਦ ਸੀਟ ਤੋਂ ਹਰਾਉਣ ਵਾਲੇ ਜਗਦੀਪ ਕੰਬੋਜ ਦਾ ਨਾਮ ਵੀ ਚਰਚਾ ਵਿਚ ਹੈ। ਇਸ ਤੋਂ ਇਲਾਵਾ ਇਕ ਮਹਿਲਾ ਆਗੂ ਨੂੰ ਵੀ ਮੰਤਰੀ ਅਹੁਦਾ ਦਿੱਤਾ ਜਾ ਸਕਦਾ ਹੈ। ਇਸ ਲਈ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਤੋਂ ਦੂਜੀ ਵਾਰ ਵਿਧਾਇਕ ਬਣੀ ਪ੍ਰੋ. ਬਲਜਿੰਦਰ ਕੌਰ ਅਤੇ ਜਗਰਾਓਂ ਤੋਂ ਦੂਜੀ ਵਾਰ ਵਿਧਾਇਕ ਬਣੀ ਸਰਵਜੀਤ ਕੌਰ ਮਾਣੂਕੇ ਦਾ ਨਾਮ ਚਰਚਾ ਵਿਚ ਹੈ। ਪਟਿਆਲਾ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਵਾਲੇ ਅਜੀਤ ਪਾਲ ਸਿੰਘ ਕੋਹਲੀ ਨੂੰ ਵੀ ਸਰਕਾਰ ਵਿਚ ਕੋਈ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। 

ਇਹ ਵੀ ਪੜ੍ਹੋ : ਕੋਟਕਪੂਰਾ ਗੋਲ਼ੀ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਸੁਖਬੀਰ ਬਾਦਲ ਨੂੰ ਭੇਜਿਆ ਸੰਮਨ

ਬਦਲਾਅ ਦੀਆਂ ਖ਼ਬਰਾਂ ਨੇ ਵਧਾਈ ਹਲਚਲ

ਮੰਤਰੀ ਮੰਡਲ ਵਿਚ ਬਦਲਾਅ ਦੀਆਂ ਖ਼ਬਰਾਂ ਨਾਲ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਵਿਚ ਹਲਚਲ ਵੱਧ ਗਈ ਹੈ। ਜਿਹੜੇ ਮੰਤਰੀਆਂ ਦਾ ਪੱਤਾ ਕੱਟਣ ਜਾ ਰਿਹਾ ਹੈ, ਉਨ੍ਹਾਂ ਨੂੰ ਵੀ ਇਸ ਦਾ ਅਹਿਸਾਸ ਹੋ ਗਿਆ ਹੈ ਅਤੇ ਉਹ ਆਪਣਾ ਅਹੁਦਾ ਬਚਾਉਣ ਲਈ ਦਿੱਲੀ ਦਰਬਾਰ ਤੱਕ ਪਹੁੰਚ ਕਰ ਰਹੇ ਹਨ। ਦੂਜੇ ਪਾਸੇ ਜਿਹੜੇ ਮੰਤਰੀਆਂ ਦਾ ਨਾ ਚਰਚਾ ਵਿਚ ਹੈ, ਉਨ੍ਹਾਂ ਵਲੋਂ ਵੀ ਆਪਣਾ ਨਾਂ ਪੱਕਾ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਮੰਤਰੀ ਮੰਡਲ ਵਿਚ ਬਦਲਾਅ ਦੇ ਨਾਲ ਨਾਲ ਕੁੱਝ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ। ਕੁਝ ਮੰਤਰੀਆਂ ਨੂੰ ਪੁਰਾਣੇ ਵਿਭਾਗ ਵਾਪਸ ਮਿਲ ਸਕਦੇ ਹਨ ਤਾਂ ਕੁੱਝ ਨੂੰ ਵਧੇਰੇ ਵਿਭਾਗ ਵੀ ਸੌਂਪੇ ਜਾ ਸਕਦੇ ਹਨ। 

ਇਹ ਵੀ ਪੜ੍ਹੋ : ਕਿਸਾਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਚਿਤਾਵਨੀ ਪੱਤਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News