ਭਗਵੰਤ ਮਾਨ ਸਰਕਾਰ ਦਾ ਵੱਡਾ ਕਦਮ, ਪਠਾਨਕੋਟ ਵਿਖੇ ਬਣੇਗਾ ਨਵਾਂ ਸਰਕਟ ਹਾਊਸ

Sunday, May 14, 2023 - 05:51 PM (IST)

ਭਗਵੰਤ ਮਾਨ ਸਰਕਾਰ ਦਾ ਵੱਡਾ ਕਦਮ, ਪਠਾਨਕੋਟ ਵਿਖੇ ਬਣੇਗਾ ਨਵਾਂ ਸਰਕਟ ਹਾਊਸ

ਚੰਡੀਗੜ੍ਹ/ਪਠਾਨਕੋਟ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਠਾਨਕੋਟ ਵਿਖੇ ਨਵੇਂ ਸਰਕਟ ਹਾਊਸ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਲੋਕ ਨਿਰਮਾਣ ਵਿਭਾਗ, ਪੰਜਾਬ ਵੱਲੋਂ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਇਸ ਸਰਕਟ ਹਾਊਸ ਦਾ ਕੁੱਲ ਖੇਤਰ 22800 ਵਰਗ ਫੁੱਟ ਹੋਵੇਗਾ, ਜਿੱਥੇ ਗਰਾਊਂਡ ਤੋਂ ਇਲਾਵਾ ਦੋ ਮੰਜ਼ਿਲਾਂ ਉਸਾਰੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇੱਥੇ ਕੁੱਲ 12 ਕਮਰੇ ਤਜਵੀਜ਼ ਕੀਤੇ ਗਏ ਹਨ, ਜਿਨ੍ਹਾਂ ਵਿਚ 2 ਵੀ.ਵੀ.ਆਈ.ਪੀਜ. ਸੈੱਟ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਕਾਨਫਰੰਸ ਹਾਲ ਅਤੇ ਇਕ ਡਰਾਇੰਗ ਰੂਮ ਉਸਾਰਿਆ ਜਾਵੇਗਾ।
ਲੋਕ ਨਿਰਮਾਣ ਮੰਤਰੀ ਨੇ ਅੱਗੇ ਦੱਸਿਆ ਕਿ ਪਠਾਨਕੋਟ ਵਿਖੇ ਨਵੇਂ ਉਸਾਰੇ ਜਾਣ ਵਾਲੇ ਸਰਕਟ ਹਾਊਸ ਲਈ ਪ੍ਰਸ਼ਾਸਕੀ ਪ੍ਰਵਾਨਗੀ ਪ੍ਰਾਹੁਣਚਾਰੀ ਵਿਭਾਗ ਪੰਜਾਬ ਪਾਸੋਂ ਪ੍ਰਾਪਤ ਹੋ ਚੁੱਕੀ ਹੈ ਅਤੇ ਇਸ ਕੰਮ ਦੇ ਟੈਂਡਰ ਕਾਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਅਗਲੇ 6 ਮਹੀਨੇ ’ਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ ਇਕ ਪਾਸੇ ਹਿਮਾਚਲ ਪ੍ਰਦੇਸ਼ ਅਤੇ ਦੂਜੇ ਪਾਸੇ ਜੰਮੂ ਅਤੇ ਕਸ਼ਮੀਰ ਲੱਗਦਾ ਹੈ, ਜਿਸ ਕਰਕੇ ਇੱਥੇ ਦੇਸ਼ ਭਰ ’ਚੋਂ ਆਉਣ ਵਾਲੇ ਮਹਿਮਾਨਾਂ, ਅਧਿਕਾਰੀਆਂ ਅਤੇ ਹੋਰ ਵਿਸ਼ੇਸ਼ ਵਿਅਕਤੀਆਂ ਦੇ ਠਹਿਰਾਅ ਲਈ ਕਿਸੇ ਉਚਿਤ ਰਿਹਾਇਸ਼ ਦਾ ਪ੍ਰਬੰਧ ਨਹੀਂ ਸੀ, ਜਿਸ ਕਰਕੇ ਸੂਬਾ ਸਰਕਾਰ ਵੱਲੋਂ ਪਠਾਨਕੋਟ ਵਿਖੇ ਸਰਕਟ ਹਾਉਸ ਉਸਾਰਨਾ ਤਜਵੀਜ ਕੀਤਾ ਗਿਆ ਸੀ।


author

Gurminder Singh

Content Editor

Related News