ਭਗਵੰਤ ਮਾਨ ਸਰਕਾਰ ਦੀ ਵਜ਼ਾਰਤ ਦੇ ਗਠਨ ’ਤੇ ਰਾਜਾ ਵੜਿੰਗ ਨੇ ਚੁੱਕੇ ਸਵਾਲ, ਦਿੱਤਾ ਵੱਡਾ ਬਿਆਨ

Saturday, Mar 19, 2022 - 08:43 PM (IST)

ਭਗਵੰਤ ਮਾਨ ਸਰਕਾਰ ਦੀ ਵਜ਼ਾਰਤ ਦੇ ਗਠਨ ’ਤੇ ਰਾਜਾ ਵੜਿੰਗ ਨੇ ਚੁੱਕੇ ਸਵਾਲ, ਦਿੱਤਾ ਵੱਡਾ ਬਿਆਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਪੁਰਾਣੇ ਅਤੇ ਸੀਨੀਅਰ ਆਗੂਆਂ ਨੂੰ ਕੈਬਨਿਟ ਵਿਚ ਜਗ੍ਹਾ ਨਾ ਦਿੱਤੇ ਜਾਣ ਤੋਂ ਬਾਅਦ ਵਿਰੋਧੀਆਂ ਵਲੋਂ ਵੀ ਹਮਲੇ ਤੇਜ਼ ਹੋ ਗਏ ਹਨ। ਸੋਸ਼ਲ ਮੀਡੀਆ ’ਤੇ ਬੋਲਦੇ ਹੋਏ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੰਤਰੀ ਮੰਡਲ ਬਣਾਉਣਾ ਭਾਵੇਂ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਪਰ ਮੈਨੂੰ ਲੱਗਦਾ ਹੈ ਕਿ ਅਮਨ ਅਰੋੜਾ, ਪ੍ਰੋਫ਼ੈਸਰ ਬਲਜਿੰਦਰ ਕੌਰ, ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਕੁਲਤਾਰ ਸਿੰਘ ਸੰਧਵਾਂ ਵਰਗੇ ਆਗੂਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਵੜਿੰਗ ਨੇ ਕਿਹਾ ਕਿ ਇਹ ਉਹ ਲੋਕ ਹਨ, ਜਿਨ੍ਹਾਂ ਨੇ ਹਰ ਚੰਗੇ-ਮਾੜੇ ਸਮੇਂ ’ਤੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਹੈ।

ਇਹ ਵੀ ਪੜ੍ਹੋ : ਭਗਵੰਤ ਮਾਨ ਕੈਬਨਿਟ ਦਾ ਗਠਨ : 10 ਮੰਤਰੀਆਂ ਨੇ ਚੁੱਕੀ ਸਹੁੰ, ਜਾਣੋ ਪੂਰਾ ਵੇਰਵਾ

ਅੱਜ 10 ਵਿਧਾਇਕਾਂ ਨੇ ਚੁੱਕੀ ਮੰਤਰੀ ਵਜੋਂ ਸਹੁੰ
ਦੱਸਣਯੋਗ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਪਹਿਲੇ ਦਸ ਮੰਤਰੀਆਂ ਨੇ ਆਪਣੇ ਅਹੁਦੇ ਦੀ ਗੋਪਨੀਅਤਾ ਦੀ ਸਹੁੰ ਚੁੱਕ ਲਈ ਹੈ। ਰਾਜਪਾਲ ਭਵਨ ਵਿਚ ਭਗਵੰਤ ਮਾਨ ਸਰਕਾਰ ਦੇ 10 ਮੰਤਰੀਆਂ ਨੂੰ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਅਹੁਦੇ ਦੀ ਸਹੁੰ ਚੁਕਵਾਈ। ਰਾਜਪਾਲ ਭਵਨ ਵਿਚ ਹੋਏ ਸਹੁੰ ਚੁੱਕ ਸਮਾਗਮ ਵਿਚ ਸਭ ਤੋਂ ਪਹਿਲਾਂ ਲਗਾਤਾਰ ਦੂਜੀਵਾਰ ਵਿਧਾਇਕ ਬਣੇ ਹਰਪਾਲ ਚੀਮਾ ਨੇ ਅਹੁਦੇ ਦੀ ਸਹੁੰ ਚੁੱਕੀ। ਡਾ. ਬਲਜੀਤ ਕੌਰ ਨੇ ਦੂਜੇ ਨੰਬਰ, ਹਰਭਜਨ ਸਿੰਘ ਨੇ ਤੀਜੇ ਨੰਬਰ ’ਤੇ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਡਾ. ਵਿਜੇ ਸਿੰਗਲਾ, ਲਾਲ ਚੰਦ ਕਟਾਰੂਚੱਕ, ਮੀਤ ਹੇਅਰ, ਕੁਲਦੀਪ ਧਾਲੀਵਾਲ, ਬ੍ਰਹਮ ਸ਼ੰਕਰ ਜਿੰਪਾ ਅਤੇ ਅਖੀਰ ਵਿਚ ਹਰਜੋਤ ਬੈਂਸ ਨੇ ਕੈਬਨਿਟ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ। ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ 10 ਵਿਧਾਇਕਾਂ ’ਚੋਂ 8 ਆਗੂ ਪਹਿਲੀ ਵਾਰ ਵਿਧਾਇਕ ਬਣੇ ਹਨ।

ਇਹ ਵੀ ਪੜ੍ਹੋ : ਮਸ਼ਹੂਰ ਕਬੱਡੀ ਖਿਡਾਰੀ ਸਰਬਜੀਤ ਸੱਭਾ ’ਤੇ ਗੋਲ਼ੀਆਂ ਚੱਲਣ ਦੇ ਮਾਮਲੇ ’ਚ ਨਵਾਂ ਮੋੜ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News