ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਨੂੰ ਲੈ ਕੇ PM ਮੋਦੀ ਨੂੰ ਭਗਵੰਤ ਮਾਨ ਨੇ ਕੀਤੀ ਵੱਡੀ ਅਪੀਲ

03/04/2022 9:50:40 PM

ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਯੂਕ੍ਰੇਨ ਅਤੇ ਯੂਕ੍ਰੇਨ ਦੇ ਸਰਹੱਦੀ ਖੇਤਰਾਂ ’ਚ ਫਸੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਇਕਮੁਸ਼ਤ ਦੇਸ਼ ਵਾਪਸੀ ਕਰਵਾ ਕੇ ਉਨ੍ਹਾਂ ਦੀ ਅਧੂਰੀ ਪੜ੍ਹਾਈ ਦੇਸ਼ (ਭਾਰਤ) ਅੰਦਰ ਹੀ ਕਰਵਾਉਣ ਦਾ ਫੌਰੀ ਪ੍ਰਬੰਧ ਕਰਨ ਤਾਂ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਜਾਨੀ-ਮਾਲੀ ਅਤੇ ਅਕਾਦਮਿਕ ਪੱਧਰ ’ਤੇ ਕੋਈ ਨੁਕਸਾਨ ਨਾ ਹੋਵੇ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਖਾਤਿਬ ਹੁੰਦਿਆਂ ਕਿਹਾ, ‘‘ਅਜੇ ਵੀ ਹਜ਼ਾਰਾਂ ਭਾਰਤੀ ਵਿਦਿਆਰਥੀ ਜਿਨ੍ਹਾਂ ’ਚ ਵੱਡੀ ਗਿਣਤੀ ਪੰਜਾਬੀ ਤੇ ਹਰਿਆਣਵੀ ਵਿਦਿਆਰਥੀਆਂ ਦੀ ਹੈ, ਯੂਕ੍ਰੇਨ ’ਚ ਫਸੇ ਹੋਏ ਹਨ। ਸਾਡੇ ਕੋਲ ਵੱਡੀ ਗਿਣਤੀ ’ਚ ਮਾਪੇ ਅਤੇ ਵਿਦਿਆਰਥੀ ਸੰਪਰਕ ਕਰ ਰਹੇ ਹਨ, ਜੋ ਕੀਵ, ਖਰਕੀਵ ਆਦਿ ਯੂਕ੍ਰੇਨੀ ਸ਼ਹਿਰਾਂ ਅਤੇ ਹੰਗਰੀ, ਪੋਲੈਂਡ, ਰੋਮਾਨੀਆ ਆਦਿ ਮੁਲਕਾਂ ਦੀਆਂ ਅੰਤਰਰਾਸ਼ਟਰੀ ਸਰਹੱਦਾਂ ’ਤੇ ਫਸੇ ਹੋਏ ਹਨ।

ਇਹ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਮਿਲ ਰਹੀਆਂ ਸੂਚਨਾਵਾਂ ਅਤੇ ਸ਼ਿਕਾਇਤਾਂ ਤੋਂ ਸਾਫ਼ ਹੈ ਕਿ ਭਾਰਤੀ ਸਰਕਾਰ ਖਾਸ ਕਰਕੇ ਭਾਰਤੀ ਦੂਤਘਰ ਆਪਣੇ ਨਾਗਰਿਕਾਂ-ਵਿਦਿਆਰਥੀਆਂ ਨਾਲ ਲੋੜੀਂਦਾ ਸੰਪਰਕ ਰੱਖਣ ’ਚ ਵੀ ਬੁਰੀ ਤਰ੍ਹਾਂ ਫੇਲ੍ਹ ਰਹੇ ਹਨ, ਜਦਕਿ ਅਜਿਹੀ ਸੰਵੇਦਨਸ਼ੀਲ ਸਥਿਤੀ ’ਚ ਪੋਲੈਂਡ, ਹੰਗਰੀ, ਬੇਲਾਰੂਸ, ਰੂਸ ਅਤੇ ਯੂਕ੍ਰੇਨ ਨਾਲ ਲੱਗਦੇ ਬਾਕੀ ਸਾਰੇ ਮੁਲਕਾਂ ’ਚ ਤਾਇਨਾਤ ਭਾਰਤੀ ਮੂਲ ਦੇ ਦੂਤਘਰਾਂ ਨੂੰ ਆਪਸੀ ਤਾਲਮੇਲ ਨਾਲ ਦਿਨ-ਰਾਤ ਇਸ ਮਿਸ਼ਨ ’ਚ ਜੁਟੇ ਹੋਣਾ ਚਾਹੀਦਾ ਸੀ ਪਰ ਬਦਕਿਸਮਤੀ ਨਾਲ ਭਾਰਤੀ ਵਿਦੇਸ਼ ਮੰਤਰਾਲੇ ਅਤੇ ਸਾਡੇ ਦੂਤਘਰਾਂ ਦਾ ਸਬੰਧਿਤ ਮੁਲਕਾਂ ਨਾਲ ਤਾਲਮੇਲ ਬੇਹੱਦ ਢਿੱਲਾ ਰਿਹਾ ਹੈ, ਜਿਸ ਦੀ ਕੀਮਤ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਨੂੰ ਚੁਕਾਉਣੀ ਪੈ ਰਹੀ ਹੈ।’’

ਇਹ ਵੀ ਪੜ੍ਹੋ : 56 ਵਿਦਿਆਰਥੀਆਂ ’ਚੋਂ 16 ਸੁਰੱਖਿਅਤ ਵਤਨ ਪਰਤੇ, 21 ਪੋਲੈਂਡ ਤੇ ਹੰਗਰੀ ਦੀਆਂ ਸਰਹੱਦਾਂ ’ਤੇ ਪਹੁੰਚੇ : ਘਨਸ਼ਿਆਮ ਥੋਰੀ   

ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਕ ਕਮੇਟੀ ਗਠਿਤ ਕਰੇ, ਜੋ ਇਹ ਯਕੀਨੀ ਬਣਾਏ ਕਿ ਯੂਕ੍ਰੇਨ ਤੋਂ ਵਾਪਿਸ ਆਏ ਵਿਦਿਆਰਥੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਇਥੇ ਹੀ ਆਪਣੀ ਪੜ੍ਹਾਈ ਜਾਰੀ ਰੱਖ ਸਕਣ ਤੇ ਡਿਗਰੀਆਂ ਪੂਰੀਆਂ ਕਰ ਸਕਣ। ਭਗਵੰਤ ਮਾਨ ਨੇ ਇਸ ਗੱਲ ’ਤੇ ਫਿਰ ਜ਼ੋਰ ਦਿੱਤਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਮੁੜ ਦੇਸ਼ ਦੀ ਸਿੱਖਿਆ ਪ੍ਰਣਾਲੀ ’ਤੇ ਵਿਚਾਰ ਕਰਨ ਅਤੇ ਕਮੀਆਂ ਨੂੰ ਦੂਰ ਕਰਨ ਲਈ ਚੰਗੀਆਂ ਨੀਤੀਆਂ ਤੇ ਠੋਸ ਕਦਮ ਚੁੱਕਣ। ਮਾਨ ਨੇ ਕਿਹਾ ਕਿ ਵਿਦੇਸ਼ ਪੜ੍ਹਨ ਜਾ ਰਹੇ ਵਿਦਿਆਰਥੀ ਮੈਰਿਟ ਪੱਖੋਂ ਘੱਟ ਨਹੀਂ ਹਨ, ਸਗੋਂ ਉਨ੍ਹਾਂ ਨੂੰ ਯੂਕ੍ਰੇਨ ਵਰਗੇ ਦੇਸ਼ਾਂ ’ਚ ਭਾਰਤ ਨਾਲੋਂ ਕਿਤੇ ਜ਼ਿਆਦਾ ਸਸਤੀ ਪੜ੍ਹਾਈ ਦਾ ਮੌਕਾ ਮਿਲਦਾ ਹੈ, ਇਸ ਲਈ ਉਹ ਇਨ੍ਹਾਂ ਦੇਸ਼ਾਂ ਦਾ ਰੁਖ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਪਿਛਲੀਆਂ ਸਰਕਾਰਾਂ ਦੀਆਂ ਲਗਾਤਾਰ ਅਣਗਹਿਲੀਆਂ ਤੇ ਗ਼ਲਤੀਆਂ ਦਾ ਖਮਿਆਜ਼ਾ ਹੈ, ਜੋ ਅੱਜ ਸਾਡੀ ਨੌਜਵਾਨ ਪੀੜ੍ਹੀ ਭੁਗਤ ਰਹੀ ਹੈ। ਮੁੱਢਲੀ ਸਿੱਖਿਆ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਸਾਰੀ ਪੜ੍ਹਾਈ ਆਮ ਲੋਕਾਂ ਦੀ ਪਹੁੰਚ ’ਚ ਹੋਣੀ ਚਾਹੀਦੀ ਹੈ।


Manoj

Content Editor

Related News