ਕਾਲੇ ਕਾਨੂੰਨ ਰੱਦ ਕਰ ਕਿਸਾਨਾਂ ਤੋਂ ਮੁਆਫੀ ਮੰਗਣ ਪ੍ਰਧਾਨ ਮੰਤਰੀ ਮੋਦੀ : ਭਗਵੰਤ ਮਾਨ
Saturday, Dec 26, 2020 - 09:16 PM (IST)
ਜਲੰਧਰ,(ਵੈਬ ਡੈਸਕ): ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ ਕੱਸੇ। ਭਗਵੰਤ ਮਾਨ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕਿ ਕਿਸਾਨ ਭਰਮ ’ਚ ਨਹੀਂ ਹਨ ਬਲਕਿ ਸਰਕਾਰ ਭਰਮ ’ਚ ਹੈ। ਉਨ੍ਹਾਂ ਕਿਹਾ ਕਿ ਬੜੀ ਦੁੱਖਦਾਈ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਰ ’ਤੇ ਲੱਖਾਂ ਕਿਸਾਨ ਆਏ ਬੈਠੇ ਹਨ ਪਰ ਉਹ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ ਹਨ। ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਦਰ ’ਤੇ ਲੱਖਾਂ ਕਿਸਾਨ ਬੈਠੇ ਹਨ ਪਰ ਉਹ ਗੁਜਰਾਤ ’ਚ ਕਿਸਾਨਾਂ ਨਾਲ ਗੱਲ ਕਰਨ ਜਾਂਦੇ ਹਨ ਅਤੇ ਜਿਹੜੇ ਘਰ ਆਏ ਬੈਠੇ ਹਨ, ਉਨ੍ਹਾਂ ਨਾਲ ਗੱਲ ਨਹੀਂ ਕਰਦੇ, ਉਲਟਾ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਭਰਮ ’ਚ ਹਨ ਅਤੇ ਉਨ੍ਹਾਂ ਨੂੰ ਦੇਸ਼ਧ੍ਰੋਹੀ ਦੱਸਿਆ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਅੰਨਦਾਤਾ ਦੇਸ਼ਧ੍ਰੋਹੀ ਨਹੀਂ ਹੈ ਬਲਕਿ ਉਹ ਦਾ ਅੰਨ ਵੰਡਣ ਵਾਲਾ ਦਾਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦਰਿਆ ਦਿਲੀ ਦਿਖਾਉਣ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਕੇ ਕਿਸਾਨਾਂ ਕੋਲੋਂ ਮੁਆਫੀ ਮੰਗਣ।
ਦਿੱਲੀ ਵਿਖੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਪੰਜਾਬ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ ਹੈ ਅਤੇ ਹੁਣ ਪੂਰਾ ਦੇਸ਼ ਇਸ ਅੰਦੋਲਨ ’ਚ ਸ਼ਾਮਲ ਹੋ ਗਿਆ ਹੈ। ਸੰਸਦ ’ਚ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਸ ਦਿਨ ਅਸੀਂ ਸੰਸਦ ’ਚ ਕਾਲੇ ਕਾਨੂੰਨਾਂ ਦਾ ਪ੍ਰਧਾਨ ਮੰਤਰੀ ਸਾਹਮਣੇ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਕਿਹਾ ਤਾਂ ਉਨ੍ਹਾਂ ਸਾਡੇ ਵੱਲ ਇਕ ਵਾਰ ਵੀ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਸਾਡੇ ਨਾਲ ਕੋਈ ਗੱਲ ਕੀਤੀ, ਜਦਕਿ ਇਹ ਸਭ ਉਨ੍ਹਾਂ ਸਾਹਮਣੇ ਹੋ ਰਿਹਾ ਹੈ। ਕਿਸਾਨਾਂ ਵਲੋਂ ਅੰਦੋਲਨ ’ਚ ਰਾਜਨੀਤਕ ਆਗੂਆਂ ਨੂੰ ਸ਼ਾਮਲ ਨਾ ਹੋਣ ਦੇ ਫੈਸਲੇ ਬਾਰੇ ਮਾਨ ਨੇ ਕਿਹਾ ਕਿ ਕਿਸਾਨਾਂ ਦਾ ਇਹ ਫੈਸਲਾ ਬਹੁਤ ਹੀ ਵਧੀਆ ਹੈ ਕਿ ਸਟੇਜ ’ਤੇ ਕਿਸੇ ਵੀ ਰਾਜਨੀਤਕ ਆਗੂ ਨੂੰ ਬੋਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਲੀਡਰ ਪੜ੍ਹੇ ਲਿਖੇ ਹਨ ਅਤੇ ਉਹ ਵਧੀਆ ਤਰੀਕੇ ਨਾਲ ਕੇਂਦਰ ਨਾਲ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕ ਜਾਗਰੂਕ ਹੋ ਗਏ ਹਨ ਅਤੇ ਲੋਕ ਆਪਣੇ ਕੰਮਾਂ ਨੂੰ ਤਰਜੀਹ ਦੇਣਗੇ ਕਿਉਂÎਕਿ ਨੌਜਵਾਨ ਜਾਗਰੂਕ ਹੋ ਗਿਆ ਹੈ।