ਜਦੋਂ ਵਿਆਹ ਵਾਲੇ ਘਰ ਚੱਲੀਆਂ ਡਾਂਗਾ, ਡੀ. ਜੇ. ਵਾਲਿਆਂ ਨੇ ਭੱਜ ਕੇ ਬਚਾਈ ਜਾਨ
Monday, Mar 12, 2018 - 02:43 PM (IST)

ਬਟਾਲਾ (ਸੈਂਡੀ) : ਬੀਤੀ ਰਾਤ ਨਜ਼ਦੀਕੀ ਪਿੰਡ ਧਰਮਕੋਟ ਬੱਗਾ ਵਿਖੇ ਇਕ ਵਿਆਹ ਵਾਲੇ ਘਰ ਡੀ. ਜੇ. ਲਗਾਉਣ ਵਾਲਿਆਂ ਦੀ ਘਰ ਵਿਚ ਪਰਿਵਾਰਕ ਮੈਂਬਰਾਂ ਵਲੋਂ ਕੁੱਟਮਾਰ ਕਰ ਦਿੱਤੀ ਗਈ। ਬਟਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਜਸਬੀਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਜੈਤੋਸਰਜਾ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਹਰਦੀਪ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਲਵ ਅਤੇ ਸਾਬਾ ਆਦਿ ਨਾਲ ਇਕ ਵਿਆਹ ਵਾਲੇ ਘਰ ਡੀ. ਜੇ. ਲੈ ਕੇ ਗਿਆ ਸੀ ਅਤੇ ਰਾਤ 12 ਵਜੇ ਤੱਕ ਡੀ. ਜੇ. ਚੱਲਦਾ ਰਿਹਾ। ਜਦੋਂ ਉਸ ਨੇ ਡੀ.ਜੇ. ਬੰਦ ਕੀਤਾ ਤਾਂ ਵਿਆਹ ਵਾਲੇ ਘਰ ਵਾਲਿਆਂ ਦੇ ਲੜਕੇ ਉਸ ਜਬਰੀ ਡੀ. ਜੇ. ਚਲਾਉਣ ਲਈ ਕਹਿਣ ਲੱਗੇ।
ਇਸ ਦੌਰਾਨ ਜਦੋਂ ਉਸ ਨੇ ਡੀ.ਜੇ. ਚਲਾਉਣ ਤੋਂ ਮਨ੍ਹਾ ਕੀਤਾ ਤਾਂ ਉਨ੍ਹਾਂ ਨੇ ਸਾਡੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਅਤੇ ਮੇਰੇ ਸਾਥੀਆਂ 'ਤੇ ਹਥਿਆਰਾਂ ਅਤੇ ਡਾਂਗਾ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਸਾਡੀ ਗੱਡੀ ਅਤੇ ਸਾਮਾਨ ਵੀ ਤੋੜ ਦਿੱਤਾ ਅਤੇ ਮੇਰੇ ਕੋਲੋਂ 4500 ਰੁਪਏ ਦੀ ਨਕਦੀ ਵੀ ਖੋਹ ਲਈ। ਅਸੀਂ ਬੜੀ ਮੁਸ਼ਕਲ ਨਾਲ ਉਥੋਂ ਜਾਨ ਛੁਡਾ ਕੇ ਭੱਜੇ ਅਤੇ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੂੰ ਸੂਚਿਤ ਕੀਤਾ।
ਇਸ ਸੰਬੰਧੀ ਏ. ਐੱਸ. ਆਈ. ਪਲਵਿੰਦਰ ਸਿੰਘ ਨੇ ਕਿਹਾ ਕਿ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਹਸਪਤਾਲ 'ਚ ਦਾਖਲ ਵਿਅਕਤੀਆਂ ਦੇ ਬਿਆਨ ਕਲਮਬੰਦ ਕਰ ਲਏ ਹਨ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸਦੇ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਹੋਵੇਗੀ।