ਹੂੰਝਾ-ਫੇਰ ਜਿੱਤ ਤੋਂ ਬਾਅਦ ਬੋਲੇ ਭਗਵੰਤ ਮਾਨ, ਮਾਂ ਦੇ ਸਾਹਮਣੇ ਸਟੇਜ ’ਤੇ ਖੜ੍ਹੇ ਹੋ ਕੇ ਦਿੱਤਾ ਵੱਡਾ ਬਿਆਨ

Thursday, Mar 10, 2022 - 04:41 PM (IST)

ਧੂਰੀ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੂੰਝਾ ਫੇਰ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਪੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ ਹੈ। ਮਾਨ ਨੇ ਕਿਹਾ ਕਿ ਇਸ ਜਿੱਤ ਲਈ ਉਹ ਲੋਕਾਂ ਦਾ ਧੰਨਵਾਦ ਕਰਦੇ ਹਨ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣਾ ਕੰਮ ਕਰ ਦਿੱਤਾ ਹੈ, ਹੁਣ ਵਾਰੀ ਮੇਰੀ ਹੈ, ਇਕ ਮਹੀਨੇ ਦੇ ਅੰਦਰ ਜਨਤਾ ਨੂੰ ਫਰਕ ਨਜ਼ਰ ਆਉਣ ਲੱਗੇਗਾ। ਇਸ ਦੌਰਾਨ ਸਟੇਜ ’ਤੇ ਮੌਜੂਦ ਭਗਵੰਤ ਮਾਨ ਦੀ ਮਾਂ ਨੇ ਕਿਹਾ ਕਿ ਹੁਣ ਲੋਕਾਂ ਦੀ ਸਰਕਾਰ ਆਈ ਹੈ। ਭਗਵੰਤ ਮਾਨ ਨਹੀਂ ਤੁਸੀਂ ਸਰਕਾਰ ਚਲਾਉਣੀ ਹੈ, ਇਸ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਪੰਜਾਬ ’ਚ ‘ਆਪ’ ਦੀ ਜਿੱਤ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਟਵੀਟ ਆਇਆ ਸਾਹਮਣੇ

ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਦੁਨੀਆ ਦੇ ਕੋਨੇ-ਕੋਨੇ ਵਿਚ ਵਸੇ ਪੰਜਾਬੀਆਂ ਦਾ ਧੰਨਵਾਦ ਹੈ। ਹਰ ਪੰਜਾਬੀ ਨੇ ਪੰਜਾਬ ਨੂੰ ਦੋਬਾਰਾ ਪੰਜਾਬ ਬਨਾਉਣ ਦੀ ਲੜਾਈ ਵਿਚ ਹਿੱਸਾ ਪਾਇਆ, ਲਿਹਾਜ਼ਾ ਉਨ੍ਹਾਂ ਸਭ ਦਾ ਧੰਨਵਾਦ। ਮਾਨ ਨੇ ਕਿਹਾ ਕਿ ਵਿਰੋਧੀਆਂ ਨੇ ਸਾਡੇ ’ਤੇ ਚਿੱਕੜ ਸੁੱਟਿਆ, ਕੇਜਰੀਵਾਲ ਅਤੇ ਮੈਨੂੰ ਹੇਠਾਂ ਦਰਜੇ ਦੀਆਂ ਟਿੱਪਣੀਆਂ ਕੀਤੀਆਂ ਗਈਆਂ, ਸਾਡੇ ਪਰਿਵਾਰਾਂ ਲਈ ਘਟੀਆ ਸ਼ਬਦਾਵਲੀ ਵਰਤੀ ਗਈ। ਅੱਜ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਹੀ ਅਜਿਹੀ ਸ਼ਬਦਾਵਲੀ ਮੁਬਾਰਕ। ਤੁਸੀਂ ਚਿੱਕੜ ਸੁੱਟਿਆ, ਮਾੜੀਆਂ ਟਿੱਪਣੀਆਂ ਕੀਤੀਆਂ ਜਿਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਪਰ ਚਿੱਕੜ ਸੁੱਟਣ ਵਾਲਿਆਂ ਨੂੰ ਅਸੀਂ ਮੁਆਫ ਕਰਦੇ ਹਾਂ। ਪਰ ਹੁਣ ਉਹ ਪੌਣੇ ਤਿੰਨ ਕਰੋੜ ਪੰਜਾਬੀਆਂ ਦੀ ਇੱਜ਼ਤ ਕਰਨੀ ਪਵੇਗੀ। ਸਰਕਾਰੀ ਦਫਤਰਾਂ ਦੇ ਗੇੜੇ ਮਾਰਦੇ ਮਾਰਦੇ ਸਾਡੇ ਬਜ਼ੁਰਗਾਂ ਦੀਆਂ ਚੱਪਲਾਂ ਘਸ ਗਈਆਂ ਹੁਣ ਉਨ੍ਹਾਂ ਦਾ ਸਤਿਕਾਰ ਕਰਨਾ ਪਵੇਗਾ। ਹੁਣ ਉਹੀ ਬਾਬੂ ਤੁਹਾਡੇ ਪਿੰਡਾਂ ਵਿਚ ਆਉਣਗੇ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਪੰਜਾਬ ‘ਆਪ’ਦੀ ਸਰਕਾਰ ਬਣਨੀ ਤੈਅ, ਬਾਦਲ, ਕੈਪਟਨ ਤੇ ਸਿੱਧੂ ਵਰਗੇ ਦਿੱਗਜਾਂ ਨੂੰ ਝਟਕਾ

ਮਾਨ ਨੇ ਕਿਹਾ ਕਿ ਜਿਵੇਂ ਪੰਜਾਬੀਆਂ ਨੇ ਇਕੱਠੇ ਹੋ ਕੇ ਵੋਟਾਂ ਪਾਈਆਂ ਹਨ, ਹੁਣ ਇਸੇ ਤਰ੍ਹਾਂ ਪੰਜਾਬ ਵੀ ਚਲਾਉਣਾ ਹੈ। ਪਹਿਲਾਂ ਪੰਜਾਬ ਮੋਤੀ ਮਹਿਲ, ਸਿਸਵਾਂ ਫਾਰਮ ਹਾਊਸ ਅਤੇ ਵੱਡੀਆਂ ਵੱਡੀਆਂ ਕੋਠੀਆਂ ’ਚੋਂ ਚੱਲਦਾ ਸੀ ਪਰ ਹੁਣ ਪੰਜਾਬ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚੋਂ ਚੱਲੇਗਾ। ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਜਲਾਲਾਬਾਦ, ਕੈਪਟਨ ਪਟਿਆਲਾ, ਸਿੱਧੂ-ਮਜੀਠੀਆ ਅੰਮ੍ਰਿਤਸਰ ਅਤੇ ਚੰਨੀ ਸਾਬ੍ਹ ਤਾਂ ਦੋਵੇਂ ਸੀਟਾਂ ਤੋਂ ਹਾਰ ਗਏ। ਸੱਚੀਆਂ ਨੀਤਾਂ ਨੂੰ ਮੁਰਾਦਾਂ ਹੁੰਦੀਆਂ ਹਨ। ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਂ ਉਨ੍ਹਾਂ ਦਾ ਧੰਨਵਾਦ ਪਰ ਜਿਨ੍ਹਾਂ ਨੇ ਨਹੀਂ ਪਾਈਆਂ ਉਨ੍ਹਾਂ ਦਾ ਵੀ ਧੰਨਵਾਦ। ਅਸੀਂ ਕਿਸੇ ਨਾਲ ਬਦਲੇ ਦੀ ਰਾਜਨੀਤੀ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਫਿਕਰ ਬੇਰੁਜ਼ਗਾਰੀ ਦਾ ਹੈ। ਪਹਿਲੇ ਦਿਨ ਹੀ ਮੈਂ ਹਰੇ ਰੰਗ ਦਾ ਪੈੱਨ ਬੇਰੁਜ਼ਗਾਰੀ ਦੂਰ ਕਰਨ ਲਈ ਚੁੱਕ ਲਿਆ ਹੈ। ਹੁਣ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ, ਅਸੀਂ ਆਪਣਾ ਘਰ ਹੀ ਠੀਕ ਕਰਾਂਗੇ। ਪੰਜਾਬ ਨੂੰ ਹੌਲੀ-ਹੌਲੀ ਪੱਟ਼ੜੀ ’ਤੇ ਚਾੜਾਂਗੇ।

ਇਹ ਵੀ ਪੜ੍ਹੋ : ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਹਾਰੇ, ‘ਆਪ’ ਦੇ ਅਜੀਤਪਾਲ 19,697 ਦੇ ਫਰਕ ਨਾਲ ਜੇਤੂ

 


Gurminder Singh

Content Editor

Related News