ਸਾਲ ਦੇ ਪਹਿਲੇ ਦਿਨ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਸ਼ੁਰੂ ਕੀਤੀ ਇਹ ਸਕੀਮ
Sunday, Jan 01, 2023 - 06:49 PM (IST)
ਚੰਡੀਗੜ੍ਹ : ਸੂਬੇ ਦੇ ਲੋਕਾਂ ਨੂੰ ਆਨਲਾਈਨ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਇਕ ਨਿਵੇਕਲੀ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਸਬੰਧੀ ਨਵੇਂ ਸਾਲ ਤੋਂ ਅਰਜ਼ੀਆਂ ਸਬੰਧੀ ਸਮੁੱਚੀ ਪ੍ਰਕਿਰਿਆ ਪੋਰਟਲ ’ਤੇ ਸ਼ੁਰੂ ਕਰਕੇ ਇਕ ਵੱਡਾ ਉੱਦਮ ਕੀਤਾ ਗਿਆ ਹੈ। ਅਸ਼ੀਰਵਾਦ ਸਕੀਮ ਨੂੰ ਹੋਰ ਸੁਖਾਲਾ ਅਤੇ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ 1 ਜਨਵਰੀ, 2023 ਤੋਂ ਇਸ ਸਕੀਮ ਅਧੀਨ ਸਾਰੀਆਂ ਅਰਜ਼ੀਆਂ ਆਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ। ਲਾਭਪਾਤਰੀ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ http://ashirwad.punjab.gov.in ਪੋਰਟਲ ’ਤੇ ਅਪਲਾਈ ਕਰ ਸਕਦਾ ਹੈ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦਾ ਵਿੱਦਿਅਕ, ਸਮਾਜਿਕ ਅਤੇ ਆਰਥਿਕ ਵੱਖ-ਵੱਖ ਸਕੀਮਾਂ ਲਾਗੂ ਕੀਤੀਆਂ ਗਈਆਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਦੇ 19646 ਲਾਭਪਾਤਰੀਆਂ ਨੂੰ ਅਤੇ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ 12090 ਲਾਭਪਾਤਰੀਆਂ ਕੁੱਲ 31736 ਲਾਭਪਾਤਰੀਆਂ ਨੂੰ 161.61 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਮੌਕੇ ਸ੍ਰੀ ਦਰਬਾਰ ਸਾਹਿਬ ’ਚ ਵਾਪਰੀ ਵੱਡੀ ਘਟਨਾ, ਖੁਦ ਨੂੰ ਵਕੀਲ ਦੱਸਣ ਵਾਲੇ ਦੀ ਕਰਤੂਤ ਨੇ ਉਡਾਏ ਹੋਸ਼
ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ.ਸੀ ਸਟੂਡੈਂਟਸ ਸਕੀਮ ਤਹਿਤ 1,95,139 ਵਿਦਿਆਰਥੀਆਂ ਲਈ 184.04 ਕਰੋੜ ਰੁਪਏ ਜਾਰੀ ਕੀਤੇ ਗਏ। ਇਸ ਸਕੀਮ ਤਹਿਤ ਵਿਦਿਆਰਥੀਆਂ ਵੱਲੋਂ ਵਿਦਿਅਕ ਸੈਂਸ਼ਨ 2022-23 ਦੌਰਾਨ ਅਪਲਾਈ ਕਰਨ ਲਈ ਡਾ.ਅੰਬੇਡਕਰ ਸਕਾਲਰਸ਼ਿਪ ਪੋਰਟਲ ਮਿਤੀ 08-06-2022 ਤੋਂ ਖੋਲ੍ਹਿਆ ਗਿਆ, ਜਿਸ ’ਤੇ ਮਿਤੀ 22-12-2022 ਤੱਕ 2,42,463 ਵਿਦਿਆਰਥੀਆਂ ਵੱਲੋਂ ਅਪਲਾਈ ਕੀਤਾ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਦੀ ਪੂਰੀ ਫੀਸ ਅਤੇ ਵਜ਼ੀਫਾ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਦੇ ਮਕਸਦ ਨਾਲ ਨਿਊ ਵੋਕੇਸ਼ਨਲ ਟਰੇਨਿੰਗ ਇੰਨ ਆਈ.ਟੀ.ਆਈਜ਼ ਸਕੀਮ ਤਹਿਤ 1744 ਸਿਖਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਗਈ। ਪ੍ਰੀ-ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ ਕਮ ਮੀਨਸ ਬੇਸਡ ਸਕਾਲਰਸ਼ਿਪ ਸਕੀਮ ਤਹਿਤ ਘੱਟ ਗਿਣਤੀ ਵਰਗ ਨਾਲ ਸਬੰਧਤ 556857 ਵਿਦਿਆਰਥੀਆਂ ਨੂੰ 109.66 ਕਰੋੜ ਰੁਪਏ ਦੀ ਰਾਸ਼ੀ ਡੀ.ਬੀ.ਟੀ ਮੈਡ ਰਾਹੀ ਸਕਾਲਰਸ਼ਿਪ ਵਜੋਂ ਦਿੱਤੀ ਗਈ। ਪੰਜਾਬ ਅਨੁਸੂਚਿਤ ਜਾਤੀਆਂ ਤੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਰਾਹੀਂ ਅਨੁਸੂਚਿਤ ਜਾਤੀਆਂ ਦੇ 242 ਲਾਭਪਾਤਰੀਆਂ ਨੂੰ ਸੈਲਫ ਇੰਪਲਾਈਮੈਂਟ ਸਕੀਮਾਂ ਅਧੀਨ 4.85 ਕਰੋੜ ਰੁਪਏ ਦੇ ਕਰਜ਼ੇ ਅਤੇ 0.06 ਕਰੋੜ ਰੁਪਏ ਦੀ ਸਬਸਿਡੀ ਦੀ ਰਕਮ ਵੰਡੀ ਗਈ। ਪੰਜਾਬ ਪੱਛੜੀਆਂ ਸ਼੍ਰੇਣੀਆਂ ਤੇ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਸੈਲਫ ਇੰਪਲਾਈਮੈਂਟ ਸਕੀਮਾਂ ਅਧੀਨ 135 ਲਾਭਪਾਤਰੀਆਂ ਨੂੰ 2.86 ਕਰੋੜ ਰੁਪਏ ਦੇ ਕਰਜ਼ੇ ਦੀ ਰਕਮ ਵੰਡੀ।
ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਬਾਰੇ ਵੱਡਾ ਖ਼ੁਲਾਸਾ, ਤਿੰਨ ਮਹੀਨਿਆਂ ’ਚ ਰੋਟੀ-ਪਾਣੀ ’ਤੇ ਖਰਚੇ 60 ਲੱਖ ਰੁਪਏ
ਉਨ੍ਹਾਂ ਦੱਸਿਆ ਕਿ ਅੰਬੇਡਕਰ ਇੰਸਟੀਚਿਊਟ ਆਫ ਕਰੀਅਰਜ਼ ਐਂਡ ਕੋਰਸਿਜ਼ ਸੰਸਥਾ, ਐੱਸ.ਏ.ਐੱਸ.ਨਗਰ ਵਿਖੇ ਸਾਲ ਦੌਰਾਨ ਆਈ.ਏ.ਐੱਸ. ਪੀ.ਸੀ.ਐੱਸ ਅਤੇ ਬੈਂਕ ਪੀ.ਓ ਦੇ ਪ੍ਰੀਲਿਮਨਰੀ ਇੰਗਜ਼ਾਮੀਨੇਸ਼ਨ ਲਈ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ 102 ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ। ਸਟੈਨੋਗ੍ਰਾਫੀ ਸਿਖਲਾਈ ਸਕੀਮ ਅਧੀਨ ਪੰਜਾਬੀ ਅਤੇ ਅੰਗਰੇਜੀ ਭਾਸ਼ਾ ਦੇ ਕੁੱਲ 67 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਸੰਸਥਾ ਵਿਚ ਮੁਫਤ ਰਿਹਾਇਸ਼ ਅਤੇ ਖਾਣ ਪੀਣ ਦਾ ਉਪਬੰਧ ਕੀਤਾ ਗਿਆ। ਵਜ਼ੇਫੇ ਵਜੋਂ 1500/-ਰੁਪਏ ਪ੍ਰਤੀ ਮਹੀਨਾ ਦਿੱਤਾ ਗਿਆ। ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਡਾ.ਬੀ.ਆਰ.ਅੰਬੇਡਕਰ ਭਵਨ ਸਥਾਪਤ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਤਾਂ ਜੋ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਹੋਰ ਗਰੀਬ ਵਰਗ ਦੇ ਲੋਕਾਂ ਲਈ ਸਿੰਗਲ ਵਿੰਡੋਂ ਇਕ ਛੱਤ ਹੇਠ ਸਹੂਲਤਾਂ ਮੁਹੱਈਆਂ ਕਰਵਾਈ ਜਾਣ। ਹੁਣ ਤੱਕ 17 ਜ਼ਿਲ੍ਹਿਆਂ ਵਿਚ ਡਾ.ਬੀ.ਆਰ ਅੰਬੇਡਕਰ ਭਵਨ ਦੀ ਸਥਾਪਨਾ ਕੀਤੀ ਗਈ ਹੈ। ਬਾਕੀ ਰਹਿੰਦੇ 06 ਜ਼ਿਲ੍ਹਿਆਂ ਵਿਚ (ਐੱਸ.ਏ.ਐੱਸ.ਨਗਰ, ਬਰਨਾਲਾ ਅਤੇ ਮਲੇਰਕੋਟਲਾ) ਡਾ. ਅੰਬੇਡਕਰ ਭਵਨ ਸਥਾਪਤ ਕਰਨ ਲਈ ਜ਼ਮੀਨ ਦਾ ਪ੍ਰਬੰਧ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਇਨ੍ਹਾਂ ਵਿੱਚੋਂ ਜ਼ਿਲ੍ਹਾ ਪਠਾਨਕੋਟ, ਤਰਨਤਾਰਨ ਅਤੇ ਫਾਜ਼ਿਲਕਾ ਵਿਖੇ ਜ਼ਮੀਨ ਦਾ ਪ੍ਰਬੰਧ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਸਹੁਰੇ ਨੂੰ ਬੇਹੋਸ਼ ਕਰਕੇ ਨੂੰਹ ਨੇ ਚਾੜ੍ਹ ਦਿੱਤਾ ਚੰਨ, ਜਦੋਂ ਪਰਿਵਾਰ ਨੂੰ ਕਰਤੂਤ ਪਤਾ ਲੱਗੀ ਤਾਂ ਉੱਡੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।