ਰਾਮ ਤੀਰਥ ਵਿਖੇ ਝਲਕੀ CM ਚੰਨੀ ਦੀ ਸਾਦਗੀ, ਸਮਾਰੋਹ ’ਚ ਪਹੁੰਚੇ ਹਜ਼ਾਰਾਂ ਲੋਕਾਂ ਨੂੰ ਆਮ ਨਾਗਰਿਕ ਵਾਂਗ ਮਿਲੇ

10/21/2021 10:07:04 AM

ਅੰਮ੍ਰਿਤਸਰ/ਰਾਮ ਤੀਰਥ (ਟੋਡਰਮੱਲ/ਸੂਰੀ) - ਵਾਲਮੀਕੀ ਭਾਈਚਾਰੇ ਵੱਲੋਂ ਜਿਥੇ ਪੂਰੇ ਦੇਸ਼ ਵਿਚ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ, ਉਥੇ ਪੰਜਾਬ ਸਰਕਾਰ ਵੱਲੋਂ ਪ੍ਰਾਚੀਨ ਅਤੇ ਭਗਵਾਨ ਵਾਲਮੀਕਿ ਤੀਰਥ ‘ਰਾਮ ਤੀਰਥ’ ਵਿਖੇ ਪੰਜਾਬ ਪੱਧਰੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿਚ ਮੁੱਖ ਮਹਿਮਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਪੰਜਾਬ ਸਪੀਕਰ ਰਾਣਾ ਕੇ. ਪੀ. ਸਿੰਘ ਅਤੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮੁੱਖ ਮੰਤਰੀ ਨੇ ਆਪਣੀ ਟੀਮ ਨਾਲ ਭਗਵਾਨ ਵਾਲਮੀਕ ਜੀ ਦੇ ਚਰਨਾਂ ਵਿਚ ਮੱਥਾ ਟੇਕਿਆ ਅਤੇ ਪ੍ਰਮਾਤਮਾ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਸੰਤ ਸਮਾਜ ਵੱਲੋਂ ਮੁੱਖ ਮੰਤਰੀ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। 

ਦੂਜੇ ਪਾਸੇ ਪ੍ਰਾਚੀਨ ਵਾਲਮੀਕੀ ਧੂਣਾ ਸਾਹਿਬ ਟਰੱਸਟ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਗਰੀਬ ਅਤੇ ਜ਼ਰੂਰਤਮੰਦ ਦਿਵਿਆਂਗ ਲੋਕਾਂ ਨੂੰ ਟਰਾਈਸਾਈਕਲ ਵੰਡੇ ਗਏ। ਇਸ ਦੌਰਾਨ ਗਾਇਕ ਕੁਮਾਰ ਦਰਸ਼ਨ ਅਤੇ ਵਿੱਕੀ ਕੁਮਾਰ ਨੇ ਵਾਲਮੀਕਿ ਸਤਿਸੰਗ ਦੌਰਾਨ ਸੰਗਤਾਂ ਨੂੰ ਭਗਤ ਰਸ ਨਾਲ ਜੋੜਿਆ। ਸਤਿਸੰਗ ਹਾਲ ਵਿਚ ਆਯੋਜਿਤ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਆਮ ਲੋਕਾਂ ਦੀ ਤਰ੍ਹਾਂ ਪਬਲਿਕ ਵਿਚ ਵਿਚਰੇ ਅਤੇ ਉਨ੍ਹਾਂ ਦੀ ਸਾਦਗੀ ਦੇਖ ਕੇ ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਉਹ ਮੁੱਖ ਮੰਤਰੀ ਘੱਟ ਅਤੇ ਆਮ ਨਾਗਰਿਕ ਜ਼ਿਆਦਾ ਦਿਖਾਈ ਦੇ ਰਹੇ ਸਨ।

ਸੰਗਤ ਨੇ ਮੁੱਖ ਮੰਤਰੀ ਦੇ ਸਤਿਸੰਗ ਹਾਲ ਵਿਚ ਪਹੁੰਚਣ ’ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਮੁੱਖ ਮੰਤਰੀ ਵੱਲੋਂ ਜਿੱਥੇ ਭਗਵਾਨ ਵਾਲਮੀਕਿ ਤੀਰਥ ਦੇ ਸੁੰਦਰੀਕਰਨ ਲਈ ਅਨੇਕਾਂ ਐਲਾਨ ਕੀਤੇ ਗਏ, ਉਥੇ ਉਨ੍ਹਾਂ ਨੇ ਪ੍ਰੋਗਰਾਮ ਵਿਚ ਪਹੁੰਚੀ ਸੰਗਤ ਨੂੰ ਪਾਵਨ ਪ੍ਰਗਟ ਉਤਸਵ ਦੀ ਵਧਾਈ ਦਿੰਦੇ ਹੋਏ ਭਗਵਾਨ ਵਾਲਮੀਕੀ ਮਹਾਰਾਜ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦਾ 4 ਮਹੀਨੇ ਦਾ ਮੁੱਖ ਮੰਤਰੀ ਬਣਨਾ ਅਗਲੇ 5 ਸਾਲ ਦੀ ਸਰਕਾਰ ਬਣਨ ਦਾ ਤੈਅ ਕਰੇਗਾ। 

ਰਾਜ ਕੁਮਾਰ ਵੇਰਕਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਤਿਸੰਗ ਹਾਲ ਵਿਚ ਪ੍ਰੋਗਰਾਮ ਕਰਵਾਇਆ ਸੀ ਅਤੇ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਮੁੱਖ ਮੰਤਰੀ ਚੰਨੀ ਇਨ੍ਹਾਂ 3 ਮਹੀਨਿਆਂ ਵਿਚ ਕੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਦਾ ਕਾਰਜ ਭਾਗ ਸੰਭਾਲਦੇ ਹੀ ਪਾਣੀ ਅਤੇ ਬਿਜਲੀ ਦੇ ਬਿੱਲ ਮੁਆਫ਼ ਕਰ ਦਿੱਤੇ ਹਨ ਅਤੇ ਇਸ ਤੋਂ ਇਲਾਵਾ ਹੋਰ ਵੀ ਜਨਹਿੱਤ ਵਿਚ ਬਹੁਤ ਵੱਡੇ ਫ਼ੈਸਲੇ ਲੈ ਕੇ ਹਰ ਵਰਗ ਨੂੰ ਖੁਸ਼ ਕਰ ਦਿੱਤਾ ਹੈ।


rajwinder kaur

Content Editor

Related News