ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਮੱਤੇਵਾੜਾ ਪ੍ਰੋਜੈਕਟ ਹੋਵੇਗਾ ਰੱਦ

07/11/2022 6:17:19 PM

ਚੰਡੀਗੜ੍ਹ/ਲੁਧਿਆਣਾ : ਲੁਧਿਆਣਾ ਦੇ ਮੱਤੇਵਾੜਾ ਜੰਗਲਾਂ ’ਤੇ ਚੱਲ ਰਹੇ ਵਿਵਾਦ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਫ਼ੈਸਲਾ ਲੈਂਦੇ ਹੋਏ, ਮੱਤੇਵਾੜਾ ਪ੍ਰੋਜੈਕਟ ਰੱਦ ਕਰਨ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਇਸ ਦੇ ਵਿਰੋਧ ਵਿਚ ਜ਼ਬਰਦਸਤ ਪ੍ਰਦਰਸ਼ਨ ਹੋਇਆ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਸੰਘਰਸ਼ ਦੀ ਅਗਵਾਈ ਕਰ ਰਹੀ ਸੰਘਰਸ਼ ਪਬਲਿਕ ਐਕਸ਼ਨ ਕਮੇਟੀ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਮੱਤੇਵਾੜਾ ਪ੍ਰੋਜੈਕਟ ਨੂੰ ਰੱਦ ਕਰਨ ’ਤੇ ਸਹਿਮਤੀ ਬਣ ਗਈ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਪ੍ਰੋਜੈਕਟ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। 

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ’ਚ ਬਦਲਾਅ ਨੂੰ ਲੈ ਕੇ ਅੰਦਰਖਾਤੇ ਮਚੀ ਖਲਬਲੀ, ਚਾਰ ਨਾਵਾਂ ’ਤੇ ਹੋ ਰਿਹੈ ਵਿਚਾਰ

ਐਤਵਾਰ ਨੂੰ ਵੱਡੇ ਪੱਧਰ ’ਤੇ ਹੋਇਆ ਸੀ ਵਿਰੋਧ ਪ੍ਰਦਰਸ਼ਨ

ਦੱਸਣਯੋਗ ਹੈ ਕਿ ਸਤਲੁਜ ਦਰਿਆ ਦੇ ਨਜ਼ਦੀਕ ਮੱਤੇਵਾੜਾ ਜੰਗਲ ਦੀ ਜ਼ਮੀਨ ਉਪਰ ਕਥਿਤ ਤੌਰ ’ਤੇ ਲਾਏ ਜਾਣ ਵਾਲੇ ਮੈਗਾ ਟੈਕਸਟਾਈਲ ਪਾਰਕ ਦੇ ਵਿਰੋਧ ’ਚ ਸਤਲੁਜ ਅਤੇ ਮੱਤੇਵਾੜਾ ਲਈ ਪਬਲਿਕ ਐਕਸ਼ਨ ਕਮੇਟੀ (ਪੀ. ਏ. ਸੀ.) ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਐਤਵਾਰ ਨੂੰ ਇਸ ਵਿਰੋਧ ਪ੍ਰਦਰਸ਼ਨ ’ਚ ਪੰਜਾਬ ਭਰ ਤੋਂ ਵਾਤਾਵਰਣ ਪ੍ਰੇਮੀ, ਕਿਸਾਨ ਜਥੇਬੰਦੀਆਂ, ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਵੱਡੇ ਪੱਧਰ ’ਤੇ ਸ਼ਮੂਲੀਅਤ ਕੀਤੀ। ਮੱਤੇਵਾੜਾ ਟੈਕਸਟਾਈਲ ਪ੍ਰਾਜੈਕਟ ਦਾ ਵਿਰੋਧ ਕਰਨ ਲਈ ਮੈਂਬਰ ਪਾਰਲੀਮੈਂਟ ਸੰਗਰੂਰ ਸਿਮਰਨਜੀਤ ਸਿੰਘ ਮਾਨ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਬਲਵੀਰ ਸਿੰਘ ਰਾਜੇਵਾਲ, ਨੌਜਵਾਨ ਸਮਾਜ ਸੇਵੀ ਲੱਖਾ ਸਿਧਾਣਾ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਹਲਕਾ ਸਾਹਨੇਵਾਲ ਇੰਚਾਰਜ ਵਿਕਰਮ ਸਿੰਘ ਬਾਜਵਾ, ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ, ਸਾਬਕਾ ਐੱਮ. ਪੀ. ਡਾ. ਧਰਮਵੀਰ ਗਾਂਧੀ, ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਮਹੇਸ਼ਇੰਦਰ ਸਿੰਘ ਗਰੇਵਾਲ, ਹਰਦੇਵ ਅਰਸੀ ਸਮੇਤ ਹੋਰ ਹਜ਼ਾਰਾਂ ਨੁਮਾਇੰਦੇ ਮੱਤੇਵਾੜਾ ਵਿਖੇ ਪਹੁੰਚੇ ਹੋਏ ਸਨ।

ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਭਵਿੱਖਬਾਣੀ, ਆਉਂਦੇ ਦਿਨਾਂ ’ਚ ਪੰਜਾਬ ਅੰਦਰ ਖੁੱਲ੍ਹ ਕੇ ਵਰ੍ਹਣਗੇ ਬੱਦਲ

ਮੁੱਖ ਮੰਤਰੀ ਨੇ ਦਿੱਤਾ ਸੀ ਮੀਟਿੰਗ ਦਾ ਸੱਦਾ

ਪੀ. ਏ. ਸੀ. ਦੇ ਚੇਅਰਮੈਨ ਕਰਨਲ ਸੀ. ਐੱਮ. ਲਖਨਪਾਲ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ 11 ਜੁਲਾਈ ਨੂੰ ਮੱਤੇਵਾੜਾ ਟੈਕਸਟਾਈਲ ਪਾਰਕ ਦੇ ਮੁੱਦੇ ਉਪਰ ਮਿਲਣ ਅਤੇ ਵਿਚਾਰ-ਵਟਾਂਦਰੇ ਲਈ ਮੁੱਖ ਮੰਤਰੀ ਦਫਤਰ ਵੱਲੋਂ ਸੱਦਾ ਮਿਲਿਆ ਸੀ, ਜਿਸਨੂੰ ਸਵੀਕਾਰ ਕਰਦੇ ਹੋਏ ਪੀ. ਏ. ਸੀ. ਮੁੱਖ ਮੰਤਰੀ ਭਗਵੰਤ ਮਾਨ ਅੱਗੇ ਆਪਣੀਆਂ ਮੰਗਾਂ ਰੱਖੀਆਂ। ਮੁੱਖ ਮੰਤਰੀ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਸ ਪ੍ਰਾਜੈਕਟ ਨਾਲ ਸਤਲੁਜ ਦਰਿਆ ਅਤੇ ਸ਼ੁੱਧ ਵਾਤਾਵਰਣ ਸਮੇਤ ਜੰਗਲ ਨੂੰ ਨੁਕਸਾਨ ਹੋਵੇਗਾ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਗੋਲਡੀ ਬਰਾੜ ਤੇ ਸ਼ੂਟਰ ਪ੍ਰਿਯਾਵਰਤ ਫੌਜੀ ਦੀ ਕਾਲ ਰਿਕਾਰਡ ਆਈ ਸਾਹਮਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News