''ਆਪ'' ਨੇਤਾਵਾਂ ਨੇ ਮਾਨ ਤੇ ਅਰੋੜਾ ਦੇ ਅਸਤੀਫ਼ੇ ਰੱਦ ਕਰਨ ਦੀ ਕੀਤੀ ਸਿਫ਼ਾਰਿਸ਼

Sunday, Aug 05, 2018 - 05:13 AM (IST)

''ਆਪ'' ਨੇਤਾਵਾਂ ਨੇ ਮਾਨ ਤੇ ਅਰੋੜਾ ਦੇ ਅਸਤੀਫ਼ੇ ਰੱਦ ਕਰਨ ਦੀ ਕੀਤੀ ਸਿਫ਼ਾਰਿਸ਼

ਚੰਡੀਗੜ੍ਹ(ਰਮਨਜੀਤ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੂਬਾ ਪੱਧਰੀ ਲੀਡਰਸ਼ਿਪ ਨੇ ਅੱਜ ਇੱਥੇ ਪਾਰਟੀ ਦੇ ਜ਼ੋਨ ਪ੍ਰਧਾਨਾਂ, ਵਿੰਗ ਪ੍ਰਧਾਨਾਂ, ਜ਼ਿਲਾ ਪ੍ਰਧਾਨਾਂ ਅਤੇ ਹਲਕਾ ਪ੍ਰਧਾਨਾਂ ਨਾਲ ਬੈਠਕ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਕੀਤੀ, ਜਿਸ ਵਿਚ ਪੰਜਾਬ ਵਿਧਾਨ ਸਭਾ ਲਈ ਵਿਰੋਧੀ ਧਿਰ ਦੇ ਨਵ-ਨਿਯੁਕਤ ਨੇਤਾ ਹਰਪਾਲ ਸਿੰਘ ਚੀਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਡਾ. ਬਲਬੀਰ ਮੁਤਾਬਿਕ 13 ਅਗਸਤ ਨੂੰ ਪਾਰਟੀ ਦੇ ਸਮੂਹ ਅਹੁਦੇਦਾਰਾਂ ਦੀ ਜਲੰਧਰ 'ਚ ਬੈਠਕ ਬੁਲਾਈ ਗਈ ਹੈ, ਜਿਸ ਵਿਚ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਉਚੇਚੇ ਤੌਰ 'ਤੇ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਪਾਰਟੀ ਨੇ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸਮਰਪਿਤ 15 ਅਗਸਤ ਨੂੰ ਈਸੜੂ ਵਿਖੇ ਅਤੇ 26 ਅਗਸਤ ਨੂੰ ਰੱਖੜ ਪੁੰਨਿਆ ਦੇ ਮੌਕੇ ਬਾਬਾ ਬਕਾਲਾ 'ਚ ਪਾਰਟੀ ਕਾਨਫ਼ਰੰਸ ਕਰਨ ਦਾ ਫ਼ੈਸਲਾ ਇਸ ਬੈਠਕ ਦੌਰਾਨ ਲਿਆ । ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਬੈਠਕ ਦੌਰਾਨ ਸਾਰੇ ਅਹੁਦੇਦਾਰਾਂ ਨੇ ਮਤਾ ਪਾਸ ਕਰ ਕੇ ਪਾਰਟੀ ਹਾਈਕਮਾਨ ਨੂੰ ਸਿਫ਼ਾਰਸ਼ ਕੀਤੀ ਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਸਹਿ-ਪ੍ਰਧਾਨ ਅਮਨ ਅਰੋੜਾ ਵੱਲੋਂ ਦਿੱਤੇ ਅਸਤੀਫ਼ਿਆਂ ਨੂੰ ਤੁਰੰਤ ਰੱਦ ਕਰ ਦਿੱਤਾ ਜਾਵੇ। ਇਸ ਲਈ ਸਾਰੇ ਵਿਧਾਇਕਾਂ ਅਤੇ ਪਾਰਟੀ ਲੀਡਰਸ਼ਿਪ ਲਈ ਧੰਨਵਾਦ ਮਤਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਬੈਠਕ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਲਈ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਵਿਰੁੱਧ ਨਿੰਦਾ ਪ੍ਰਸਤਾਵ ਪਾਸ ਕੀਤਾ ਅਤੇ ਭਵਿੱਖ 'ਚ ਅਜਿਹੀ ਹਰਕਤ ਨਾ ਕਰਨ ਦੀ ਤਾੜਨਾ ਕੀਤੀ ਗਈ। ਬੈਠਕ ਦੌਰਾਨ ਮੌਜੂਦਾ ਪ੍ਰਸਥਿਤੀਆਂ ਦੇ ਮੱਦੇਨਜ਼ਰ ਪਾਰਟੀ ਦੇ ਉਨ੍ਹਾਂ ਸਾਰੇ ਆਗੂਆਂ ਨੂੰ ਪਾਰਟੀ ਮੁੱਖ ਧਾਰਾ 'ਚ ਮੁੜਨ ਦੀ ਅਪੀਲ ਕੀਤੀ ਗਈ, ਜੋ ਆਰ. ਐੱਸ. ਐੱਸ., ਭਾਜਪਾ, ਅਕਾਲੀ ਦਲ ਤੇ ਬੈਂਸ ਭਰਾਵਾਂ ਦੇ ਝਾਂਸੇ 'ਚ ਆ ਕੇ ਕੁਰਾਹੇ ਪੈ ਗਏ ਹਨ। ਬੈਠਕ ਦੌਰਾਨ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਪਾਰਟੀ ਨੂੰ ਕਿਸੇ ਵੀ ਕੀਮਤ 'ਤੇ ਟੁੱਟਣ ਨਹੀਂ ਦਿੱਤਾ ਜਾਵੇਗਾ। ਬੈਠਕ ਦੌਰਾਨ ਜ਼ੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਦਲਬੀਰ ਸਿੰਘ ਢਿੱਲੋਂ, ਡਾ. ਰਵਜੋਤ ਸਿੰਘ ਅਤੇ ਗੁਰਦਿੱਤ ਸਿੰਘ ਸੇਖੋਂ ਸਮੇਤ ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ, ਜ਼ਿਲਾ ਪ੍ਰਧਾਨਾਂ ਅਤੇ ਹਲਕਾ ਪ੍ਰਧਾਨਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। 


Related News