ਬਹਿਬਲ ਕਲਾਂ ਕਾਂਡ : ਆਈ. ਜੀ. ਪਰਮਰਾਜ ਉਮਰਾਨੰਗਲ ਨੇ ਮੰਗੀ ਜ਼ਮਾਨਤ
Wednesday, Feb 27, 2019 - 06:55 PM (IST)
ਫਰੀਦਕੋਟ (ਜਗਤਾਰ) : ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਐੱਸ. ਆਈ. ਟੀ. ਵਲੋਂ ਗ੍ਰਿਫਤਾਰ ਕੀਤੇ ਗਏ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਵਲੋਂ ਆਪਣੀ ਰੈਗੂਲਰ ਜ਼ਮਾਨਤ ਲਈ ਫਰੀਦਕੋਟ ਦੀ ਅਦਾਲਤ ਵਿਚ ਅਰਜ਼ੀ ਲਗਾਈ ਗਈ ਹੈ। ਜਿੱਥੇ ਅਦਾਲਤ ਨੇ ਉਮਰਾਨੰਗਲ ਦੀ ਅਪੀਲ 'ਤੇ 6 ਮਾਰਚ ਨੂੰ ਸੁਣਵਾਈ ਤੈਅ ਕੀਤੀ ਹੈ। ਬਹਰਹਾਲ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ 12 ਮਾਰਚ ਤਕ ਜੁਡੀਸ਼ੀਅਲ ਰਿਮਾਂਡ 'ਤੇ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੀ 18 ਫ਼ਰਵਰੀ ਨੂੰ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਐੱਸ. ਆਈ. ਟੀ. ਨੇ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ 19 ਫਰਵਰੀ ਨੂੰ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਮਾਨਯੋਗ ਅਦਾਲਤ ਨੇ ਉਮਰਾਨੰਗਲ ਨੂੰ 4 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਸੀ। 23 ਫਰਵਰੀ ਨੂੰ ਮਾਨਯੋਗ ਅਦਾਲਤ ਨੇ ਪਰਮਰਾਜ ਸਿੰਘ ਉਮਰਾਨੰਗਲ ਦਾ 3 ਦਿਨ ਲਈ ਹੋਰ ਪੁਲਿਸ ਰਿਮਾਂਡ ਵਧਾਇਆ ਸੀ। ਰਿਮਾਂਡ ਖਤਮ ਹੋਣ ਤੋਂ ਬਾਅਦ ਐੱਸ. ਆਈ. ਟੀ. ਵਲੋਂ ਮੰਗਲਵਾਰ ਨੂੰ ਮੁੜ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਉਮਰਾਨੰਗਲ ਨੂੰ 12 ਮਾਰਚ ਤਕ ਜੇਲ ਭੇਜਣ ਦੇ ਹੁਕਮ ਦਿੱਤੇ।