ਬਿਆਸ ਦਰਿਆ ਦੇ ਮੰਡ ਇਲਾਕੇ ’ਚੋਂ ਨਾਜਾਇਜ਼ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਬਰਾਮਦ
Sunday, Dec 12, 2021 - 06:05 PM (IST)
ਤਰਨਤਾਰਨ (ਰਮਨ) : ਜ਼ਿਲ੍ਹਾ ਪੁਲਸ ਅਤੇ ਐਕਸਾਈਜ਼ ਵਿਭਾਗ ਦੀ ਸਾਂਝੀ ਟੀਮ ਵਲੋਂ ਕੀਤੀ ਗਈ ਬਿਆਸ ਦਰਿਆ ਦੇ ਮੰਗ ਇਲਾਕੇ ’ਚ ਛਾਪੇਮਾਰੀ ਦੌਰਾਨ ਲਾਹਣ ਅਤੇ ਨਾਜਾਇਜ਼ ਸ਼ਰਾਬ ਦੇ ਜ਼ਖੀਰੇ ਸਮੇਤ ਹੋਰ ਸਾਮਾਨ ਬਰਾਮਦ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਬਰਾਮਦ ਕੀਤੇ ਗਏ ਸਾਮਾਨ ਨੂੰ ਕਬਜ਼ੇ ਵਿਚ ਲੈ ਪੁਲਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਹਰਵਿੰਦਰ ਸਿੰਘ ਵਿਰਕ ਅਤੇ ਐਕਸਾਈਜ਼ ਵਿਭਾਗ ਦੇ ਈ.ਟੀ.ਓ ਨਵਜੋਤ ਭਾਰਤੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਅਪਰੇਸ਼ਨ ਰੈੱਡ ਰੋਜ਼ ਤਹਿਤ ਐਕਸਾਈਜ਼ ਵਿਭਾਗ ਦੀ ਟੀਮ ਜਿਸ ’ਚ ਇੰਸਪੈਕਟਰ ਅਮਰੀਕ ਸਿੰਘ ਸਮੇਤ ਹੋਰ ਅਧਿਕਾਰੀ ਸ਼ਾਮਲ ਸਨ ਵਲੋਂ ਸਰਕਲ ਫਤਿਆਬਾਦ ਅਧੀਨ ਆਉਂਦੇ ਬਿਆਸ ਦਰਿਆ ਦੇ ਮੰਡ ਇਲਾਕੇ ਪਿੰਡ ਗਗਡ਼ੇ੍ਹਵਾਲ ’ਚ ਟੀਮ ਵਲੋਂ ਛਾਪੇਮਾਰੀ ਕੀਤੀ ਗਈ।
ਵਿਰਕ ਨੇ ਦੱਸਿਆ ਕਿ ਇਸ ਦੌਰਾਨ ਟੀਮ ਨੂੰ 85 ਹਜ਼ਾਰ ਕਿੱਲੋ ਲਾਹਣ ਅਤੇ 75,500 ਐੱਮ.ਐੱਲ ਨਾਜਾਇਜ਼ ਸ਼ਰਾਬ ਸਮੇਤ 10 ਪਲਾਸਟਿਕ ਦੀਆਂ ਤਰਪਾਲਾਂ, 2 ਪਲਾਸਟਿਕ ਕੰਟੇਨਰ, 14 ਪਲਾਸਟਿਕ ਦੇ ਡਰੰਮ, ਇਕ ਚਾਲੂ ਭੱਠੀ, 6 ਲੋਹੇ ਦੇ ਵੱਡੇ ਡਰੰਮਾਂ ਨੂੰ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਲਾਹਣ ਅਤੇ ਨਾਜਾਇਜ਼ ਸ਼ਰਾਬ ਨੂੰ ਮੰਡ ਦੇ ਸੁੱਕੇ ਇਲਾਕੇ ਵਿਚ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ।