ਸੰਸਦ ਦੀ ਵੀਡੀਓ ਬਣਾ ਕੇ ਬੁਰੇ ਫਸੇ ਮਾਨ, ਕੇਜਰੀਵਾਲ ਕਰ ਸਕਦੇ ਹਨ ਪਾਰਟੀ ''ਚੋਂ ਛੁੱਟੀ!

07/24/2016 5:47:04 PM

ਲੁਧਿਆਣਾ (ਮੁੱਲਾਂਪੁਰੀ) - ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜਕਲ ਆਪਣੀ ਹੀ ਪਾਰਟੀ ਦੇ ਸੰਗਰੂਰ ਤੋਂ ਜੇਤੂ ਰਹੇ ਕਾਮੇਡੀ ਕਲਾਕਾਰ ਭਗਵੰਤ ਮਾਨ ਦੀਆਂ ਗਤੀਵਿਧੀਆਂ ਅਤੇ ਆਪਹੁਦਰੀਆਂ ਕਾਰਵਾਈਆਂ ਤੋਂ ਕਾਫੀ ਖਫਾ ਤੇ ਪ੍ਰੇਸ਼ਾਨ ਦੱਸੇ ਜਾ ਰਹੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੇਜਰੀਵਾਲ ਪਹਿਲਾਂ ਪੰਜਾਬ ਵਿਚ ਯੂਥ ਵਿੰਗ ਦੇ ਚੋਣ ਮੈਨੀਫੈਸਟੋ ''ਤੇ ਦਰਬਾਰ ਸਾਹਿਬ ਦੀ ਫੋਟੋ ਨਾਲ ਝਾੜੂ ਛਾਪੇ ਜਾਣ ''ਤੇ ਆਪਣੀ ਪੰਜਾਬ ਲੀਡਰਸ਼ਿਪ ਤੋਂ ਕਾਫੀ ਦੁਖੀ ਸਨ ਅਤੇ ਉਨ੍ਹਾਂ ਉਪਰ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਸੰਸਥਾਵਾਂ ਨੇ ਕੋਰਟ ਦੇ ਦਰਵਾਜ਼ੇ ਵੀ ਖੜਕਾਏ ਹੋਏ ਹਨ ਅਤੇ ਕੇਜਰੀਵਾਲ ਨੂੰ ਭੁੱਲ ਬਖਸ਼ਾਉਣ ਲਈ ਖੁਦ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਆਉਣਾ ਪਿਆ ਪਰ ਹੁਣ ਪਾਰਟੀ ਦੇ ਐੱਮ. ਪੀ. ਭਗਵੰਤ ਮਾਨ ਵੱਲੋਂ ਲੋਕ ਸਭਾ ਦੀ ਵੀਡੀਓਗ੍ਰਾਫੀ ਕਰ ਕੇ ਨੈੱਟ ''ਤੇ ਪਾਉਣ ਤੋਂ ਬਾਅਦ ਮਚੇ ਰਾਜਸੀ ਘਮਸਾਨ ਨਾਲ ਪਾਰਟੀ ਦਾ ਵੱਡਾ ਰਾਜਸੀ ਨੁਕਸਾਨ ਹੋਣ ਦੀ ਚਰਚਾ ਹੈ ਅਤੇ ਇਸ ਕਾਰਵਾਈ ਨਾਲ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੂੰ ਇਹ ਆਖਣ ਦਾ ਮੌਕਾ ਮਿਲ ਗਿਆ ਹੈ ਕਿ ''ਆਪ'' ਨੂੰ ਨਾ ਕੋਈ ਸਮਝ ਹੈ ਅਤੇ ਨਾ ਕੋਈ ਰਾਜ ਕਰਨ ਦੀ ਜਾਚ ਹੈ।
ਭਾਵੇਂ ਭਗਵੰਤ ਮਾਨ ਨੇ ਮੁਆਫੀ ਮੰਗ ਲਈ ਹੈ ਪਰ ਅਜੇ ਵੀ ਮਾਮਲਾ ਜਿਉਂ ਦਾ ਤਿਉਂ ਖੜ੍ਹਾ ਹੈ ਅਤੇ ਪੁਲਸ ਕਚਹਿਰੀ ਤੱਕ ਪੁੱਜਦਾ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਕੇਜਰੀਵਾਲ ਕਾਫੀ ਖਫਾ ਤੇ ਪ੍ਰੇਸ਼ਾਨ ਦੱਸੇ ਜਾ ਰਹੇ ਹਨ। ਇਥੇ ਦੱਸਣਾ ਉਚਿਤ ਹੋਵੇਗਾ ਕਿ ਸ. ਮਾਨ ਕੋਈ ਪਹਿਲੀ ਵਾਰ ਵਾਦ-ਵਿਵਾਦ ਵਿਚ ਨਹੀਂ ਫਸੇ, ਇਸ ਤੋਂ ਪਹਿਲਾਂ ਬਰਗਾੜੀ ਵਿਖੇ ਧਾਰਮਿਕ ਸਮਾਗਮ ''ਚ ਨਸ਼ੇ ''ਚ ਜਾਣਾ, ਦਮਦਮਾ ਸਾਹਿਬ ਤਲਵੰਡੀ ਵਿਖੇ ਜਾਣਾ ਅਤੇ ਇਨ੍ਹਾਂ ਸਮਾਗਮਾਂ ''ਚ ਉਨ੍ਹਾਂ ''ਤੇ ਕਥਿਤ ਸ਼ਰਾਬ ਪੀਣ ਦੇ ਦੋਸ਼ ਲੱਗ ਚੁੱਕੇ ਹਨ। ਹੁਣ ਸਿਰ ''ਤੇ ਵਿਧਾਨ ਸਭਾ ਚੋਣਾਂ ਹੋਣ ਕਾਰਨ ਆਮ ਪਾਰਟੀ ਦੇ ਨੇਤਾਵਾਂ ਵੱਲੋਂ ਇਹੀ ਜਿਹੀਆਂ ਕਾਰਵਾਈਆਂ ਪਾਰਟੀ ਨੂੰ ਬੁਰੀ ਤਰ੍ਹਾਂ ਬੈਕਫੁੱਟ ''ਤੇ ਲਿਜਾ ਸਕਦੀਆਂ ਹਨ। ਬਾਕੀ ਜੋ ਪੰਜਾਬ ਵਿਚ ਮੁੱਖ ਮੰਤਰੀ ਦੀ ਕੁਰਸੀ ਦੇ ਸੁਪਨੇ ਦੇਖ ਰਹੇ ਹਨ, ਹੋ ਸਕਦਾ ਹੈ ਕਿ ਕੀ ਕੇਜਰੀਵਾਲ ਸ਼ਰਾਬ ਤੇ ਹੋਰਨਾਂ ਮਾਮਲਿਆਂ ਵਿਚ ਪਾਰਟੀ ਦੀ ਹੋ ਰਹੀ ਬਦਨਾਮੀ ਨੂੰ ਦੇਖਦੇ ਹੋਏ ਕਿਧਰੇ ਮਾਨ ਦੀ ਛੁੱਟੀ ਹੀ ਨਾ ਕਰ ਦੇਣ।


Related News