ਜਾਨ ਜੋਖ਼ਮ 'ਚ ਪਾ ਸਫ਼ਰ ਕਰਨ ਲਈ ਮਜਬੂਰ ਵਿਦਿਆਰਥੀ, ਮਾਪਿਆਂ ਨੇ ਰਾਜਾ ਵੜਿੰਗ ਨੂੰ ਕੀਤੀ ਮੰਗ

Thursday, Oct 21, 2021 - 03:49 PM (IST)

ਜਾਨ ਜੋਖ਼ਮ 'ਚ ਪਾ ਸਫ਼ਰ ਕਰਨ ਲਈ ਮਜਬੂਰ ਵਿਦਿਆਰਥੀ, ਮਾਪਿਆਂ ਨੇ ਰਾਜਾ ਵੜਿੰਗ ਨੂੰ ਕੀਤੀ ਮੰਗ

ਭਾਦਸੋਂ (ਅਵਤਾਰ) : ਜਿੱਥੇ ਇੱਕ ਪਾਸੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਰੋਜ਼ਾਨਾ ਹੀ ਨਿੱਜੀ ਬੱਸਾਂ 'ਤੇ ਨਕੇਲ ਪਾਉਣ ਕਰਕੇ ਅਕਸਰ ਹੀ ਚਰਚਾ ਵਿੱਚ ਛਾਏ ਹੋਏ ਹਨ, ਉੱਥੇ ਵਿਧਾਨ ਸਭਾ ਹਲਕਾ ਨਾਭਾ ਦੇ ਸਰਕਲ ਭਾਦਸੋਂ ਤੋਂ ਨਾਭਾ-ਪਟਿਆਲਾ ਨੂੰ ਜਾਣ ਵਾਲੀਆਂ ਬੱਸਾਂ ਦੇ ਰੂਟ ਘੱਟ ਹੋਣ ਕਾਰਨ ਵਿਦਿਆਰਥੀ ਵਰਗ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਉੱਚ ਸਿੱਖਿਆ ਲਈ ਨਾਭਾ-ਪਟਿਆਲਾ ਜਾਣ ਵਾਲੇ ਵਿਦਿਆਰਥੀ ਰੋਜ਼ਾਨਾ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਬੱਸਾਂ ਵਿੱਚ ਲਮਕ-ਲਮਕ ਕੇ ਜਾਣ ਨੂੰ ਮਜਬੂਰ ਹਨ।

ਭਾਦਸੋਂ ਤੋਂ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਲਾਜ਼ਮਾਂ/ਵਿਦਿਆਰਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੀ. ਆਰ. ਟੀ. ਸੀ. ਪਟਿਆਲਾ ਡਿਪੂ ਦੀ ਬੱਸ ਸੇਵਾ ਭਾਦਸੋਂ ਤੋਂ ਅੱਧੇ-ਅੱਧੇ ਘੰਟੇ ਬਾਅਦ ਚੱਲਦੀ ਹੈ। ਜਦੋਂ ਤੋਂ ਕੈਪਟਨ ਸਰਕਾਰ ਨੇ ਬੱਸਾਂ ਵਿਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੈ, ਔਰਤਾਂ ਸਵੇਰ ਵਾਲੇ ਮੁਲਾਜ਼ਮ ਟਾਈਮਾਂ ਵਿੱਚ ਸਫ਼ਰ ਕਰਦੀਆਂ ਹਨ ਕਿਉਂਕਿ ਸਵੇਰੇ 8 ਵਜੇ ਤੋਂ ਬਾਅਦ 10.30 ਵਜੇ ਤੱਕ ਸਰਕਾਰੀ ਬੱਸ ਸਰਵਿਸ ਨਹੀਂ। ਉਨ੍ਹਾਂ ਕਿਹਾ ਕਿ ਖੰਨਾ ਅਤੇ ਮੱਲੇਵਾਲ ਤੋਂ ਆਉਣ ਵਾਲੀਆਂ ਪੀ. ਆਰ. ਟੀ. ਸੀ. ਦੀਆਂ ਬੱਸਾਂ ਜਦੋਂ ਭਾਦਸੋਂ ਪੁੱਜਦੀਆਂ ਹਨ ਤਾਂ ਉਨ੍ਹਾਂ ਵਿਚ ਤਿੱਲ ਸੁੱਟਣ ਨੂੰ ਵੀ ਥਾਂ ਨਹੀਂ ਹੁੰਦੀ। ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਬੱਸਾਂ ਵਿੱਚ ਲਮਕ-ਲਮਕ ਕੇ ਸਫ਼ਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਵਿਦਿਆਰਥੀਆਂ ਦੇ ਮਾਪਿਆ ਵੱਲੋਂ ਮੈਨੇਜਿੰਗ ਡਾਇਰੈਕਟਰ ਪੀ. ਆਰ. ਟੀ. ਸੀ. ਪਟਿਆਲਾ ਤੋਂ ਮੰਗ ਕੀਤੀ ਕਿ ਭਾਦਸੋਂ-ਪਟਿਆਲਾ ਰੂਟ 'ਤੇ ਵਿਦਿਆਰਥੀਆਂ ਲਈ ਸਵੇਰ ਸਮੇਂ ਅਤੇ ਕਾਲਜਾਂ ਤੋਂ ਛੁੱਟੀ ਹੋਣ ਸਮੇਂ ਸਪੈਸ਼ਲ ਬੱਸਾਂ ਚਲਾਈਆਂ ਜਾਣ ਤਾਂ ਜੋ ਵਿਦਿਆਰਥੀਆਂ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। 


author

Babita

Content Editor

Related News