ਕੈਪਟਨ ਦਾ ''ਫਿਊਜ਼'' ਉਡਾਉਣ ਲਈ ''ਕੇਜਰੀਵਾਲ ਬ੍ਰਿਗੇਡ'' ਨੇ ਖੋਲ੍ਹਿਆ ਮੋਰਚਾ!

02/08/2019 6:32:06 PM

ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸੰਗਰੂਰ ਦੇ ਪਿੰਡ ਘਰਾਚੋ ਤੋਂ ਪੰਜਾਬ 'ਚ ਵਧੇ ਹੋਏ ਬਿਜਲੀ ਦੇ ਰੇਟਾਂ ਨੂੰ ਲੈ ਕੇ 'ਬਿਜਲੀ ਅੰਦੋਲਨ' ਦੀ ਸ਼ੁਰੂਆਤ ਕਰਦੇ ਹੋਏ ਸਰਕਾਰ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ ਹੈ। ਅੰਦੋਲਨ ਦੀ ਸ਼ੁਰੂਆਤ ਕਰਦੇ ਹੋਏ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਇਸ ਅੰਦੋਲਨ ਨੂੰ ਪਿੰਡ-ਪਿੰਡ ਪਹੁੰਚਾਇਆ ਜਾਵੇਗਾ ਅਤੇ ਪੂਰੇ ਪੰਜਾਬ ਵਿਚ ਸਰਕਾਰ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਿਰਫ 1 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਰਹੀ ਹੈ ਜਦਕਿ ਪੰਜਾਬ ਵਿਚ 10 ਰੁਪਏ ਯੂਨਿਟ ਹੈ। ਜਿਸ ਨਾਲ ਗਰੀਬਾਂ ਦਾ ਬੁਰਾ ਹਾਲ ਹੋਇਆ ਪਿਆ ਹੈ। 
ਮਾਨ ਨੇ ਕਿਹਾ ਕਿ ਗਰੀਬ ਤਬਕੇ ਨੂੰ ਪੰਜਾਬ ਸਰਕਾਰ ਵਲੋਂ 40 ਤੋਂ 50 ਹਜ਼ਾਰ ਰੁਪਏ ਬਿਜਲੀ ਦੇ ਬਿੱਲ ਭੇਜੇ ਜਾ ਰਹੇ ਹਨ। ਅੱਜ ਪੰਜਾਬ ਸਰਕਾਰ ਨੂੰ ਸੂਬੇ ਨੂੰ ਬਿਜਲੀ ਸਰਪਲੱਸ ਹੋਣ ਦਾ ਦਾਅਵਾ ਕਰ ਰਹੀ ਹੈ ਅਤੇ ਬਿਜਲੀ ਬਾਹਰੀ ਸੂਬਿਆਂ ਨੂੰ ਵੇਚੇ ਜਾਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਜਦਕਿ ਸੂਬੇ ਵਿਚ ਬਿਜਲੀ ਦੇ ਰੇਟ ਸਭ ਤੋਂ ਵੱਧ ਹਨ। ਇਸ ਦੌਰਾਨ ਮਾਨ ਨੇ ਸਾਫ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਬਸਪਾ ਨਾਲ ਅਤੇ ਪੰਜਾਬ ਵਿਚ ਟਕਸਾਲੀਆਂ ਨਾਲ ਗਠਜੋੜ ਦੀ ਗੱਲਬਾਤ ਚੱਲ ਰਹੀ ਹੈ ਅਤੇ ਜਲਦ ਹੀ ਇਸ ਦਾ ਐਲਾਨ ਕੀਤਾ ਜਾਵੇਗਾ।


Gurminder Singh

Content Editor

Related News