ਭਗਵੰਤ ਮਾਨ ਦਾ ਕੇਂਦਰ ''ਤੇ ਵੱਡਾ ਹਮਲਾ, ਬਾਦਲ-ਕੈਪਟਨ ਨੂੰ ਲਗਾਏ ਰਗੜੇ

05/19/2020 7:57:51 PM

ਚੰਡੀਗੜ੍ਹ (ਰਮਨਜੀਤ) : ਭਗਵੰਤ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਖੇਤੀ ਸੈਕਟਰ ਨੂੰ ਤਬਾਹ ਕਰਨ ਅਤੇ ਅੰਬਾਨੀ-ਅਡਾਨੀ ਵਰਗਿਆਂ ਦੇ ਕਾਰਪੋਰੇਟਸ ਘਰਾਣਿਆਂ ਨੂੰ ਹੋਰ ਡਾਹਢੇ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਬਾਦਲ ਪਰਿਵਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖੇ ਹਮਲੇ ਕੀਤੇ ਹਨ। ਭਗਵੰਤ ਮਾਨ ਮੰਗਲਵਾਰ ਨੂੰ ਰਾਜਧਾਨੀ 'ਚ ਮੀਡੀਆ ਦੇ ਰੂ-ਬ-ਰੂ ਹੋਏ ਅਤੇ ਉਨ੍ਹਾਂ ਕੇਂਦਰ ਸਰਕਾਰ ਵਲੋਂ ਕੋਰੋਨਾ ਦੇ ਕਹਿਰ ਦੌਰਾਨ ਲਏ ਗਏ ਕਈ ਫ਼ੈਸਲਿਆਂ ਅਤੇ ਕੀਤੇ ਗਏ ਐਲਾਨਾਂ ਨੂੰ ਗ਼ਰੀਬਾਂ ਨਾਲ ਧੋਖਾ, ਕਿਸਾਨਾਂ-ਮਜ਼ਦੂਰਾਂ ਲਈ ਬਰਬਾਦੀ ਅਤੇ ਕਾਰਪੋਰੇਟਸ ਘਰਾਣਿਆਂ ਲਈ ਵਰਦਾਨ ਦੱਸਿਆ। ਮਾਨ ਨੇ ਕਿਹਾ ਕਿ ਸੰਘੀ ਢਾਂਚੇ ਮੁਤਾਬਿਕ ਸੂਬਿਆਂ ਦੇ ਅਧਿਕਾਰਾਂ 'ਤੇ ਡਾਕੇ ਮਾਰਨ 'ਚ ਮੋਦੀ ਸਰਕਾਰ ਨੇ ਕਾਂਗਰਸ ਨੂੰ ਵੀ ਮਾਤ ਦੇ ਦਿੱਤੀ ਹੈ। ਹੁਣ ਤੱਕ ਕਿਸਾਨਾਂ ਤੇ ਅਸਲੀ ਸੰਘੀ ਢਾਂਚੇ ਦਾ ਅਲੰਬਰਦਾਰ ਕਹਾਉਣ ਵਾਲੇ ਅਕਾਲੀ ਦਲ (ਬਾਦਲ) ਨੇ ਹਰਸਿਮਰਤ ਦੀ ਵਜ਼ੀਰੀ ਬਦਲੇ ਪੰਜਾਬ ਅਤੇ ਪੰਜਾਬੀਆਂ ਦੇ ਹੱਕ ਮੋਦੀ ਕੋਲ ਗਹਿਣੇ ਰੱਖ ਦਿੱਤੇ। 

ਇਹ ਵੀ ਪੜ੍ਹੋ : ਚੀਫ਼ ਸੈਕਟਰੀ ਦੇ ਬਾਈਕਾਟ ਦਾ ਐਲਾਨ ਹਵਾ-ਹਵਾਈ, ਮੰਤਰੀਆਂ ਨਾਲ ਹੋਈ ਬੈਠਕ

ਭਗਵੰਤ ਮਾਨ ਨੇ ਬਾਦਲਾਂ ਨੂੰ ਪੁੱਛਿਆ ਕਿ ਜਦ ਖੁੱਲ੍ਹੀ ਮੰਡੀ ਜਾਂ ਇਕ ਰਾਸ਼ਟਰ ਇਕ ਮੰਡੀ ਦੇ ਨਾਅਰੇ ਹੇਠ ਪੰਜਾਬ ਅਤੇ ਹਰਿਆਣਾ ਦੇ ਮੰਡੀਕਰਨ ਢਾਂਚੇ (ਜਿਸ ਨੂੰ ਦੁਨੀਆ ਦਾ ਸਰਵੋਤਮ ਮੰਡੀ ਸਿਸਟਮ ਮੰਨਿਆਂ ਜਾਂਦਾ ਹੈ) ਨੂੰ ਖ਼ਤਮ ਕਰ ਕੇ ਪ੍ਰਾਈਵੇਟ ਘਰਾਣਿਆਂ ਨੂੰ ਪੰਜਾਬ ਦੀਆਂ ਮੰਡੀਆਂ 'ਚ ਖ਼ਤਰਨਾਕ ਐਂਟਰੀ ਦੇ ਮਨਸੂਬੇ (ਨੀਤੀਆਂ) ਬਣ ਰਹੀਆਂ ਸਨ ਤਾਂ ਹਰਸਿਮਰਤ ਨੇ ਵਿਰੋਧ ਕਿਉਂ ਨਹੀਂ ਕੀਤਾ? ਜਦ ਸੰਵਿਧਾਨ ਮੁਤਾਬਿਕ ਖੇਤੀ, ਜ਼ਮੀਨ ਅਤੇ ਅੰਦਰੂਨੀ ਮੰਡੀ ਪ੍ਰਬੰਧ ਰਾਜ ਸੂਚੀ 'ਚ ਆਉਂਦਾ ਹੈ ਤਾਂ ਬਾਦਲਾਂ ਅਤੇ ਕੈਪਟਨ ਨੇ ਖੇਤੀ ਉਤਪਾਦ ਮੰਡੀ ਕਮੇਟੀ (ਏ. ਪੀ. ਐੱਮ. ਸੀ.) ਕਾਨੂੰਨ 'ਚ ਕੇਂਦਰ ਦੇ ਤਾਨਾਸ਼ਾਹੀ ਦਖ਼ਲ ਦਾ ਵਿਰੋਧ ਕਿਉਂ ਨਾ ਕੀਤਾ ਅਤੇ ਪਹਿਲਾਂ ਈ-ਮੰਡੀ ਅਤੇ ਹੁਣ ਪ੍ਰਾਈਵੇਟ ਕੰਪਨੀਆਂ ਦੀ ਪੰਜਾਬ ਦੀਆਂ ਮੰਡੀਆਂ 'ਚ ਸਿੱਧੀ ਐਂਟਰੀ ਬਾਰੇ ਹਾਮੀ ਕਿਉਂ ਭਰੀ?

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੀਆਂ 13 ਵੱਖ-ਵੱਖ ਕਮੇਟੀਆਂ ਦਾ ਗਠਨ

ਮਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ-ਨਾਲ ਐਗਰੀਕਲਚਰ ਕਲੱਸਟਰ (ਖੇਤੀ ਜ਼ੋਨ) ਪੰਜਾਬ 'ਚ ਵੀ ਸਥਾਪਿਤ ਕਰਨ ਦੀ ਤਿਆਰੀ ਕਰ ਲਈ ਹੈ। ਜੇਕਰ ਮੋਦੀ ਸਰਕਾਰ ਨੂੰ ਇਹ ਘਾਤਕ ਕਦਮ ਚੁੱਕਣ ਤੋਂ ਨਾ ਰੋਕਿਆ ਗਿਆ ਤਾਂ ਕਿਸਾਨ, ਮਜ਼ਦੂਰ, ਆੜ੍ਹਤੀਏ, ਪੱਲੇਦਾਰ, ਟਰਾਂਸਪੋਰਟਰਾਂ ਦੀ ਬਰਬਾਦੀ ਤੈਅ ਹੈ।

ਇਹ ਵੀ ਪੜ੍ਹੋ : ਪਠਾਨਕੋਟ 'ਚ ਮੁੜ ਲੱਗੇ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ 

ਉਨ੍ਹਾਂ ਕਿਹਾ ਕਿ ਬਾਦਲ ਤਾਂ ਵਜ਼ੀਰੀ ਲਈ ਵਿਕ ਗਏ ਪਰ ਕਿਸੇ ਮਜਬੂਰੀ ਜਾਂ ਮਿਲੀਭੁਗਤ ਵਸ ਕੈਪਟਨ ਅਮਰਿੰਦਰ ਦਾ 'ਭਗਵਾਕਰਨ' ਪੰਜਾਬ ਲਈ ਬੇਹੱਦ ਭਾਰੀ ਸਾਬਤ ਹੋਵੇਗਾ। ਮਾਨ ਨੇ ਵਿਅੰਗਮਈ ਅੰਦਾਜ਼ 'ਚ ਕਿਹਾ ਕਿ ਹੈਰਾਨ ਨਾ ਹੋਇਓ ਕੈਪਟਨ ਅਮਰਿੰਦਰ ਸਿੰਘ ਦੀ ਦਾੜ੍ਹੀ ਬੰਨ੍ਹਣ ਵਾਲੀ ਜਾਲੀ ਦਾ ਰੰਗ ਕਦੇ ਵੀ ਭਗਵਾ ਹੋ ਸਕਦਾ ਹੈ, ਇਹੋ ਕਾਰਨ ਹੈ ਕਿ ਉਹ ਮੋਦੀ ਦੀ ਬੋਲੀ-ਬੋਲਦੇ ਹਨ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਪੰਜਾਬ 'ਚ ਸ਼ਰਾਬ ਮਾਫ਼ੀਆ ਸਮੇਤ ਧੜੱਲੇ ਨਾਲ ਚੱਲ ਰਹੀ ਮਾਫ਼ੀਆ ਦੀ ਲੁੱਟ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲਿਆ ਅਤੇ ਐਲਾਨ ਕੀਤਾ ਕਿ ਜੇਕਰ 2022 'ਚ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਤਾਂ ਕੈਪਟਨ ਤੋਂ ਲੈ ਕੇ ਬਾਦਲਾਂ ਤੱਕ ਦੇ ਮਾਫ਼ੀਆ ਰਾਜ 'ਚ ਹੋਈ ਲੁੱਟ ਦਾ ਸਾਰਾ ਹਿਸਾਬ ਲਿਆ ਜਾਵੇਗਾ।

ਇਹ ਵੀ ਪੜ੍ਹੋ : 14 ਨੌਜਵਾਨਾਂ ਲਈ ਰੱਬ ਬਣ ਕੇ ਆਇਆ ਡਾ. ਓਬਰਾਏ, 75 ਲੱਖ ਬਲੱਡ ਮਨੀ ਦੇ ਕੇ ਮੌਤ ਦੇ ਮੂੰਹੋਂ ਬਚਾਇਆ 


Gurminder Singh

Content Editor

Related News