ਭਗਵੰਤ ਮਾਨ ਵਲੋਂ ਸੁਖਬੀਰ ਤੇ ਸੈਣੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ

Friday, May 31, 2019 - 08:46 AM (IST)

ਭਗਵੰਤ ਮਾਨ ਵਲੋਂ ਸੁਖਬੀਰ ਤੇ ਸੈਣੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੰਗ ਕੀਤੀ ਹੈ ਕਿ ਬੇਅਦਬੀ ਮਾਮਲੇ 'ਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਸਿਟ ਵੱਲੋਂ ਦੋਸ਼ੀਆਂ ਵਜੋਂ ਬਾਦਲ ਅਤੇ ਸੈਣੀ ਵਿਰੁੱਧ ਚਲਾਨ ਪੇਸ਼ ਕਰਨ ਉਪਰੰਤ ਹੁਣ ਸੁਖਬੀਰ ਬਾਦਲ ਅਤੇ ਸੈਣੀ ਦਾ ਖੁੱਲ੍ਹਾ ਘੁੰਮਣਾ ਠੀਕ ਨਹੀਂ ਹੈ, ਕਿਉਂਕਿ ਇਨ੍ਹਾਂ ਦੋਹਾਂ ਪ੍ਰਭਾਵਸ਼ਾਲੀ ਦੋਸ਼ੀਆਂ ਨੇ ਬਾਹਰ ਰਹਿੰਦਿਆਂ ਅਗਲੇਰੀ ਜਾਂਚ ਨੂੰ ਪ੍ਰਭਾਵਿਤ ਕਰਨਾ ਹੈ ਅਤੇ ਸਬੂਤ ਮਿਟਾਉਣ ਲਈ ਹਰ ਚਾਲ ਖੇਡਣੀ ਹੈ।
ਭਗਵੰਤ ਮਾਨ ਨੇ ਸਿਟ ਦੀ ਜਾਂਚ ਰਿਪੋਰਟ 'ਤੇ ਤਸੱਲੀ ਤਾਂ ਜਤਾਈ ਪਰ ਚਲਾਨ ਪੇਸ਼ ਕਰਨ 'ਚ ਦਿਖਾਈ ਦੇਰੀ 'ਤੇ ਸਵਾਲ ਵੀ ਉਠਾਏ। ਮਾਨ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨਿੱਜੀ ਅਤੇ ਸਿਆਸੀ ਤੌਰ 'ਤੇ ਬਾਦਲ ਪਰਿਵਾਰ ਦੇ ਪਹਿਰੇਦਾਰ ਵਜੋਂ ਕੰਮ ਕਰ ਰਹੇ ਹਨ, ਜੇਕਰ ਕੈਪਟਨ ਚਾਹੁੰਦੇ ਤਾਂ 2017 'ਚ ਸਰਕਾਰ ਬਣਾਉਣ ਤੋਂ ਤੁਰੰਤ ਬਾਅਦ ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ ਅਤੇ ਹੋਰਨਾਂ ਨੂੰ ਇਸ ਬੱਜਰ ਗੁਨਾਹ ਬਦਲੇ ਕਦੋਂ ਦੇ ਸਲਾਖ਼ਾਂ ਪਿੱਛੇ ਸੁੱਟ ਚੁੱਕੇ ਹੁੰਦੇ।
ਭਗਵੰਤ ਮਾਨ ਨੇ ਇਹ ਵੀ ਦੋਸ਼ ਲਾਇਆ ਕਿ ਕੈਪਟਨ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ 2019 ਲੰਘਾਉਣ ਲਈ ਬੇਅਦਬੀ ਮਾਮਲਿਆਂ 'ਚ ਬਾਦਲ ਪਰਿਵਾਰ 'ਤੇ ਪੂਰੀ ਮਿਹਰਬਾਨੀ ਰੱਖੀ, ਨਹੀਂ ਤਾਂ ਜੋ ਚਲਾਨ ਹੁਣ ਪੇਸ਼ ਹੋਇਆ ਹੈ, ਇਹ ਕਾਫ਼ੀ ਪਹਿਲਾਂ ਹੋ ਜਾਣਾ ਸੀ ਅਤੇ ਪੰਜਾਬ ਦੇ ਲੋਕਾਂ ਨੇ ਬਾਦਲ ਜੋੜੇ ਨੂੰ ਵੀ ਜਿੱਤਣ ਨਹੀਂ ਦੇਣਾ ਸੀ।

ਭਗਵੰਤ ਮਾਨ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਵੀ ਸਿਟ ਦੀ ਜਾਂਚ ਰਿਪੋਰਟ ਅਤੇ ਚਲਾਨ ਲਟਕਾਏ ਜਾਣ ਦੀ ਨੀਅਤ ਨਾਲ ਉਠਾਇਆ ਗਿਆ 'ਸਰਕਾਰੀ' ਕਦਮ ਸੀ। ਭਗਵੰਤ ਮਾਨ ਨੇ ਅਦਾਲਤ ਤੋਂ ਮੰਗ ਕੀਤੀ ਕਿ ਬੇਅਦਬੀਆਂ ਦੇ ਮਾਮਲੇ 'ਚ ਸ਼ਾਮਲ ਕਿਸੇ ਵੀ ਛੋਟੇ-ਵੱਡੇ ਦੋਸ਼ੀ ਨੂੰ ਬਖ਼ਸ਼ਿਆ ਨਾ ਜਾਵੇ ਅਤੇ ਅਜਿਹੀ ਮਿਸਾਲੀਆ ਸਜ਼ਾ ਦਿੱਤੀ ਜਾਵੇ ਕਿ ਭਵਿੱਖ 'ਚ ਕੋਈ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੀ ਹਿੰਮਤ ਨਾ ਕਰ ਸਕੇ।


author

Babita

Content Editor

Related News