ਪੰਜਾਬ ’ਚ ਪੈਦਾ ਹੋਏ ਬਿਜਲੀ ਸੰਕਟ ’ਤੇ ਬੋਲੇ ਭਗਵੰਤ ਮਾਨ, ਕੈਪਟਨ-ਸੁਖਬੀਰ ’ਤੇ ਦਿੱਤਾ ਵੱਡਾ ਬਿਆਨ
Friday, Jul 02, 2021 - 11:05 PM (IST)
ਚੰਡੀਗੜ੍ਹ : ਪੰਜਾਬ ਵਿਚ ਪੈਦਾ ਹੋਏ ਬਿਜਲੀ ਸੰਕਟ ਲਈ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ’ਤੇ ਜ਼ਿੰਮੇਵਾਰ ਦੱਸਿਆ ਹੈ। ਮਾਨ ਦਾ ਕਹਿਣਾ ਹੈ ਕਿ ਜਿਸ ਸਮੇਂ ਅਤਿ ਦੀ ਗਰਮੀ ਵਿਚ ਸਾਰੇ ਪੰਜਾਬ ਦੇ ਲੋਕ ਅਤੇ ਕਿਸਾਨ ਸੜਕਾਂ ’ਤੇ ਸਨ ਤਾਂ ਅਜਿਹੇ ਸਮੇਂ ਵਿਚ ਮੁੱਖ ਮੰਤਰੀ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਆਪਣੇ ਸਿਸਵਾ ਵਾਲੇ ਫਾਰਮ ਹਾਊਸ ਵਿਚ ਸ਼ਾਹੀ ਪਕਵਾਨ ਖਵਾ ਰਹੇ ਸਨ। ਜਦਕਿ ਅੱਧੀ ਕਾਂਗਰਸ ਸਰਕਾਰ ਦਿੱਲੀ ਵਿਚ ਬੈਠੀ ਆਰਾਮ ਫਰਮਾ ਰਹੀ ਸੀ। ਮਾਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੀਆਂ ਨੀਤੀਆਂ ਸਹੀ ਹੁੰਦੀਆਂ ਤਾਂ ਅੱਜ ਪੰਜਾਬ ਅੱਧੇ ਭਾਰਤ ਨੂੰ ਬਿਜਲੀ ਵੇਚਦਾ ਹੁੰਦਾ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ਨੀਵਾਰ ਨੂੰ ਮੁੱਖ ਮੰਤਰੀ ਦੀ ਸਿਸਵਾ ਵਾਲੀ ਰਿਹਾਇਸ਼ ਘੇਰੇਗੀ। ਇਸ ਰੋਸ ਪ੍ਰਦਰਸ਼ਨ ਵਿਚ ਪੰਜਾਬ ਭਰ ’ਚੋਂ ਵਾਲੰਟੀਅਰ ਪਹੁੰਚਣਗੇ ਅਤੇ ਮੁੱਖ ਮੰਤਰੀ ਦੇ ਘਰ ਵੱਲ ਕੂਚ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ’ਚ ਪੈਦਾ ਹੋਏ ਬਿਜਲੀ ਸੰਕਟ ਦੌਰਾਨ ਸਿੱਧੂ ਨੇ ਪੰਜਾਬ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
ਇਸ ਦੇ ਨਾਲ ਹੀ ਮਾਨ ਨੇ ਅਕਾਲੀ ਦਲ ’ਤੇ ਵੀ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਕਿਹੜੇ ਮੂੰਹ ਨਾਲ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਸੁਖਬੀਰ ਬਾਦਲ ਦੱਸੇ ਕਿ ਜਿਹੜੇ ਤਿੰਨ ਸਮਝੌਤੇ ਹੋਏ ਸਨ, ਉਹ ਕਿਸ ਨੇ ਕੀਤੇ, ਇਹ ਸਮਝੌਤੇ ਰੱਦ ਵੀ ਨਹੀਂ ਕੀਤੇ ਜਾ ਸਕਦੇ। ਇਨ੍ਹਾਂ ਸਮਝੌਤਿਆਂ ਰਾਹੀਂ ਅਕਾਲੀ ਦਲ ਨੇ 20-25 ਸਾਲ ਲਈ ਪੰਜਾਬ ਦੇ ਹੱਥ ਵੱਢ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਪੱਖੀਆਂ ਵਾਲੀ ਮੁਹਿੰਮ ਚਲਾ ਰਿਹਾ ਹੈ, ਪਰ ਮਜੀਠੀਆ ਦੱਸੇ ਕਿ ਪੰਜਾਬ ਦੇ ਸੋਲਰ ਪਲਾਂਟਾਂ ਵਿਚ ਤੁਹਾਡੇ ਪਰਿਵਾਰ ਦੇ ਕਿੰਨੇ ਮੈਂਬਰ ਹਨ।
ਇਹ ਵੀ ਪੜ੍ਹੋ : ਕੈਪਟਨ ਦੀ ਰਾਹੁਲ-ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਨਾ ਹੋਣ ’ਤੇ ਬੋਲੇ ਹਰੀਸ਼ ਰਾਵਤ, ਆਖੀ ਵੱਡੀ ਗੱਲ
ਮਾਨ ਨੇ ਕਿਹਾ ਕਿ ਜਿਸ ਸਮੇਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਉਥੇ ਵੀ ਬਿਜਲੀ ਸਮਝੌਤੇ ਸਨ ਪਰ ਕੇਜਰੀਵਾਲ ਨੇ ਵਿਧਾਨ ਸਭਾ ਰਾਹੀਂ ਇਨ੍ਹਾਂ ਸਮਝੌਤਿਆਂ ਨੂੰ ਰੱਦ ਕੀਤਾ ਅਤੇ ਅੱਜ ਦਿੱਲੀ ਵਿਚ ਸਸਤੀ ਅਤੇ 24 ਘੰਟੇ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਰਗੇ ਸੂਬੇ ਜਿਸ ਕੋਲ ਭਾਖੜਾ ਅਤੇ ਰਣਜੀਤ ਸਾਗਰ ਡੈਮ ਹਨ, ਵਿਚ ਇਹ ਕਿਉਂ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਵਿਚ ਹਰ ਤਰ੍ਹਾਂ ਦੇ ਮਾਫੀਏ ਨੇ ਪੈਰ ਪਸਾਰੇ ਜਦਕਿ ਹੁਣ ਸੁਖਬੀਰ ਬਾਦਲ ਮਾਈਨਿੰਗ ਵਰਗੀਆਂ ਰੇਡਾਂ ਮਾਰ ਕੇ ਡਰਾਮਾ ਕਰ ਰਹੇ ਹਨ। ਨਵਜੋਤ ਸਿੱਧੂ ’ਤੇ ਬੋਲਦਿਆਂ ਮਾਨ ਨੇ ਕਿਹਾ ਕਿ ਸਿੱਧੂ ਸੁਝਾਅ ਤਾਂ ਦੇ ਰਹੇ ਹਨ ਪਰ ਚੰਗਾ ਹੁੰਦਾ ਜੇਕਰ ਉਹ ਬਿਜਲੀ ਮਹਿਕਮਾ ਲੈ ਕੇ ਪੰਜਾਬ ਦੇ ਲੋਕਾਂ ਨੂੰ ਕੁਝ ਰਾਹਤ ਦਿੰਦੇ। ਮਾਨ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਸਿੱਧੂ ਨੂੰ ਬਿਜਲੀ ਮਹਿਕਮਾ ਸਾਂਭਣ ਦੀ ਸਲਾਹ ਦਿੱਤੀ ਸੀ।
ਇਹ ਵੀ ਪੜ੍ਹੋ : ਗਲ਼ਤ ਬਿਜਲੀ ਸਮਝੌਤੇ ਰੱਦ ਕਰਨ ਦੀ ਤਿਆਰੀ ’ਚ ਕੈਪਟਨ, ਚੁੱਕ ਸਕਦੇ ਵੱਡਾ ਕਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?