ਭਗਵੰਤ ਮਾਨ ਪੰਜਾਬੀਆਂ ਨੂੰ ਦੱਸੇ ਕਿ ਉਹ ਕਾਂਗਰਸ ''ਚ ਸ਼ਾਮਲ ਹੋਣ ਲਈ ਕਿਉਂ ਕਾਹਲਾ : ਹਰਸਿਮਰਤ
Friday, Mar 29, 2019 - 11:15 PM (IST)

ਚੰਡੀਗੜ੍ਹ,(ਅਸ਼ਵਨੀ) : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੁੱਕਰਵਾਰ 'ਆਪ' ਪੰਜਾਬ ਦੇ ਕਨਵੀਨਰ ਭਗਵੰਤ ਮਾਨ ਨੂੰ ਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਉਹ ਆਪਣੇ ਸੌੜੇ ਅਤੇ ਸੁਆਰਥੀ ਹਿੱਤਾਂ ਲਈ ਆਪ ਦੀ ਪੰਜਾਬ ਇਕਾਈ ਨੂੰ ਭੰਗ ਕਰਨ ਅਤੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਲਈ ਪੱਬਾਂ-ਭਾਰ ਕਿਉਂ ਹੋਇਆ ਬੈਠਾ ਹੈ? ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਆਪ ਵੱਲੋਂ ਕਾਂਗਰਸ ਪਾਰਟੀ ਨਾਲ ਕੀਤੀ ਜਾ ਰਹੀ ਸੌਦੇਬਾਜ਼ੀ ਸਿਰੇ ਨਾ ਚੜ੍ਹਣ ਕਰਕੇ ਭਗਵੰਤ ਮਾਨ ਦੀ ਬੌਖਲਾਹਟ ਹੁਣ ਖੁੱਲ੍ਹਕੇ ਸਾਹਮਣੇ ਆ ਰਹੀ ਹੈ। ਸੰਗਰੂਰ ਸੀਟ ਉੱਤੇ ਆਪਣੀ ਹਾਰ ਹੁੰਦੀ ਵੇਖ ਕੇ ਉਹ ਇੰਨਾ ਘਬਰਾ ਗਿਆ ਹੈ ਕਿ ਉਹ 'ਆਪ' ਨੂੰ ਭੰਗ ਕਰਨ ਦੀਆਂ ਵਿਉਂਤਾਂ ਗੁੰਦਣ ਲੱਗ ਪਿਆ ਹੈ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਸਮੇਤ ਦੂਜੀਆਂ ਪਾਰਟੀਆਂ ਵੀ ਇਹੋ ਜਿਹੇ ਬਿਆਨ ਦੇਣੇ ਸ਼ੁਰੂ ਕਰ ਦੇਣਗੀਆਂ ਕਿਉਂਕਿ ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਕਾਂਗਰਸ ਪਾਰਟੀ ਵੱਲੋਂ ਖੜ੍ਹਾ ਕੀਤਾ ਜਾ ਰਿਹਾ ਹੈ। ਮਾਨ ਨੂੰ ਕਾਂਗਰਸ ਪਾਰਟੀ ਨਾਲ ਆਪਣੇ ਮੋਹ ਬਾਰੇ ਚਾਨਣਾ ਪਾਉਣ ਲਈ ਆਖਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਮਾਨ ਇਹ ਕਹਿਣ ਤਕ ਚਲਾ ਗਿਆ ਹੈ ਕਿ 'ਆਪ' ਆਗੂ ਵੱਖ-ਵੱਖ ਖੇਤਰਾਂ 'ਚੋਂ ਆਏ ਹਨ, ਇਸ ਲਈ ਜੇਕਰ 'ਆਪ' ਦਾ ਕਾਂਗਰਸ ਪਾਰਟੀ ਨਾਲ ਰਲੇਵਾਂ ਹੋ ਗਿਆ ਤਾਂ ਉਹ ਵਾਪਸ ਪੁਰਾਣੇ ਕਿੱਤਿਆਂ ਵਿਚ ਚਲੇ ਜਾਣਗੇ। ਉਹਨਾਂ ਕਿਹਾ ਕਿ 'ਆਪ' ਆਗੂ ਦਾ ਇਹ ਬਿਆਨ ਅਕਾਲੀ ਦਲ ਦੀ ਇਸ ਦਲੀਲ ਦੀ ਪੁਸ਼ਟੀ ਕਰਦਾ ਹੈ ਕਿ 'ਆਪ' ਹਮੇਸ਼ਾਂ ਤੋਂ ਹੀ ਕਾਂਗਰਸ ਦੀ ਬੀ ਟੀਮ ਸੀ ਅਤੇ ਇਹਨਾਂ ਨੇ 2017 ਦੀਆਂ ਅਸੰਬਲੀ ਚੋਣਾਂ ਵੀ ਇੱਕ ਟੀਮ ਵਜੋਂ ਲੜੀਆਂ ਸਨ। ਤਾਜ਼ਾ ਘਟਨਾਕ੍ਰਮ ਨੇ ਸਪੱਸ਼ਟ ਕਰ ਦਿੱਤਾ ਹੈ ਕਿ 'ਆਪ' ਹੁਣ ਕਾਂਗਰਸ ਪਾਰਟੀ ਦਾ ਇੱਕ ਹਿੱਸਾ ਹੈ।