ਮਿਸ਼ਨ ''ਚੜ੍ਹਦੀ ਕਲਾ'' ਦੇ ਸਮਰਥਨ ’ਚ ਆਏ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਵੱਡੀ ਗਿਣਤੀ ਪ੍ਰਵਾਸੀ ਭਾਰਤੀ : ਭਗਵੰਤ ਮਾਨ
Monday, Oct 13, 2025 - 11:04 AM (IST)

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)-ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਪ੍ਰਵਾਸੀ ਭਾਰਤੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ 'ਚੜ੍ਹਦੀ ਕਲਾ' ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਦੋਵੇਂ ਮੁਲਕਾਂ ਤੋਂ ਪ੍ਰਵਾਸੀ ਭਾਰਤੀਆਂ ਨਾਲ ਆਨਲਾਈਨ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਦੇਸ਼ ਨਾਲ ਪ੍ਰਵਾਸੀ ਭਾਰਤੀਆਂ ਦੇ ਮਜ਼ਬੂਤ ਭਾਵਨਾਤਮਕ ਤੇ ਵਿਕਾਸ ਦੇ ਰਿਸ਼ਤੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਬਾਹਰਲੇ ਮੁਲਕਾਂ ’ਚ ਆਪਣੀ ਪਛਾਣ ਬਣਾਈ ਹੈ ਪਰ ਫਿਰ ਵੀ ਉਹ ਕਦੇ ਆਪਣੀ ਮਾਤਭੂਮੀ ਨੂੰ ਨਹੀਂ ਭੁੱਲੇ। ਉਨ੍ਹਾਂ ਨੇ ਹਮੇਸ਼ਾ ਆਪਣੇ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ, ਖੇਡਾਂ ਨੂੰ ਉਤਸ਼ਾਹਤ ਕਰਨ ਅਤੇ ਇਥੋਂ ਤੱਕ ਕਿ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਕਾਇਮ ਰੱਖਣ ’ਚ ਵੀ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਪੜ੍ਹੋ Latest ਅਪਡੇਟ, ਜਾਣੋ 17 ਅਕਤੂਬਰ ਤੱਕ ਕਿਹੋ ਜਿਹਾ ਰਹੇਗਾ ਮੌਸਮ
ਉਨ੍ਹਾਂ ਕਿਹਾ ਕਿ ਇਹ ਐੱਨ. ਆਰ. ਆਈ. ਟਾਊਨਹਾਲ ਇਕ ਆਨਲਾਈਨ ਗੱਲਬਾਤ ਸੈਸ਼ਨ ਹੈ, ਜੋ ਆਸਟ੍ਰੇਲੀਆ ਤੇ ਨਿਊਜ਼ੀਲੈਂਡ ’ਚ ਵੱਸਦੇ ਪ੍ਰਵਾਸੀ ਪੰਜਾਬੀਆਂ ਨੂੰ ਮਿਸ਼ਨ ਚੜ੍ਹਦੀ ਕਲਾ ਨਾਲ ਜੋੜਨ ਲਈ ਤਿਆਰ ਕੀਤਾ ਗਿਆ ਹੈ। ਇਸ ਮਿਸ਼ਨ ਦਾ ਮਕਸਦ ਪੰਜਾਬ ਦੇ ਰਾਹਤ ਤੇ ਮੁੜ-ਵਸੇਬਾ ਯਤਨਾਂ ਲਈ ਆਲਮੀ ਸਮਰਥਨ ਇਕੱਠਾ ਕਰਨਾ ਹੈ। ਪ੍ਰਵਾਸੀ ਭਾਰਤੀ ਸੂਬੇ ਦੇ ਪੁਨਰ ਨਿਰਮਾਣ ਕਾਰਜ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਨੂੰ ਚੱਲ ਰਹੇ ਰਿਕਵਰੀ ਪ੍ਰਾਜੈਕਟਾਂ ਬਾਰੇ ਦੱਸਿਆ ਤੇ ਉਨ੍ਹਾਂ ਨੂੰ ਸੀ. ਐੱਸ. ਆਰ. ਰਾਹੀਂ ਰੰਗਲਾ ਪੰਜਾਬ ਫੰਡ ’ਚ ਯੋਗਦਾਨ ਦੇਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ‘ਚੜ੍ਹਦੀ ਕਲਾ’ ਮਿਸ਼ਨ ਅਜਿਹੀ ਪਹਿਲ ਹੈ, ਜਿਸ ਦਾ ਮਕਸਦ ਪੰਜਾਬ ’ਚ ਹੜ੍ਹ ਪੀੜਤਾਂ ਦੀ ਭਲਾਈ ਲਈ ਸਹਾਇਤਾ ਕਰਨਾ ਹੈ। ਕਈ ਸਮਾਜ ਸੇਵੀ ਪਹਿਲਾਂ ਹੀ ‘ਚੜ੍ਹਦੀ ਕਲਾ’ ਮਿਸ਼ਨ ਦੇ ਸਮਰਥਨ ਕਰਨ ਲਈ ਅੱਗੇ ਆਏ ਹਨ। ਇਹ ਦੁਨੀਆ ਭਰ ਦੇ ਸਾਰੇ ਪੰਜਾਬੀਆਂ ਨੂੰ ਇਸ ਵੱਡ-ਆਕਾਰੀ ਮੁਸੀਬਤ ਦੀ ਘੜੀ ਦੌਰਾਨ ਇਕ ਪਰਿਵਾਰ ਵਜੋਂ ਇਕਜੁੱਟ ਹੋਣ ਦਾ ਸੱਦਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਦੁਨੀਆ ਭਰ ’ਚ ਵਸਦੇ ਹੋਰ ਪੰਜਾਬੀ ਵੀ ਆਪਣੇ ਸੁਪਨਿਆਂ ਦੇ ਪੰਜਾਬ ਦੇ ਪੁਨਰ ਨਿਰਮਾਣ ਲਈ ਖੁੱਲ੍ਹ ਕੇ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਇਕੱਠਾ ਕੀਤਾ ਗਿਆ ਇਕ-ਇਕ ਪੈਸਾ ਹੜ੍ਹ ਪੀੜਤਾਂ ਦੀ ਭਲਾਈ ਅਤੇ ਮੁੜ-ਵਸੇਬੇ ਲਈ ਪੂਰੀ ਸੂਝਬੂਝ ਨਾਲ ਖ਼ਰਚਿਆ ਜਾਵੇਗਾ।
ਇਹ ਵੀ ਪੜ੍ਹੋ:ਕਹਿਰ ਓ ਰੱਬਾ! ਪੰਜਾਬ 'ਚ ਦੋ ਸਕੇ ਭਰਾਵਾਂ ਦੀ ਸੱਪ ਦੇ ਡੰਗਣ ਕਾਰਨ ਮੌਤ, ਤੜਫ਼-ਤਰਫ਼ ਕੇ ਨਿਕਲੀ ਜਾਨ
ਇਸ ਦੌਰਾਨ ਬ੍ਰਿਸਬੇਨ, ਮੈਲਬੌਰਨ, ਐਡੀਲੇਡ, ਸਿਡਨੀ, ਪਰਥ ਅਤੇ ਆਕਲੈਂਡ ਤੋਂ ਮੁੱਖ ਮੰਤਰੀ ਨਾਲ ਜੁੜੇ ਪ੍ਰਵਾਸੀ ਭਾਈਚਾਰੇ ਨੇ ਇਸ ਨੇਕ ਕਾਰਜ ਲਈ ਸੂਬਾ ਸਰਕਾਰ ਨੂੰ ਪੂਰਾ ਸਮਰਥਨ ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਆਗੂਆਂ, ਉੱਦਮੀਆਂ, ਪੇਸ਼ੇਵਰਾਂ, ਕਾਰੋਬਾਰੀ ਮਾਲਕਾਂ, ਪੰਜਾਬੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਹੋਰਾਂ ਸਮੇਤ ਪ੍ਰਵਾਸੀ ਭਾਰਤੀ ਭਾਈਚਾਰੇ ਨੇ ਭਰੋਸਾ ਦਿੱਤਾ ਕਿ ਉਹ ਇਸ ਮਿਸ਼ਨ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣਗੇ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪੰਜਾਬ ਵਿਚ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਉਣ ਲਈ ਠੋਸ ਯਤਨ ਕਰਨ ਵਾਸਤੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਸੰਜੀਵ ਅਰੋੜਾ, ਮੁੱਖ ਸਕੱਤਰ ਕੇ. ਏ. ਪੀ. ਸਿਨਹਾ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਤੇ ਹੋਰ ਮੌਜੂਦ ਸਨ।
ਇਹ ਵੀ ਪੜ੍ਹੋ: ਲੁਧਿਆਣਾ ਕੇਂਦਰੀ ਜੇਲ੍ਹ ਦਾ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8