ਦਾਦੀ ਨੇ ਰੋ-ਰੋ ਦੱਸਿਆ ਹਾਲ, ਕਰੋੜਾ ਦਾ 'ਚਿੱਟਾ' ਪੀ ਚੁੱਕਾ ਹੈ ਪੋਤਾ

Thursday, Sep 26, 2019 - 12:01 PM (IST)

ਦਾਦੀ ਨੇ ਰੋ-ਰੋ ਦੱਸਿਆ ਹਾਲ, ਕਰੋੜਾ ਦਾ 'ਚਿੱਟਾ' ਪੀ ਚੁੱਕਾ ਹੈ ਪੋਤਾ

ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਦਾ ਇਹ ਨੌਜਵਾਨ ਹੁਣ ਤੱਕ 2-3 ਕਰੋੜ ਦਾ ਚਿੱਟਾ ਪੀ ਚੁੱਕਾ ਹੈ। ਦਰਅਸਲ ਇਹ ਨੌਜਵਾਨ ਬੀਤੇ 10 ਸਾਲ ਤੋਂ ਨਸ਼ੇ ਦੀ ਗ੍ਰਿਫਤ 'ਚ ਲਿਪਤ ਹੈ। ਨੌਜਵਾਨ ਮੁਤਾਬਕ ਉਹ ਪਹਿਲਾਂ ਸਮੈਕ ਪੀਣ ਦਾ ਆਦੀ ਸੀ ਤੇ ਬੀਤੇ 5, 6 ਸਾਲ ਤੋਂ ਉਹ ਚਿੱਟੇ ਦਾ ਨਸ਼ਾ ਕਰ ਰਿਹਾ ਹੈ। ਨੌਜਵਾਨ ਨੇ ਦੱਸਿਆ ਕਿ ਉਸ ਨੂੰ ਚਿੱਟਾ 2500 ਰੁਪਏ 'ਚ ਮਿਲ ਜਾਂਦਾ ਹੈ ਤੇ ਉਹ 3 ਤੋਂ 5 ਹਜ਼ਾਰ ਰੁਪਏ ਤੱਕ ਦਾ ਚਿੱਟਾ ਆਮ ਕਰਦਾ ਹੈ। ਨੌਜਵਾਨ ਮੁਤਾਬਕ ਉਹ ਹੁਣ ਤੱਕ ਚਿੱਟੇ ਲਈ ਘੱਟੋ ਘੱਟ 2-3 ਕਰੋੜ ਰੁਪਇਆ ਬਰਬਾਦ ਕਰ ਚੁੱਕਾ ਹੈ। ਇਸ ਨੌਜਵਾਨ ਨੇ ਦੱਸਿਆ ਹੈ ਕਿ ਬਠਿੰਡਾ ਵਿਚ ਨਸ਼ਾ ਆਮ ਵਿਕਦਾ ਹੈ। ਇੱਥੋਂ ਤੱਕ ਨਸ਼ਾ ਤਸਕਰ ਇਕ ਫੋਨ ਕਾਲ 'ਤੇ ਘਰ ਵਿਚ ਹੀ ਚਿੱਟੇ ਸਮੇਤ ਹੋਰ ਨਸ਼ਿਆਂ ਦੀ ਡਿਲੀਵਰੀ ਕਰਦੇ ਹਨ।

ਪੀੜਤ ਨੌਜਵਾਨ ਦੀ ਦਾਦੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ 1990 'ਚ ਅੱਤਵਾਦ ਦਾ ਸ਼ਿਕਾਰ ਹੋ ਗਿਆ ਸੀ। ਉਸ ਦੇ ਪੁੱਤਰ ਦੀ ਮੌਤ ਤੋਂ ਬਾਅਦ ਉਸ ਦੀ ਨੂੰਹ ਘਰੋਂ ਚਲੀ ਗਈ ਤੇ ਹੁਣ ਘਰ 'ਚ ਸਿਰਫ ਦਾਦੀ ਪੋਤਾ ਇਕੱਲੇ ਰਹਿੰਦੇ ਹਨ ਅਤੇ ਬੀਤੇ 10 ਸਾਲ ਤੋਂ ਉਸ ਦਾ ਪੋਤਾ ਨਸ਼ੇ ਦੀ ਦਲਦਲ 'ਚ ਫਸਿਆ ਹੋਇਆ ਹੈ, ਜੋ ਨਸ਼ੇ ਲਈ ਹੁਣ ਤੱਕ ਕਰੋੜਾਂ ਦੀ ਜ਼ਮੀਨ ਵੇਚ ਚੁੱਕਾ ਹੈ। ਇਸ ਦੇ ਨਾਲ ਹੀ ਬਜ਼ੁਰਗ ਮਹਿਲਾ ਨੇ ਸਰਕਾਰ ਦੇ ਨਸ਼ੇ ਦਾ ਲੱਕ ਤੋੜਨ ਦੇ ਦਾਅਵਿਆਂ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ।

ਇਹ ਬਜ਼ੁਰਗ ਦਾਦੀ ਆਪਣੇ ਪੋਤੇ ਨੂੰ ਨਿਤ ਦਿਨ ਮੌਤ ਦੇ ਮੂੰਹ 'ਚ ਜਾਂਦਾ ਦੇਖ ਰਹੀ ਹੈ। ਇਸ ਬਜ਼ੁਰਗ ਦੀ ਪੀੜ੍ਹ ਉਹ ਮਾਪੇ ਚੰਗੀ ਤਰ੍ਹਾਂ ਸਮਝ ਸਕਦੇ ਹਨ, ਜਿਨ੍ਹਾਂ ਦੇ ਜਵਾਨ ਬੱਚੇ ਨਸ਼ੇ ਦੀ ਮਾੜੀ ਆਦਤ ਦੇ ਸ਼ਿਕਾਰ ਹਨ। ਬਿਨਾਂ ਸ਼ੱਕ ਸਰਕਾਰ ਨੂੰ ਪੰਜਾਬ 'ਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਕਰਨ ਲਈ ਸਖਤ ਕਾਰਵਾਈ ਕਰਨ ਦੀ ਲੌੜ ਹੈ ਪਰ ਨਾਲ ਹੀ ਆਮ ਜਨਤਾ ਨੂੰ ਵੀ ਚਾਹੀਦਾ ਹੈ ਕਿ ਉਹ ਨਸ਼ਾ ਤਸਕਰਾਂ 'ਤੇ ਠੱਲ੍ਹ ਪਾਉਣ ਲਈ ਖੁਦ ਹੰਭਲਾ ਮਾਰਨ ਤਾਂ ਜੋ ਨਸ਼ੇ 'ਚ ਬਰਬਾਦ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।


author

cherry

Content Editor

Related News