ਬੀ.ਐੱਡ. ਅਧਿਆਪਕਾਂ ਫੂਕੀਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ
Wednesday, Jan 03, 2018 - 06:55 AM (IST)
ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਈ.ਟੀ.ਟੀ. ਅਧਿਆਪਕਾਂ ਦੇ ਪਦਾਂ 'ਤੇ ਕੰਮ ਕਰ ਰਹੇ ਬੀ. ਐੱਡ. ਅਧਿਆਪਕਾਂ ਨੇ ਜ਼ਿਲਾ ਸਿੱਖਿਆ ਅਧਿਕਾਰੀ ਦੇ ਦਫਤਰ ਦੇ ਬਾਹਰ ਅੱਜ ਬ੍ਰਿਜ ਕੋਰਸ ਦੇ ਵਿਰੋਧ 'ਚ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਯੂਨੀਅਨ ਆਗੂ ਗੁਰਦਿਆਲ ਮਾਨ, ਨਵੀ ਕਰੀਹਾ, ਸੋਹਣ ਲਾਲ ਮੁਕੰਦਪੁਰ ਤੇ ਕੁਲਦੀਪ ਦੌੜਕਾ ਨੇ ਕਿਹਾ ਕਿ ਸਰਕਾਰ ਬੀ.ਐੱਡ. ਅਧਿਆਪਕਾਂ ਲਈ ਬ੍ਰਿਜ ਕੋਰਸ ਲਾਉਣ ਵਰਗੇ ਨਾਦਰਸ਼ਾਹੀ ਫਰਮਾਨ ਜਾਰੀ ਕਰ ਰਹੀ ਹੈ, ਜਿਸ ਨੂੰ ਲੈ ਕੇ ਸਮੂਹ ਅਧਿਆਪਕਾਂ 'ਚ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿਛਲੇ ਡੇਢ ਦਹਾਕੇ ਤੋਂ ਸਕੂਲਾਂ 'ਚ ਪੜ੍ਹਾ ਰਹੇ ਅਧਿਆਪਕਾਂ ਨੂੰ ਬ੍ਰਿਜ ਕੋਰਸ ਲਾਉਣ ਦਾ ਫਰਮਾਨ ਸਿਰਫ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨ ਲਈ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੱਢਿਆ ਜਾਵੇ, ਨਹੀਂ ਤਾਂ ਅਧਿਆਪਕ ਜਥੇਬੰਦੀਆਂ ਆਪਣੇ ਸੰਘਰਸ਼ ਤਹਿਤ ਜਿਥੇ ਮੰਤਰੀਆਂ ਦਾ ਘਿਰਾਓ ਕਰਨਗੀਆਂ, ਉਥੇ ਹੀ ਮਾਣਯੋਗ ਹਾਈਕੋਰਟ ਦਾ ਸਹਾਰਾ ਵੀ ਲਿਆ ਜਾਵੇਗਾ।
ਇਸ ਮੌਕੇ ਮਨਜਿੰਦਰ ਸਿੰਘ, ਨਵੀਨ ਕੁਮਾਰ, ਨੀਲ ਕਮਲ, ਲਾਲੀ ਜੋਸ਼ੀ, ਡਿੰਪੀ ਖੁਰਾਨਾ, ਸੁਨੰਦਾ, ਅਮਰੀਕ ਕੌਰ, ਅਨੁਰਾਧਾ, ਹੰਸਰਾਜ, ਵਿਜੇ ਕੁਮਾਰ, ਭੁਪਿੰਦਰ ਸਿੰਘ, ਗੁਰਦੀਸ਼ ਰਾਹੋਂ, ਸੁਰੇਸ਼ ਦੀਵਾਨ, ਹਰਪ੍ਰੀਤ ਕੌਰ, ਯਮੁਨਾ ਦੇਵੀ, ਪ੍ਰਸ਼ੋਤਮ ਲਾਲ, ਦੀਪਿਕਾ ਰਾਣਾ, ਨਵਜੀਤ ਸ਼ਰਮਾ, ਹਰਮੇਸ਼ ਕੁਮਾਰ, ਬਲਵੀਰ ਰੱਕੜ ਤੇ ਬਿਹਾਰੀ ਲਾਲ ਆਦਿ ਹਾਜ਼ਰ ਸਨ।
