ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ’ਚ ਗਰਮਾਗਰਮੀ, ਪੈਸਾ ਖ਼ਰਚਣ ਤੋਂ ਕਤਰਾਉਣ ਲੱਗੇ ਨੇਤਾ
Friday, Apr 07, 2023 - 12:35 PM (IST)
ਜਲੰਧਰ (ਅਨਿਲ ਪਾਹਵਾ)–ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਚਹਿਲ-ਪਹਿਲ ਸ਼ੁਰੂ ਹੋ ਗਈ ਹੈ। ਸਿਆਸੀ ਬਿਸਾਤ ’ਤੇ ਉਮੀਦਵਾਰ ਆਪਣੀ ਚਾਲ ਚੱਲਣ ਲਈ ਤਿਆਰ ਹਨ। ਬੇਸ਼ੱਕ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਵੱਲੋਂ ਉਮੀਦਵਾਰ ਦਾ ਐਲਾਨ ਹਾਲੇ ਬਾਕੀ ਹੈ ਪਰ ਇਸ ਦੇ ਬਾਵਜੂਦ ਚੋਣ ਮਾਹੌਲ ਗਰਮਾਉਣ ਲੱਗਾ ਹੈ। ਬੇਸ਼ੱਕ ਸੜਕਾਂ ’ਤੇ ਹਾਲੇ ਉਮੀਦਵਾਰਾਂ ਨੂੰ ਲੈ ਕੇ ਚਹਿਲ-ਪਹਿਲ ਨਹੀਂ ਹੈ ਪਰ ਚੋਣਾਵੀ ਉਮੀਦਵਾਰਾਂ ਦੇ ਕੈਂਪ ਦਫ਼ਤਰਾਂ ਵਿਚ ਪੂਰੀ ਗਰਮਾਗਰਮੀ ਚੱਲ ਰਹੀ ਹੈ।
ਸਵ. ਚੌਧਰੀ ਵਾਲੇ ਤੌਰ-ਤਰੀਕੇ ਨਹੀਂ
ਜਿਥੋਂ ਤੱਕ ਗੱਲ ਕਾਂਗਰਸ ਦੀ ਹੈ ਤਾਂ ਜਲੰਧਰ ਵਿਚ ਕਾਂਗਰਸ ਨੇ ਸਵ. ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਹੈ ਅਤੇ ਉਨ੍ਹਾਂ ਦੀ ਪੂਰੀ ਕਮਾਨ ਉਨ੍ਹਾਂ ਦੇ ਬੇਟੇ ਅਤੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਸੰਭਾਲ ਰਹੇ ਹਨ। ਸਵ. ਚੌਧਰੀ ਦੀ ਮੌਜੂਦਗੀ ਵਿਚ ਜਿਸ ਤਰ੍ਹਾਂ ਚੋਣ ਲੜੀ ਜਾਂਦੀ ਸੀ, ਉਹ ਤੌਰ-ਤਰੀਕਾ ਸ਼ਾਇਦ ਇਸ ਵਾਰ ਵੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਉਦੋਂ ਕਮਾਨ ਵੱਡੇ ਚੌਧਰੀ ਦੇ ਕੋਲ ਹੁੰਦੀ ਸੀ ਅਤੇ ਹੁਣ ਛੋਟੇ ਚੌਧਰੀ ਕੋਲ ਹੈ।
ਇਹ ਵੀ ਪੜ੍ਹੋ : ਜਲੰਧਰ ਨਿਗਮ ’ਚ ਫਰਜ਼ੀਵਾੜਾ, ਸਕੂਟਰਾਂ ’ਤੇ ਹੀ ਢੋਇਆ ਜਾ ਰਿਹਾ 10-10 ਟਨ ਕੂੜਾ, ਲੱਖਾਂ ਦੀ ਪੇਮੈਂਟ ਇੰਝ ਹੋ ਰਹੀ ਕਲੇਮ
ਰਿੰਕੂ ਦੇ ਆਉਣ ਨਾਲ ਹੋਵੇਗੀ ਕਾਂਟੇ ਦੀ ਟੱਕਰ
ਆਮ ਆਦਮੀ ਪਾਰਟੀ ਨੇ ਜਦੋਂ ਤੱਕ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਸੀ, ਉਦੋਂ ਤੱਕ ਤਾਂ ਹਵਾ ਕਾਂਗਰਸ ਦੇ ਹੱਕ ਵਿਚ ਹੀ ਸੀ ਪਰ ਸੁਸ਼ੀਲ ਰਿੰਕੂ ਨੂੰ ਪਾਰਟੀ ਜੁਆਇਨ ਕਰਵਾਉਣ ਤੋਂ ਬਾਅਦ ਜਿਸ ਤਰ੍ਹਾਂ ਤੁਰੰਤ ਟਿਕਟ ਦਾ ਐਲਾਨ ਕੀਤਾ ਗਿਆ ਹੈ, ਉਸ ਨੇ ਕਾਂਗਰਸ ਨੂੰ ਦੁਵਿਧਾ ਵਿਚ ਪਾ ਦਿੱਤਾ ਹੈ। ਕਾਂਗਰਸ ਜਿਸ ਦੀ ਕਲੀਨ ਸਵੀਪ ਦੀ ਚਰਚਾ ਸੀ, ਰਿੰਕੂ ਦੇ ‘ਆਪ’ ਉਮੀਦਵਾਰ ਬਣਨ ਤੋਂ ਬਾਅਦ ਕੁਝ ਹੇਠਾਂ ਖਿਸਕ ਗਈ ਹੈ। ਵੀਰਵਾਰ ਦਿਨ ਭਰ ਰਿੰਕੂ ਦੀ ਟਿਕਟ ਦੇ ਬਾਅਦ ਇਸੇ ਗੱਲ ਨੂੰ ਲੈ ਕੇ ਚਰਚਾ ਰਹੀ ਕਿ ਜਲੰਧਰ ਸੀਟ ’ਤੇ ਚੰਗੀ ਫਾਈਟ ਵੇਖਣ ਨੂੰ ਮਿਲੇਗੀ। ਜਿੱਤੇ ਭਾਵੇਂ ਕੋਈ ਵੀ ਪਰ ਕਿਸੇ ਦੀ ਵੀ ਜਿੱਤ ਇੰਨੀ ਆਸਾਨ ਨਹੀਂ ਹੋਵੇਗੀ।
ਕਾਂਗਰਸ ਦੀ ਬੈਠਕ ’ਚ ਗਰਮਾਗਰਮੀ
ਕਾਂਗਰਸ ਵਿਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਇਸ ਗੱਲ ਦਾ ਅੰਦਾਜ਼ਾ ਹਾਲ ਹੀ ਵਿਚ ਕਾਂਗਰਸ ਦੀ ਜਲੰਧਰ ਵਿਚ ਹੋਈ ਇਕ ਬੈਠਕ ਤੋਂ ਲਗਾਇਆ ਜਾ ਸਕਦਾ ਹੈ, ਜਿਸ ਵਿਚ ਚੋਣ ਗਰਮਾਗਰਮੀ ਦਾ ਇਕ ਨਜ਼ਾਰਾ ਵੇਖਣ ਨੂੰ ਮਿਲਿਆ। ਖ਼ਬਰ ਹੈ ਕਿ ਇਸ ਬੈਠਕ ਵਿਚ ਨੇਤਾਵਾਂ ਦੀ ਆਪਸ ਵਿਚ ਖੂਬ ਖਿੱਚੋਤਾਣ ਹੋਈ। ਕਿਸੇ ਨੇ ਚੋਣਾਂ ਵਿਚ ਉਚਿਤ ਸਮਾਂ ਨਾ ਦੇਣ ਪਾਉਣ ਦੀ ਮਜਬੂਰੀ ਦੱਸ ਦਿੱਤੀ ਤਾਂ ਕਈ ਅਜਿਹੇ ਵੀ ਸਨ, ਜੋ ਇਹ ਕਹਿ ਕੇ ਗਏ ਕਿ ਪਾਰਟੀ ਜਿੰਨੇ ਫੰਡ ਦੀ ਮੰਗ ਕਰ ਰਹੀ ਹੈ, ਓਨਾ ਮੈਂ ਨਹੀਂ ਦੇ ਸਕਦਾ।
ਇਹ ਵੀ ਪੜ੍ਹੋ : ਪੰਜਾਬ 'ਚ ਸਸਤੀ ਹੋਈ ਬੀਅਰ, ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ
ਛੋਟੇ ਚੌਧਰੀ ਦੇ ਸੁਭਾਅ ਨੂੰ ਲੈ ਕੇ ਨੇਤਾ ਨਿਰਾਸ਼
ਦਰਅਸਲ ਕਾਂਗਰਸ ਨੂੰ ਇਸ ਸਮੇਂ ਦਿੱਕਤ ਇਹ ਆ ਰਹੀ ਹੈ ਕਿ ਖ਼ੁਦ ਵਿਕਰਮਜੀਤ ਚੌਧਰੀ ਦੇ ਤੌਰ-ਤਰੀਕੇ ਕਾਂਗਰਸ ਦੇ ਆਲਾ ਨੇਤਾਵਾਂ ਨੂੰ ਪਸੰਦ ਨਹੀਂ ਹਨ। ਵੱਡੇ ਚੌਧਰੀ ਸਾਹਿਬ ਦੇ ਹੁੰਦੇ ਹੋਏ ਕਾਂਗਰਸ ਨੇਤਾਵਾਂ ਨੂੰ ਕਦੇ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਉਹ ਬੇਹੱਦ ਹੀ ਸਰਲ ਸੁਭਾਅ ਦੇ ਨੇਤਾ ਸਨ ਪਰ ਹੁਣ ਮਾਹੌਲ ਬਦਲ ਚੁੱਕਾ ਹੈ। ਛੋਟੇ ਚੌਧਰੀ ਸੁਭਾਅ ਦੇ ਥੋੜ੍ਹੇ ਕੜਕ ਹਨ, ਜਿਸ ਕਾਰਨ ਕਾਂਗਰਸ ਦੇ ਕਈ ਨੇਤਾਵਾਂ ਦੀ ਉਨ੍ਹਾਂ ਨਾਲ ਨਹੀਂ ਬਣ ਰਹੀ। ਹੁਣ ਸਮੱਸਿਆ ਇਹ ਹੈ ਕਿ ਜਲੰਧਰ ਦੀ ਚੋਣ ਸਾਰੀਆਂ ਸਿਆਸੀ ਪਾਰਟੀਆਂ ਲਈ ਬੇਹੱਦ ਅਹਿਮ ਹੈ ਕਿਉਂਕਿ ਅੱਗੇ ਲੋਕ ਸਭਾ ਚੋਣਾਂ 2024 ਆਉਣ ਨੂੰ ਤਿਆਰ ਹਨ। ਅਜਿਹੇ ਵਿਚ ਕਾਂਗਰਸ ਨਹੀਂ ਚਾਹੇਗੀ ਕਿ ਇਸ ਸੀਟ ਨੂੰ ਉਹ ਗੁਆਏ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 'ਆਪ' ਨੇ ਐਲਾਨਿਆ ਉਮੀਦਵਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।