20 ਸਾਲਾਂ ਤੋਂ ਲੋਕਾਂ ਨੂੰ ਪਾਰ ਲਾ ਰਿਹੈ ਹਰੀ ਸਿੰਘ ਦਾ 'ਬੇੜਾ' (ਤਸਵੀਰਾਂ)
Sunday, Mar 24, 2019 - 06:28 PM (IST)
ਕਪੂਰਥਲਾ (ਓਬਰਾਏ)— ਆਧੁਨਿਕਤਾ ਦੇ ਇਸ ਦੌਰ 'ਚ ਜਿੱਥੇ ਇੰਜੀਨੀਅਰਿੰਗ ਦੀਆਂ ਵੱਡੀਆਂ-ਵੱਡੀਆਂ ਮਿਸਾਲਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਲਈ ਨਵੇਂ-ਨਵੇਂ ਸਰੋਤ ਉਪਲੱਬਧ ਹਨ, ਉਥੇ ਹੀ ਬਿਆਸ ਦਰਿਆ 'ਚ ਚੱਲਣ ਵਾਲਾ 'ਬੇੜਾ' ਹਜ਼ਾਰਾਂ ਕਿਸਾਨਾਂ ਸਣੇ ਨੇੜੇ ਦੇ ਲੋਕਾਂ ਦੀ 'ਲਾਈਫ ਲਾਈਨ' ਬਣਿਆ ਹੋਇਆ ਹੈ। ਪੰਜਾਬ ਦਰਿਆਵਾਂ ਦੀ ਧਰਤੀ ਹੈ, ਜਿਸ 'ਚ ਰਾਵੀ, ਸਤਲੁਜ ਅਤੇ ਬਿਆਸ ਦਰਿਆ ਵਹਿੰਦੇ ਹਨ। ਇਨ੍ਹਾਂ 'ਚ ਸਭ ਤੋਂ ਇਤਿਹਾਸਕ ਬਿਆਸ ਦਰਿਆ ਹੈ, ਜਿਸ 'ਚ ਚੱਲਣ ਵਾਲੇ ਬੇੜਿਆਂ 'ਤੇ ਗੁਰੂ ਨਾਨਕ ਦੇਵ ਜੀ ਦੀ ਬਰਾਤ ਗਈ ਸੀ। ਜਦੋਂ ਦਿੱਲੀ ਲਾਹੌਰ ਤੱਕ ਮੁੱਖ ਮਾਰਗ 'ਤੇ ਜਦੋਂ ਇਨ੍ਹਾਂ ਦਰਿਆਵਾਂ ਨੂੰ ਪਾਰ ਕਰਨ ਦੇ ਪੁੱਲ ਨਹੀਂ ਹੋਇਆ ਕਰਦੇ ਹਨ, ਉਦੋਂ ਵੀ ਕਈ ਸਾਧਨ ਇਨ੍ਹਾਂ ਬੇੜਿਆਂ ਤੋਂ ਇਸ ਪਾਰ ਤੋਂ ਉਸ ਪਾਰ ਜਾਂਦੇ ਸਨ। ਸਮਾਂ ਬਦਲਦਾ ਗਿਆ ਪਰ ਇਹ ਇਕ ਚੀਜ਼ ਇਹ ਬੇੜਾ ਨਹੀਂ ਬਦਲਿਆ। ਅੱਜ ਆਜ਼ਾਦੀ ਦੇ 70 ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਬੇੜਾ ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ, ਕਪੂਰਥਲਾ ਦੇ ਬਹੁਤ ਪਿੰਡਾਂ ਤੋਂ ਲੈ ਕੇ ਹਰੀਕੇ ਤੱਕ ਕਈ ਪਿੰਡਾਂ ਲਈ ਲਾਈਫ ਲਾਈਨ ਦਾ ਕੰਮ ਕਰ ਰਿਹਾ ਹੈ। ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਅੱਜ ਵੀ ਆਪਣੇ ਖੇਤਾਂ ਤੱਕ ਪੁੱਜਣ ਸਮੇਤ ਹੋਰ ਕੰਮਾਂ-ਕਾਰਾਂ ਲਈ ਬੇੜੇ ਦਾ ਸਹਾਰਾ ਲੈਂਦੇ ਹਨ। ਇਸੇ ਬੇੜੇ ਦੇ ਸਹਾਰੇ ਕਿਸਾਨ ਅਤੇ ਪਿੰਡਾਂ ਦੇ ਹੋਰ ਲੋਕ ਰੋਜ਼ਾਨਾ ਬਿਆਸ ਦਰਿਆ ਪਾਰ ਕਰਦੇ ਹਨ। ਇੰਨਾ ਹੀ ਨਹੀਂ ਕਿਸਾਨ ਤਾਂ ਆਪਣੇ 2 ਪਹੀਆ, 4 ਪਹੀਆ ਅਤੇ ਟਰੈਕਟਰ- ਟਰਾਲੀ ਵੀ ਇਸੇ ਬੇੜੇ ਰਾਹੀਂ ਦਰਿਆ ਦੇ ਪਾਰ ਲੈ ਕੇ ਜਾਂਦੇ ਹਨ।

ਇਸ ਸ਼ਖਸ ਨੇ ਸਮਝਿਆ ਲੋਕਾਂ ਦਾ ਦਰਦ ਤੇ ਬਣਾ ਦਿੱਤਾ ਲੱਕੜੀ ਦਾ ਬੇੜਾ
ਹਰ ਸਿਆਸੀ ਪਾਰਟੀ ਨੇ ਵੋਟਾਂ ਲੈਣ ਲਈ ਇੰਨਾ ਲੋਕਾਂ ਨੂੰ ਵੱਡੇ-ਵੱਡੇ ਦਾਅਵੇ ਕੀਤੇ, ਜੋ ਅੱਜ ਤੱਕ ਵਫਾ ਨਹੀਂ ਹੋਏ ਪਰ ਇਕ ਸ਼ਖਸ ਹੈ, ਜਿਸ ਨੇ ਇਨ੍ਹਾਂ ਲੋਕਾਂ ਦਾ ਦਰਦ ਸਮਝਿਆ ਅਤੇ ਇਸ ਖੇਤਰ 'ਚ ਲੱਕੜੀ ਦਾ ਇਕ ਬੇੜਾ ਬਣਾ ਦਿੱਤਾ। ਬੇੜੇ ਨੂੰ ਚਲਾਉਣ ਲਈ ਕਾਰਸੇਵਾ ਦੇ ਤੌਰ 'ਤੇ ਪਿਛਲੇ 20 ਸਾਲਾਂ ਤੋਂ ਸੰਤ ਹਰਿ ਸਿੰਘ ਪਟਿਆਲਾ ਵਾਲੇ ਸੇਵਾ ਨਿਭਾਅ ਰਹੇ ਹਨ। ਬਾਬਾ ਹਰੀ ਸਿੰਘ ਪਿੰਡ ਵਾਸੀਆਂ ਨੂੰ ਇਸ ਬੇੜੇ ਦੇ ਨਾਲ-ਨਾਲ ਇਕ ਮਲਾਹ ਵੀ ਦਿੱਤਾ ਹੈ, ਜੋ ਪਿਛਲੇ 20 ਸਾਲਾਂ ਤੋਂ ਇਨ੍ਹਾਂ ਲੋਕਾਂ ਦਾ 'ਬੇੜਾ' ਪਾਰ ਲਗਾ ਰਿਹਾ ਹੈ। ਇੰਨਾ ਹੀ ਨਹੀਂ ਗੋਇੰਦਵਾਲ ਸਾਹਿਬ 'ਚ ਲੱਗਣ ਵਾਲੇ ਮੇਲੇ ਦੇ ਦਿਨਾਂ 'ਚ ਤਾਂ ਇਹ ਬੇੜਾ ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਬਿਆਸ ਦਰਿਆ ਪਾਰ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ।

ਬਾਬਾ ਹਰੀ ਸਿੰਘ ਕਾਰ ਸੇਵਕ ਨੇ ਦੱਸਿਆ ਕਿ ਬੇੜੇ ਦੇ ਇਤਿਹਾਕ ਮਹੱਤਵ ਹੋਣ ਕਰਕੇ ਗੋਇੰਦਵਾਲ ਸਾਹਿਬ ਲੱਗਣ ਵਾਲੇ ਮੇਲੇ 'ਚ ਇਹੀ ਬੇੜਾ ਇਕ ਦਿਨ 'ਚ ਹਜ਼ਾਰਾਂ ਲੋਕਾਂ ਨੂੰ ਦਰਿਆ ਬਿਆਸ ਦੀ ਸੈਰ ਵੀ ਕਰਵਾਉਂਦਾ ਹੈ। ਇਹ ਹੀ ਨਹੀਂ ਜੇਕਰ ਬਿਆਸ ਦਰਿਆ ਉਫਾਨ 'ਤੇ ਆ ਜਾਵੇ ਤਾਂ ਹੜ੍ਹ ਦੇ ਸਮੇਂ ਇਹੀ ਬੇੜਾ ਸਰਕਾਰੀ ਮਸ਼ੀਨਰੀ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲਦਾ ਹੈ। ਇਸ ਬੇੜੇ ਦੀ ਸੇਵਾ ਕਰਨ ਵਾਲੇ ਬਾਬਾ ਹਰੀ ਸਿੰਘ ਆਪਣੇ ਨਿੱਜੀ ਜ਼ਮੀਨ ਤੋਂ ਆਉਣ ਵਾਲੇ ਠੇਕੇ ਤੋਂ ਸਾਰੀ ਸੇਵਾ ਨਿਭਾਉਂਦੇ ਹਨ। ਇਸ ਦੇ ਨਾਲ ਹੀ ਟਰੇਂਡ ਕੀਤਾ ਹੋਇਆ ਮਲਾਹ ਅਮਰਬੀਰ ਵੀ ਪਿਛਲੇ 20 ਸਾਲਾਂ ਤੋਂ ਲਗਾਤਾਰ ਇਸ ਖੇਤਰ 'ਚ ਸੇਵਾ ਦੇ ਰਹੀ ਹੈ। ਇਸ ਦੇ ਨਾਲ ਹੀ ਮਲਾਹ ਅੱਜ ਤੱਕ 40 ਦੇ ਕਰੀਬ ਲੋਕਾਂ ਦੀ ਜਾਨ ਵੀ ਬਚਾ ਚੁੱਕੇ ਹਨ ਅਤੇ ਅਜਿਹੇ ਕਈ ਲਾਸ਼ਾਂ ਵੀ ਨਿਕਾਲ ਚੁੱਕੇ ਹਨ, ਜਿਨ੍ਹਾਂ ਨੂੰ ਸਰਕਾਰੀ ਗੋਤਾਖੋਰ ਵੀ ਨਹੀਂ ਕੱਢ ਸਕੇ। ਇਨ੍ਹਾਂ 'ਚ ਇਕ ਬ੍ਰਿਗੇਡੀਅਰ ਅਤੇ 4 ਬੱਚੇ ਨਵੋਦਿਆ ਸਕੂਲ ਦੇ ਸਾਮਲ ਹਨ।
ਸਮਾਜ 'ਚ ਲਾਲਚ ਅਤੇ ਪੈਸਾ ਕਮਾਉਣ ਦੀ ਚਾਹਤ ਤਾਂ ਸਾਰੇ ਪਾਸੇ ਦਿਖਾਈ ਦਿੰਦੀ ਹੈ ਪਰ ਲੋਕ ਸੇਵਾ ਲਈ ਬਹੁਤ ਹੀ ਘੱਟ ਸੰਤ ਬਚੇ ਹਨ ਅਤੇ ਪਿਛਲੇ 20 ਸਾਲਾਂ ਤੋਂ ਲਗਾਤਾਰ ਕਿਸਾਨਾਂ ਬਾਰੇ 'ਚ ਸੋਚ ਬਿਨਾਂ ਪੈਸੇ ਲਈ ਹਰੀ ਸਿੰਘ ਕਿਸਾਨਾਂ ਦੇ ਹੀ ਨਹੀਂ ਸਗੋਂ ਸਮਾਜ ਲਈ ਵੀ ਇਕ ਭਗਵਾਨ ਰੂਪੀ ਆਸ਼ੀਰਵਾਦ ਵਾਂਗ ਹੈ, ਜਿਨ੍ਹਾਂ ਦੇ ਨਾ ਹੋਣ ਨਾਲ ਸ਼ਾਇਦ ਬਿਆਸ ਦੇ ਉਸ ਪਾਰ ਦੀ ਕਿਸਾਨੀ ਆਪਣੀ ਵੀ ਕਮਾਈ ਨਾ ਕਰ ਪਾਉਂਦੀ।
