ਪੰਜਾਬੀਆਂ ਦੀ ਬਦੌਲਤ ਹੀ ਮੁੱਖ ਮੰਤਰੀ ਦੀ ਕੁਰਸੀ ''ਤੇ ਬੈਠਾ ਹੈ ਬਿਪਲਬ ਦੇਬ : ਭਗਵੰਤ ਮਾਨ

Tuesday, Jul 21, 2020 - 10:49 PM (IST)

ਪੰਜਾਬੀਆਂ ਦੀ ਬਦੌਲਤ ਹੀ ਮੁੱਖ ਮੰਤਰੀ ਦੀ ਕੁਰਸੀ ''ਤੇ ਬੈਠਾ ਹੈ ਬਿਪਲਬ ਦੇਬ : ਭਗਵੰਤ ਮਾਨ

ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਵਲੋਂ ਪੰਜਾਬੀਆਂ ਅਤੇ ਹਰਿਆਣਵੀਆਂ ਬਾਰੇ ਕੀਤੀ ਘਟੀਆ ਟਿੱਪਣੀ ਦਾ ਸਖ਼ਤ ਨੋਟਿਸ ਲੈਂਦਿਆਂ ਭਾਜਪਾ ਨੂੰ ਘੇਰਿਆ ਹੈ। ਬਿਪਲਬ ਦੇਬ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਜਿਹੀਆਂ ਫ਼ਿਰਕੂ ਅਤੇ ਨਸਲੀ ਟਿੱਪਣੀਆਂ ਇਕੱਲੇ ਬਿਪਲਬ ਦੇਬ ਦੀ ਹੀ ਨਹੀਂ ਸਗੋਂ ਸਮੁੱਚੀ ਭਾਜਪਾ ਦੀ ਜ਼ਹਿਰੀਲੀ ਸੋਚ ਦਾ ਪ੍ਰਗਟਾਵਾ ਕਰਦੀਆਂ ਹਨ, ਜੋ ਬੇਹੱਦ ਨਿੰਦਣਯੋਗ ਹੈ।

ਜ਼ਿਕਰਯੋਗ ਹੈ ਕਿ ਬਿਪਲਬ ਦੇਬ ਨੇ ਤ੍ਰਿਪੁਰਾ ਵਿਚ ਬੋਲਦਿਆਂ ਕਿਹਾ ਸੀ ਕਿ ਪੰਜਾਬੀ ਸਰਦਾਰ ਅਤੇ ਹਰਿਆਣੇ ਦੇ ਜਾਟ ਸਰੀਰਕ ਪੱਖੋਂ ਤਾਂ ਤਕੜੇ ਹੁੰਦੇ ਹਨ ਪਰ ਦਿਮਾਗ਼ੀ ਤੌਰ 'ਤੇ ਖਾਲੀ ਹੁੰਦੇ ਹਨ। ਇਕ ਸਾਂਝੇ ਬਿਆਨ ਰਾਹੀਂ 'ਆਪ' ਪੰਜਾਬ ਪ੍ਰਧਾਨ ਭਗਵੰਤ ਮਾਨ ਸਮੇਤ ਨੇਤਾ ਵਿਰੋਧੀ ਧਿਰ ਹਰਪਾਲ ਚੀਮਾ, ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਮੀਤ ਹੇਅਰ, ਜੈ ਕਿਸ਼ਨ ਸਿੰਘ ਰੋੜੀ, ਰੁਪਿੰਦਰ ਕੋਰ ਰੂਬੀ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਬਿਪਲਬ ਦੇਬ ਅਤੇ ਭਾਜਪਾ ਦੀ ਇਸ ਘਟੀਆ ਟਿੱਪਣੀ ਲਈ ਨਿਖੇਧੀ ਕੀਤੀ।

ਮਾਨ ਨੇ ਕਿਹਾ ਕਿ ਜਿਸ ਕੌਮ ਬਾਰੇ ਭਾਜਪਾ ਦੇ ਮੁੱਖ ਮੰਤਰੀ ਨੇ ਘਟੀਆ ਟਿੱਪਣੀ ਕੀਤੀ ਹੈ, ਜੇਕਰ ਉਹ ਕੌਮ (ਪੰਜਾਬੀ) ਦੇਸ਼ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਲਈ 90 ਪ੍ਰਤੀਸ਼ਤ ਕੁਰਬਾਨੀਆਂ ਨਾ ਦਿੰਦੇ ਤਾਂ ਅੱਜ ਬਿਪਲਬ ਦੇਬ ਮੁੱਖ ਮੰਤਰੀ ਦੀ ਕੁਰਸੀ 'ਤੇ ਨਾ ਬੈਠਾ ਹੁੰਦਾ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿਚ ਪੰਜਾਬੀਆਂ ਨੇ ਆਪਣਾ ਖ਼ਾਸ ਮੁਕਾਮ ਬਣਾਇਆ ਹੈ। ਜਦੋਂ ਦੇਸ਼ (ਭਾਰਤ) ਆਜ਼ਾਦੀ ਉਪਰੰਤ ਭੁੱਖਮਰੀ ਨਾਲ ਨਾਲ ਜੂਝ ਰਿਹਾ ਸੀ ਤਾਂ ਪੰਜਾਬ ਅਤੇ ਹਰਿਆਣਾ ਦੇ ਅੰਨਦਾਤਾ ਕਿਸਾਨਾਂ ਨੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਕੀਤਾ। ਮਾਨ ਨੇ ਭਾਜਪਾ ਹਾਈਕਮਾਨ ਕੋਲੋਂ ਮੰਗ ਕੀਤੀ ਕਿ ਉਹ ਬਿਪਲਬ ਦੇਬ ਨੂੰ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਨ। ਆਤਮ ਸਨਮਾਨ ਦੀ ਰੱਖਿਆ ਲਈ ਅਜਿਹੀਆਂ ਘਟੀਆ ਟਿੱਪਣੀਆਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
 


author

Deepak Kumar

Content Editor

Related News