''ਆਪ'' ਦਾ ਕਾਂਗਰਸ ਨਾਲ ਕੋਈ ਚੋਣ ਸਮਝੌਤਾ ਨਹੀਂ ਹੋ ਰਿਹਾ : ਭਗਵੰਤ ਮਾਨ

Monday, Dec 24, 2018 - 02:02 PM (IST)

''ਆਪ'' ਦਾ ਕਾਂਗਰਸ ਨਾਲ ਕੋਈ ਚੋਣ ਸਮਝੌਤਾ ਨਹੀਂ ਹੋ ਰਿਹਾ : ਭਗਵੰਤ ਮਾਨ

ਤਪਾ ਮੰਡੀ (ਮਾਰਕੰਡਾ) : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਤਪਾ ਦੀਆਂ ਵੱਖ-ਵੱਖ ਸੰਸਥਾਵਾਂ ਵਿਖੇ ਹੋਈਆਂ ਜਨਤਕ ਮੀਟਿੰਗਾਂ 'ਚ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਦੀ ਕਾਰਗੁਜ਼ਾਰੀ ਨੂੰ ਪਰਖ਼ ਕੇ ਵੇਖ ਲਿਆ ਹੈ। ਉਹ ਆਪਣੇ ਰਾਜ ਭਾਗ ਦੌਰਾਨ ਸੂਬੇ ਦਾ ਕੁਝ ਵੀ ਨਹੀਂ ਸੰਵਾਰ ਸਕੀਆਂ ਸਗੋਂ ਚੋਣ ਮੈਨੀਫੈਸਟੋਆਂ ਰਾਹੀਂ ਝੂਠੇ ਵਾਅਦੇ ਕਰ ਕੇ ਸੱਤਾ ਹਥਿਆਉਣ 'ਚ ਕਾਮਯਾਬ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ 'ਆਪ' ਪਾਰਟੀ ਦੀ ਕੇਜਰੀਵਾਲ ਦੀ ਨਮੂਨੇ ਦੀ ਸਰਕਾਰ ਨੇ ਮਿਸਾਲ ਕਾਇਮ ਕਰ ਵਿਖਾਈ ਹੈ। ਦਿੱਲੀ ਦੀ ਜਨਤਾ ਕੇਜਰੀਵਾਲ ਦੀ ਸਰਕਾਰ ਦੇ ਗੁਣ ਗਾਉਂਦੀ ਨਹੀਂ ਥਕਦੀ ਕਿ ਉਨ੍ਹਾਂ ਨੂੰ ਬਿਜਲੀ, ਸਿੱਖਿਆ, ਸਿਹਤ ਅਤੇ ਮੁੱਢਲੀਆਂਂ ਬੁਨਿਆਦੀ ਸਹੂਲਤਾਂ ਅਤੇ ਰਿਆਇਤਾਂ ਇਸ ਤੋਂ ਪਹਿਲਾਂ ਕਦੇ ਨਸੀਬ ਸਨ ਹੋਈਆਂ। 

ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨਾਲ ਚੋਣ ਸਮਝੌਤਾ ਕਰਨ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ। ਕੌਮੀ ਪੱਧਰ 'ਤੇ ਚੋਣ ਮਹਾਗੱਠ ਜੋੜ ਬਣਾਉਣ ਦੀਆਂ ਮੀਟਿੰਗਾਂ 'ਚ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਸਣੇ ਆਮ ਆਦਮੀ ਪਾਰਟੀ ਵੀ ਸ਼ਾਮਲ ਹੁੰਦੀ ਰਹੀ ਹੈ ਪਰ ਅੰਤਿਮ ਫ਼ੈਸਲਾ ਤਾਂ ਸਾਡੀ ਪਾਰਟੀ ਦੀ ਕੋਰ ਕਮੇਟੀ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਸਾਡੀ ਪਾਰਟੀ 'ਚੋਂ ਖਾਰਜ ਕੀਤਾ ਹੋਇਆ ਹੈ। ਅਗਲੇ ਮਹੀਨੇ ਬਣਾਉਣ ਵਾਲੀ ਪਾਰਟੀ ਤੋਂ ਅਸੀਂ ਉਸ ਨੂੰ ਰੋਕ ਨਹੀਂ ਸਕਦੇ। ਉਸ ਦੀ ਪਾਰਟੀ 'ਚ ਜਿਹੜੇ ਵੀ ਵਿਧਾਇਕ ਸ਼ਾਮਲ ਹੋਣਗੇ, ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਹੱਥ ਧੋਣੇ ਪੈਣਗੇ।


author

Anuradha

Content Editor

Related News