ਸ਼ਾਹੀ ਸ਼ਹਿਰ ਵੀ ਆਇਆ ਸੱਟੇ ਦੀ ਮਾਰ ਹੇਠ
Sunday, Apr 08, 2018 - 01:54 PM (IST)
ਪਟਿਆਲਾ (ਇੰਦਰਜੀਤ)—ਸ਼ਾਹੀ ਸ਼ਹਿਰ ਵੀ ਸੱਟੇ ਦੀ ਭਾਰੀ ਮਾਰ ਹੇਠ ਆ ਗਿਆ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਕਾਂਗਰਸੀ ਆਗੂ ਤੇ ਕੌਂਸਲਰ ਵੀ ਸੱਟੇ ਤੋਂ ਦੁਖੀ ਹੋ ਕੇ ਇਸ ਦੇ ਖਿਲਾਫ ਨਿੱਤਰ ਆਏ ਹਨ। ਸਥਾਨਕ 30 ਨੰ. ਵਾਰਡ ਦੀ ਅਗਵਾਈ ਕਰ ਰਹੇ ਕੌਂਸਲਰ ਦੀ ਪਤਨੀ ਰੇਖਾ ਅਗਰਵਾਲ ਵਲੋਂ ਸੱਟੇ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ।
ਇਸ ਸੰਬੰਧੀ ਰੇਖਾ ਅਗਰਵਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਵਾਰਡ ਦੇ ਨਾਲ ਲੱਗਦੇ ਕੁਝ ਵਾਰਡਾਂ 'ਚ ਸੱਟਾ ਵੱਡੇ ਪੱਧਰ 'ਤੇ ਚਲ ਰਿਹਾ ਹੈ, ਜਿਸ ਕਾਰਨ ਆਸ-ਪਾਸ ਦੇ ਲੋਕ ਬੇਹੱਦ ਦੁਖੀ ਹਨ ਪਰ ਕੋਈ ਵੀ ਇਨ੍ਹਾਂ ਖਿਲਾਫ ਕੁਝ ਬੋਲਣ ਜਾਂ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕੁਝ ਸਾਹਸੀ ਔਰਤਾਂ ਨੂੰ ਨਾਲ ਲੈ ਕੇ ਉਕਤ ਦੋਸ਼ੀਆਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਸੀ ਤੇ ਵੱਡੀ ਗਿਣਤੀ 'ਚ ਮੁੰਡਿਆਂ ਨੂੰ ਔਰਤਾਂ ਵਲੋਂ ਇਨ੍ਹਾਂ ਸੱਟੇ ਵਾਲੀਆਂ ਦੁਕਾਨਾਂ ਤੋਂ ਭਜਾਇਆ ਗਿਆ ਸੀ ਤੇ ਅੱਜ ਪੁਲਸ ਪਾਰਟੀ ਨੇ ਮੀਡੀਆ ਕਰਮੀਆਂ ਦੀ ਹਾਜ਼ਰੀ 'ਚ ਦੁਕਾਨਾਂ ਬੰਦ ਕਰਵਾਈਆਂ ਹਨ।
ਉਥੇ ਹੀ ਜਿਸ ਵਾਰਡ 'ਚ ਇਹ ਦੁਕਾਨ ਸੀ, ਉਥੇ ਦੇ ਕੌਂਸਲਰ ਗਿੰਨੀ ਨਾਗਪਾਲ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਹੀ ਪਾਰਟੀ ਦੇ ਕੌਂਸਲਰ ਦੀ ਪਤਨੀ ਵਲੋਂ ਲਗਾਏ ਗਏ ਇਲਜ਼ਾਮਾਂ ਨੂੰ ਝੂਠਾ ਦੱਸਿਆ ਹੈ।
