BDPO ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫਤਾਰ (ਵੀਡੀਓ)

01/22/2020 8:46:16 PM

ਮੋਰਿੰਡਾ,(ਧੀਮਾਨ, ਅਰਨੌਲੀ, ਖੁਰਾਣਾ)- ਚੌਕਸੀ ਵਿਭਾਗ ਰੂਪਨਗਰ ਵਲੋਂ ਪਿੰਡ ਢੰਗਰਾਲੀ ਦੇ ਸਰਪੰਚ ਗੁਰਪ੍ਰੀਤ ਸਿੰਘ ਬਾਠ ਦੀ ਸ਼ਿਕਾਇਤ ਦੇ ਆਧਾਰ ’ਤੇ ਅੱਜ ਲਗਭਗ 4 ਵਜੇ ਬੀ. ਡੀ. ਪੀ. ਓ. ਦਫਤਰ ਮੋਰਿੰਡਾ ਵਿਖੇ ਰੇਡ ਕਰ ਕੇ ਬੀ. ਡੀ. ਪੀ. ਓ. ਅਮਰਦੀਪ ਸਿੰਘ ਨੂੰ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਬਾਠ ਨੇ ਦੱਸਿਆ ਕਿ ਬੀ. ਡੀ. ਪੀ. ਓ. ਮੋਰਿੰਡਾ ਵਲੋਂ ਇਲਾਕੇ ਦੀਆਂ ਪੰਚਾਇਤਾਂ ਤੋਂ ਰਿਸ਼ਵਤ ਲੈਣ ਦਾ ਸਿਲਸਿਲਾ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਸੀ। ਬਾਠ ਨੇ ਕਿਹਾ ਕਿ ਉਹ ਅਕਾਲੀ ਪਾਰਟੀ ਨਾਲ ਸਬੰਧਤ ਹਨ, ਜਿਸ ਕਰ ਕੇ ਉਨ੍ਹਾਂ ਨੂੰ ਖਾਸ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਗੁਰਪ੍ਰੀਤ ਸਿੰਘ ਬਾਠ ਨੇ ਦੱਸਿਆ ਕਿ ਜਦੋਂ ਵੀ ਮੈਂ ਆਪਣੇ ਪਿੰਡ ਦੇ ਵਿਕਾਸ ਕਾਰਜਾਂ ਲਈ ਬੀ. ਡੀ. ਪੀ. ਓ. ਮੋਰਿੰਡਾ ਨੂੰ ਸਰਕਾਰ ਵਲੋਂ ਆਈ ਗ੍ਰਾਂਟ ਦੀ ਮੰਗ ਕਰਦਾ ਸੀ ਤਾਂ ਉਹ ਆਨਾਕਾਨੀ ਕਰਦਾ ਸੀ ਅਤੇ ਰਿਸ਼ਵਤ ਦੀ ਮੰਗ ਕਰਦਾ ਸੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਪਿੰਡ ਲਈ ਸੋਲਰ ਲਾਈਟਾਂ ਲਾਉਣ ਲਈ 3 ਲੱਖ ਰੁਪਏ ਗ੍ਰਾਂਟ ਆਈ ਸੀ, ਜਦੋਂ ਵੀ ਉਹ ਬੀ. ਡੀ. ਪੀ. ਓ. ਮੋਰਿੰਡਾ ਕੋਲ ਜਾਂਦਾ ਤਾਂ ਉਸ ਤੋਂ ਰਿਸ਼ਵਤ ਦੀ ਮੰਗ ਕਰਦਾ ਸੀ। ਬਾਠ ਨੇ ਦੱਸਿਆ ਕਿ ਜਦੋਂ ਉਹ ਸੋਲਰ ਲਾਈਟਾਂ ਦਾ ਚੈੱਕ ਕਲੀਅਰ ਕਰਵਾਉਣ ਲਈ ਗਿਆ ਤਾਂ ਬੀ. ਡੀ. ਪੀ. ਓ. ਮੋਰਿੰਡਾ ਵਲੋਂ ਉਨ੍ਹਾਂ ਤੋਂ 6 ਪ੍ਰਤੀਸ਼ਤ ਦੀ ਮੰਗ ਕੀਤੀ ਗਈ ਪਰ ਬਾਅਦ ਵਿਚ ਉਹ 10 ਹਜ਼ਾਰ ਲੈਣ ਲਈ ਰਾਜ਼ੀ ਹੋ ਗਿਆ।

ਬਾਠ ਨੇ ਦੱਸਿਆ ਕਿ ਉਸ ਨੇ ਇਸ ਦੀ ਸ਼ਿਕਾਇਤ ਰੂਪਨਗਰ ਵਿਖੇ ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਕੋਲ ਕੀਤੀ ਅਤੇ ਅੱਜ ਜਦੋਂ ਉਸ ਨੇ 2-2 ਹਜ਼ਾਰ ਦੇ ਪੰਜ ਨੋਟ ਬੀ. ਡੀ. ਪੀ. ਓ. ਮੋਰਿੰਡਾ ਨੂੰ ਦਿੱਤੇ ਤਾਂ ਡੀ. ਐੱਸ. ਪੀ. ਬਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਚੌਕਸੀ ਵਿਭਾਗ ਦੀ ਟੀਮ ਨੇ ਬੀ. ਡੀ. ਪੀ. ਓ. ਮੋਰਿੰਡਾ ਨੂੰ ਰੰਗੇ ਹੱਥੀਂ ਕਾਬੂ ਕਰ ਕੇ ਗ੍ਰਿਫਤਾਰ ਕਰ ਲਿਆ।


Bharat Thapa

Content Editor

Related News