ਬਹਿਬਲ ਕਲਾਂ ''ਚ ਗੋਲੀ ਕਿਸ ਦੇ ਕਹਿਣ ''ਤੇ ਚੱਲੀ, ਅਕਾਲੀ ਅਜੇ ਵੀ ਖਾਮੋਸ਼: ਜਾਖੜ
Friday, Sep 28, 2018 - 10:56 AM (IST)

ਜਲੰਧਰ/ਚੰਡੀਗੜ੍ਹ (ਧਵਨ, ਅਸ਼ਵਨੀ)— ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਲੰਬੀ 'ਚ 7 ਅਕਤੂਬਰ ਨੂੰ ਕਾਂਗਰਸ ਵਲੋਂ ਰੱਖੀ ਗਈ ਰੈਲੀ ਨੂੰ ਲੈ ਕੇ ਸੂਬੇ ਦੇ ਸੀਨੀਅਰ ਮੰਤਰੀਆਂ ਅਤੇ ਮਾਲਵਾ ਖੇਤਰ ਦੇ ਕਾਂਗਰਸੀ ਵਿਧਾਇਕਾਂ ਦੇ ਨਾਲ ਉੱਚ ਪੱਧਰੀ ਬੈਠਕ ਕੀਤੀ, ਜਿਸ 'ਚ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ, ਸਿੰਚਾਈ ਮੰਤਰੀ ਸੁਖ ਸਰਕਾਰੀਆ, ਖਾਧ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਹੋਰਨਾਂ ਨੇ ਹਿੱਸਾ ਲਿਆ, ਜਿਸ 'ਚ ਰੈਲੀ ਕੀਤੀ, ਤਿਆਰੀਆਂ ਦੀ ਸਮੀਖਿਆ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਰੈਲੀ ਦੌਰਾਨ ਐਲਾਨ ਕੀਤਾ ਸੀ ਤਾਂ ਕਿ ਸਾਬਕਾ ਅਕਾਲੀ ਸਰਕਾਰ ਦੇ ਕਾਰਜਕਾਲ 'ਚ ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਅਕਾਲੀ ਲੀਡਰਸ਼ਿਪ ਦੇ ਦੋਹਰੇ ਚਰਿੱਤਰ ਨੂੰ ਬੇਨਕਾਬ ਕੀਤਾ ਜਾ ਸਕੇ। ਬੈਠਕ 'ਚ ਮਾਲਵਾ ਦੇ ਜ਼ਿਲਾ ਕਾਂਗਰਸ ਪ੍ਰਧਾਨਾਂ ਅਤੇ ਹੋਰ ਸੀਨੀਅਰ ਅਹੁਦੇਦਾਰਾਂ ਨੇ ਵੀ ਹਿੱਸਾ ਲਿਆ।
ਜਾਖੜ ਨੇ ਕਿਹਾ ਕਿ ਰੈਲੀ 'ਚ ਅਕਾਲੀ ਦਲ ਦੇ ਦੋਹਰੇ ਚਿਹਰੇ ਨੂੰ ਲੋਕਾਂ ਦੇ ਸਾਹਮਣੇ ਨੰਗਾ ਕੀਤਾ ਜਾਵੇਗਾ, ਜਿਨ੍ਹਾਂ ਨੇ ਹਮੇਸ਼ਾ ਪੰਥ ਦੇ ਨਾਂ 'ਤੇ ਸਿਆਸਤ ਕੀਤੀ ਪਰ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਪੰਥ ਨੂੰ ਵੀ ਦਾਅ 'ਤੇ ਲਾ ਕੇ ਪੰਥ ਨਾਲ ਗੱਦਾਰੀ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਕਰਾਜਕਾਲ 'ਚ ਵਾਪਰੀਆਂ ਘਟਨਾਵਾਂ ਦੀ ਅਜੇ ਤਕ ਜ਼ਿੰਮੇਵਾਰੀ ਨਹੀਂ ਲਈ ਹੈ। ਉਹ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਉਸ ਤੋਂ ਬਾਅਦ ਬਹਿਬਲਕਲਾਂ ਗੋਲੀਕਾਂਡ ਅਕਾਲੀ ਦਲ ਦੇ ਮੱਥੇ 'ਤੇ ਕਲੰਕ ਬਣ ਚੁੱਕਾ ਹੈ ਅਤੇ ਇਸ ਦੇ ਦਾਗ ਆਸਾਨੀ ਨਾਲ ਜਾਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਨੇ ਅਜੇ ਤਕ ਇਹ ਜਵਾਬ ਨਹੀਂ ਦਿੱਤਾ ਹੈ ਕਿ ਬਹਿਬਲਕਲਾਂ 'ਚ ਕੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ।
ਜਾਖੜ ਨੇ ਕਿਹਾ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਰੈਲੀ ਦਾ ਐਲਾਨ ਕੀਤਾ ਹੈ, ਉਦੋਂ ਤੋਂ ਲੋਕਾਂ ਵਲੋਂ ਰੈਲੀ 'ਚ ਸ਼ਾਮਲ ਹੋਣ ਨੂੰ ਲੈ ਕੇ ਭਾਰੀ ਉਤਸ਼ਾਹ ਮਿਲ ਰਿਹਾ ਹੈ ਕਿਉਂਕਿ ਇਹ ਰੈਲੀ ਇਤਿਹਾਸਕ ਹੋਣ ਵਾਲੀ ਹੈ। ਜਾਖੜ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਅਤੇ ਛੋਟੇ ਕਿਸਾਨ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ। ਸਾਬਕਾ ਸਰਕਾਰ ਦੇ ਸਮੇਂ ਕਿਸਾਨਾਂ ਨੂੰ ਆਪਣੀਆਂ ਫਸਲਾਂ ਵੇਚਣ 'ਚ ਮੁਸ਼ਕਲਾਂ ਆਉਂਦੀਆਂ ਸਨ।