ਐੈੱਮ. ਪੀ. ਲੈਂਡ ਫੰਡ ਤਹਿਤ ਜਾਰੀ ਰਾਸ਼ੀ ਦੇ ਵਰਤੋਂ ਸਰਟੀਫਿਕੇਟ ਸਮੇਂ ਸਿਰ ਜਮ੍ਹਾ ਕਰਵਾਏ ਜਾਣ : ਭਗਵੰਤ ਮਾਨ
Wednesday, Sep 20, 2017 - 06:49 AM (IST)

ਸੰਗਰੂਰ(ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)— ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਡਿਵੈੱਲਪਮੈਂਟ ਕੋਆਰਡੀਨੇਸ਼ਨ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੈਂਬਰ ਲੋਕ ਸਭਾ ਭਗਵੰਤ ਸਿੰਘ ਮਾਨ ਨੇ ਕੇਂਦਰੀ ਯੋਜਨਾਵਾਂ ਨੂੰ ਲਾਗੂ ਕਰਨ ਸਬੰਧੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐੱਮ.ਪੀ. ਲੈਂਡ ਫੰਡ ਤਹਿਤ ਜਾਰੀ ਹੋਣ ਵਾਲੀ ਰਾਸ਼ੀ ਦੀ ਵਰਤੋਂ ਸਬੰਧੀ ਸਰਟੀਫਿਕੇਟ ਸਮੇਂ ਸਿਰ ਜਮ੍ਹਾ ਕਰਵਾਏ ਜਾਣ ਤਾਂ ਜੋ ਪੜਾਅਵਾਰ ਪ੍ਰਾਪਤ ਹੋਣ ਵਾਲੇ ਫੰਡਾਂ ਵਿਚ ਕੋਈ ਰੁਕਾਵਟ ਨਾ ਆ ਸਕੇ।
ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਅਤੇ ਜ਼ਿਮੀਂਦਾਰਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਵਿਚ ਵੱਡੇ ਉਪਰਾਲੇ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਸੰਗਰੂਰ ਜ਼ਿਲੇ ਨੂੰ ਬਰਨਾਲਾ ਜ਼ਿਲੇ ਨਾਲ ਜੋੜਨ ਵਾਲੀਆਂ ਤਿੰਨ ਸੜਕਾਂ ਦੀ ਹਾਲਤ ਨੂੰ ਸੁਧਾਰੇ ਜਾਣ ਲਈ ਤੁਰੰਤ ਢੁਕਵੇਂ ਕਦਮ ਵੀ ਪੁੱਟੇ ਜਾਣ।
ਉਨ੍ਹਾਂ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤਹਿਤ ਸਕੂਲਾਂ 'ਚ ਲੋੜ ਮੁਤਾਬਕ ਕਮਰਿਆਂ ਤੇ ਹੋਰ ਸੁਵਿਧਾਵਾਂ, ਪਿੰਡਾਂ 'ਚ ਬਕਾਇਆ ਸੀਵਰੇਜ ਤੇ ਜਲ ਸਪਲਾਈ ਪ੍ਰਾਜੈਕਟਾਂ, ਬਾਗਬਾਨੀ, ਮੱਛੀ ਪਾਲਣ, ਆਰ. ਸੇਟੀ, ਪੈਨਸ਼ਨਾਂ, ਮਨਰੇਗਾ, ਸਰਵ ਸਿੱਖਿਆ ਅਭਿਆਨ, ਕਰੀਅਰ ਕੌਂਸਲਿੰਗ ਸਕੀਮ, ਪੰਜਾਬ ਹੁਨਰ ਵਿਕਾਸ, ਸਿਹਤ ਸਕੀਮਾਂ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵੱਛ ਭਾਰਤ ਮਿਸ਼ਨ ਆਦਿ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਮੀਟਿੰਗ ਦੌਰਾਨ ਵਿਧਾਇਕ ਦਿੜ੍ਹਬਾ ਹਰਪਾਲ ਸਿੰਘ ਚੀਮਾ ਨੇ ਵੀ ਦਿੜ੍ਹਬਾ 'ਚ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਨੇ ਕਿਹਾ ਕਿ ਲੋਕ ਹਿੱਤਾਂ ਲਈ ਉਲੀਕੇ ਜਾਣ ਵਾਲੇ ਕਾਰਜਾਂ ਨੂੰ ਸਮੇਂ ਸਿਰ ਨਿਪਟਾਇਆ ਜਾਵੇ। ਮੀਟਿੰਗ ਦੌਰਾਨ ਕਮੇਟੀ ਦੇ ਨਾਮਜ਼ਦ, ਗੈਰ-ਸਰਕਾਰੀ ਮੈਂਬਰ ਅਤੇ ਵਿਧਾਇਕ ਭਦੌੜ ਪਿਰਮਲ ਸਿੰਘ ਧੌਲਾ, ਰਣਬੀਰ ਸਿੰਘ ਢੀਂਡਸਾ, ਨਰਿੰਦਰ ਕੌਰ ਭਰਾਜ, ਵਧੀਕ ਡਿਪਟੀ ਕਮਿਸ਼ਨਰ ਰਜਿੰਦਰ ਸਿੰਘ ਬੱਤਰਾ, ਵਿਧਾਇਕ ਸੰਗਰੂਰ ਵੱਲੋਂ ਮੇਜਰ ਸਿੰਘ ਸੇਖੋਂ, ਵਿਧਾਇਕ ਸੁਨਾਮ ਦੀ ਤਰਫੋਂ ਹਰਦੀਪ ਸਿੰਘ ਭਰੂਰ, ਵਿਧਾਇਕ ਅਮਰਗੜ੍ਹ ਦੀ ਤਰਫੋਂ ਮਨਿੰਦਰ ਸਿੰਘ ਬਿੱਟਾ, ਸਹਾਇਕ ਕਮਿਸ਼ਨਰ ਦੀਪਜੋਤ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।