ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਰਾਜਾ ਵੜਿੰਗ ਨੇ ਕੀਤਾ ਟਵੀਟ
Saturday, Apr 01, 2023 - 02:38 PM (IST)
 
            
            ਜਲੰਧਰ (ਵੈੱਬ ਡੈਸਕ) - ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਜੇਲ੍ਹ ਵਿਚੋਂ ਰਿਹਾਅ ਹੋ ਰਹੇ ਹਨ। ਸਿੱਧੂ ਦੀ ਰਿਹਾਈ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਦੇ ਸੁਆਗਤ ਵਿਚ ਟਵੀਟ ਕਰਕੇ ਵੱਡੀ ਗੱਲ ਆਖੀ ਹੈ। ਸ. ਨਵਜੋਤ ਸਿੰਘ ਜੀ ਨੂੰ ਨਿੱਘੀ ਜੀ ਆਇਆਂ ਨੂੰ। ਜਲਦ ਮਿਲਣ ਦੀ ਆਸ ਕਰਦੇ ਹਾਂ, ਉਮੀਦ ਹੈ ਕਿ ਤੁਸੀਂ ਜਲਦੀ ਹੀ ਪੰਜਾਬੀਆਂ ਦੀ ਸੇਵਾ ਵਿਚ ਹਾਜ਼ਰ ਹੋਵੋਗੇ।
ਇਹ ਵੀ ਪੜ੍ਹੋ : ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸੀ ਸਮੀਕਰਨਾਂ 'ਚ ਬਦਲਾਅ, ਜਲੰਧਰ ਦੇ DCP ਰਹੇ ਰਾਜਿੰਦਰ ਸਿੰਘ ਨੇ ਜੁਆਇਨ ਕੀਤੀ ਭਾਜਪਾ

ਜ਼ਿਕਰਯੋਗ ਹੈ ਕਿ ਪਿਛਲੇ 34 ਸਾਲ ਤੋਂ ਹਾਈਪ੍ਰੋਫਾਈਲ ਚੱਲੇ ਆ ਰਹੇ ਰੋਡਰੇਜ ਕੇਸ ’ਚ 10 ਮਹੀਨੇ 11 ਦਿਨ ਸਜ਼ਾ ਕੱਟਣ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟਰ ਤੋਂ ਰਾਜਸੀ ਆਗੂ ਬਣੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਨੀਵਾਰ ਅੱਜ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋ ਰਹੇ ਹਨ। ਜਿਊਂ ਹੀ ਸਰਕਾਰ ਵੱਲੋਂ ਇਸ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਤਾਂ ਸਿੱਧੂ ਪਰਿਵਾਰ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਸਮੁੱਚੇ ਆਗੂਆਂ ਅਤੇ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਪੰਜਾਬ ਕਾਂਗਰਸ ਦਾ ਇਕ ਵੱਡਾ ਖੇਮਾ ਹੈ ਜਿਹੜਾ ਉਨ੍ਹਾਂ ਦੇ ਜੇਲ੍ਹ ਜਾਣ ਤੋਂ ਬਾਅਦ ਚੁੱਪ ਬੈਠਾ ਸੀ ਅਤੇ ਉਨ੍ਹਾਂ ਦੇ ਬਾਹਰ ਆਉਣ ਦੀ ਉਡੀਕ ਕਰ ਰਿਹਾ ਸੀ। ਤਾਜ਼ਾ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਦੁਪਹਿਰ ਨੂੰ ਮੀਡੀਆ ਨੂੰ ਸੰਬੋਧਨ ਕਰਨਗੇ।
ਹਾਲਾਂਕਿ ਪਹਿਲਾਂ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਉਨ੍ਹਾਂ ਦੀ ਰਿਹਾਈ ਦੀ ਖ਼ਬਰ ਦੇ ਨਾਲ ਸਮੁੱਚੇ ਪੰਜਾਬ ’ਚ ਵਿਸ਼ੇਸ਼ ਤੌਰ ’ਤੇ ਕਾਂਗਰਸੀ ਆਗੂਆਂ ’ਚ ਇਕ ਗਰਮਜੋਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਸੀ ਪਰ ਉਦੋਂ ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਗਿਆ, ਜਿਸ ਕਾਰਨ ਕਾਂਗਰਸੀ ਆਗੂਆਂ ਨੂੰ ਉਦੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਪਹਿਲਾਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਨਵਜੋਤ ਸਿੰਘ ਸਿੱਧੂ ਨੂੰ ਵਿਸਾਖੀ ਵਾਲੇ ਦਿਨ ਰਿਹਾਅ ਕੀਤਾ ਜਾ ਸਕਦਾ ਹੈ ਪਰ ਬੀਤੇ ਦਿਨ ਅਚਾਨਕ ਬਾਅਦ ਦੁਪਹਿਰ ਜਦੋਂ ਇਹ ਤੈਅ ਹੋ ਗਿਆ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੇਂਦਰੀ ਜੇਲ੍ਹ ਪਟਿਆਲਾ ਤੋਂ ਸ਼ਨੀਵਾਰ ਨੂੰ ਰਿਹਾਅ ਹੋ ਰਹੇ ਹਨ ਤਾਂ ਪੰਜਾਬ ਦੀ ਸਿਆਸਤ ਇਕਦਮ ਗਰਮ ਹੋ ਗਈ। ਮੁੜ ਤੋਂ ਪੰਜਾਬ ਕਾਂਗਰਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਸ਼ੁਰੂ ਹੋ ਗਈਆਂ ਕਿਉਂਕਿ ਪਿਛਲੇ 2 ਸਾਲ ਤੋਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ’ਚ ਹਮੇਸ਼ਾ ਮੋਹਰਲੀ ਕਤਾਰ ’ਚ ਰਹੇ ਹਨ। ਜਦੋਂ ਵੀ ਕਾਂਗਰਸ ਵੱਲੋਂ ਭਾਵੇਂ ਪ੍ਰਧਾਨਗੀ ਨੂੰ ਲੈ ਕੇ ਹੋਵੇ ਜਾਂ ਕੋਈ ਹੋਰ ਭੂਮਿਕਾ ਦੀ ਗੱਲ ਆਉਂਦੀ ਹੋਵੇ, ਨਵਜੋਤ ਸਿੰਘ ਸਿੱਧੂ ਇਸ ਸਮੇਂ ਪੰਜਾਬ ਕਾਂਗਰਸ ਦੀ ਅਜਿਹੀ ਕੜੀ ਹਨ, ਜਿਸ ਨੂੰ ਅਣਗੌਲਿਆਂ ਕਾਰਨ ਕਾਂਗਰਸ ਲਈ ਮੁਸ਼ਕਿਲ ਹੈ।
ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਪੁੱਜੇ CM ਭਗਵੰਤ ਮਾਨ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਇਕ ਹੋਰ ਟੋਲ ਪਲਾਜ਼ਾ ਕੀਤਾ ਬੰਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            