ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾ ਲਵਾਉਣ ਦੀ ਕੀਤੀ ਅਪੀਲ
Thursday, May 06, 2021 - 01:39 AM (IST)
ਚੰਡੀਗੜ੍ਹ, (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਦਵਾਈ ਦਾ ਟੀਕਾ ਜ਼ਰੂਰ ਲਵਾਉਣ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਕੋਰੋਨਾ ਮਹਾਮਾਰੀ ਦੌਰਨ ਸੂਬੇ ਵਿਚ ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨ ਅਤੇ ਲੋਕਾਂ ਦੀ ਜਾਨ ਬਚਾਉਣ ਵਿਚ ਫ਼ੇਲ ਹੋਈ ਹ ਪਰ ਸੂਬੇ ਦੇ ਲੋਕਾਂ ਨੂੰ ਡਾਕਟਰਾਂ ਵਲੋਂ ਦਿੱਤੇ ਜਾਂਦੇ ਦਿਸ਼ਾ-ਨਿਰਦੇਸ਼ਾਂ ਦੀ ਲਾਜ਼ਮੀ ਤੌਰ ’ਤੇ ਪਾਲਣਾ ਕਰਨੀ ਚਾਹੀਦੀ ਹੈ।
ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇਕ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਨ ਲਈ ਟੀਕਾ ਬਹੁਤ ਵੱਡਾ ਸਾਧਨ ਹੈ, ਇਸ ਲਈ ਬਿਨ੍ਹਾਂ ਕਿਸੇ ਡਰ ਭੈਅ ਤੋਂ ਡਾਕਟਰਾਂ ਦੀ ਸਲਾਹ ਅਨੁਸਾਰ ਹਰੇਕ ਵਿਅਕਤੀ ਨੂੰ ਇਹ ਟੀਕਾ ਲਵਾਉਣਾ ਚਾਹੀਦਾ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਬਚਾਅ ਲਈ ਜ਼ਰੂਰੀ ਟੀਕਾਕਾਰਨ ਮੁਫ਼ਤ ਕੀਤਾ ਜਾਵੇ।
ਕੈਪਟਨ ਸਰਕਾਰ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਪੰਜਾਬ ਵਿਚ ਕੋਰੋਨਾ ਪੀੜਤਾਂ ਦੀ ਮੌਤ ਦਰ 2.4 ਫੀਸਦੀ ਹੈ, ਜੋ ਸਮੁੱਚੇ ਦੇਸ਼ ਦੀ ਔਸਤਨ ਮੌਤ ਦਰ ਤੋਂ ਬਹੁਤ ਜ਼ਿਆਦਾ ਹੈ। ਸੂਬੇ ਦੀ ਕਾਂਗਰਸ ਸਰਕਾਰ ਕੋਰੋਨਾ ਮਹਾਮਾਰੀ ਦੀ ਅਗਾਊਂ ਚਿਤਾਵਨੀ ਦੇ ਬਾਵਜੂਦ ਸਿਹਤ ਸਹੂਲਤਾਂ ਦਾ ਸੁਚੱਜਾ ਪ੍ਰਬੰਧ ਕਰਨ ਵਿਚ ਫ਼ੇਲ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਜਿਲਿਆਂ ਦੇ ਹਸਪਤਾਲਾਂ ਵਿਚ ਗੰਭੀਰ ਪੀੜਤਾਂ ਦੇ ਇਲਾਜ ਲਈ ਵੈਂਟੀਲੇਟਰ ਵਿਵਸਥਾ ਹੀ ਨਹੀਂ ਹੈ। ਸੂਬੇ ਭਰ ਵਿਚ ਜਿੱਥੇ ਦਵਾਈਆਂ ਅਤੇ ਆਕਸੀਜਨ ਦੀ ਵੱਡੀ ਕਮੀ ਹੈ, ਉਥੇ ਹੀ ਪੰਜਾਬ ਦੇ ਹਸਪਤਾਲਾਂ ਵਿਚ ਵੈਂਟੀਲੇਟਰ ਚਲਾਉਣ ਵਾਲੇ ਮੁਲਾਜ਼ਮ ਹੀ ਨਹੀਂ ਹਨ। ਸੂਬੇ ਵਿਚ ਡਾਕਟਰਾਂ, ਮੈਡੀਕਲ ਸਟਾਫ਼ ਅਤੇ ਨਰਸਾਂ ਦੀ ਭਰਤੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਵੈਂਟੀਲੇਟਰ ਪ੍ਰਣਾਲੀ ਦੀ ਹਸਪਤਾਲਾਂ ਵਿਚ ਪ੍ਰਬੰਧ ਕੀਤੇ ਗਏ ਹਨ।
ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਕੋਰੋਨਾ ਤੋਂ ਬਚਾਅ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਟੀਕਾਕਰਨ ਦੀ ਰਫਤਾਰ ਬਹੁਤ ਹੌਲੀ ਹੈ। ਕੈਪਟਨ ਸਰਕਾਰ ਨੇ ਕੇਵਲ 30 ਲੱਖ ਟੀਕਿਆਂ ਦੀ ਮੰਗ ਕੀਤੀ ਹੈ, ਜਦੋਂ ਕਿ ਪੰਜਾਬ ਨੂੰ 2.5 ਕਰੋੜ ਟੀਕਿਆਂ ਦੀ ਲੋੜ ਹੈ। ਟੀਕੇ ਦੀ ਘਾਟ ਕਾਰਨ ਇਸ ਦੀ ਕਾਲਾਬਾਜ਼ਾਰੀ ਵੀ ਸੁਰੂ ਹੋ ਗਈ, ਨਿੱਜੀ ਹਸਪਤਾਲ ਪੰਜਾਬ ਵਿਚ 1250 ਰੁਪਏ ਇਕ ਟੀਕੇ ਦੇ ਵਸੂਲ ਕਰ ਰਹੇ ਹਨ।