ਪੁਲਸ ਅਧਿਕਾਰੀ ਨੇ ਬਾਦਲ ਦੇ ਲਾਏ ਪੈਰੀਂ ਹੱਥ, ਹੋ ਸਕਦੀ ਹੈ ਕਾਰਵਾਈ

09/15/2019 10:47:26 AM

ਬਠਿੰਡਾ (ਜ.ਬ.) : ਅੱਜ ਇਕ ਹੋਰ ਪੁਲਸ ਅਧਿਕਾਰੀ ਵੱਲੋਂ ਕਥਿਤ ਤੌਰ 'ਤੇ ਸਾਬਕਾ ਮੁੱਖ ਮੰਤਰੀ ਦੇ ਪੈਰੀਂ ਹੱਥ ਲਾ ਕੇ ਕਥਿਤ ਵਰਦੀ ਦੀ ਤੌਹੀਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਵੱਡੇ ਅਧਿਕਾਰੀ ਬੜੀ ਗੰਭੀਰਤਾ ਨਾਲ ਲੈ ਰਹੇ ਹਨ। ਹੋਇਆ ਇੰਝ ਕਿ ਬਠਿੰਡਾ ਵਿਚ ਇਕ ਸਮਾਗਮ 'ਚ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਵਾਪਸ ਜਾਣ ਲਈ ਜਿਵੇਂ ਹੀ ਕਾਰ 'ਚ ਬੈਠੇ, ਇਕ ਵਰਦੀਧਾਰੀ ਪੁਲਸ ਅਧਿਕਾਰੀ ਕਾਰ ਵੱਲ ਲਪਕਿਆ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਹਾਲਾਂਕਿ ਪੁਲਸ ਅਧਿਕਾਰੀ ਨੇ ਇਸ ਤੋਂ ਇਨਕਾਰ ਕੀਤਾ ਪਰ ਪ੍ਰਤੱਖ ਦਰਸ਼ਕਾਂ ਦਾ ਕਹਿਣਾ ਸੀ ਕਿ ਉਕਤ ਨੇ ਬਾਦਲ ਦੇ ਪੈਰ ਛੂਹੇ ਸਨ।

ਭਾਵੇਂ ਕਿ ਬਾਦਲ ਜਿਹੇ ਬਜ਼ੁਰਗ ਲੀਡਰ ਦੇ ਪੈਰੀਂ ਹੱਥ ਲਾਉਣਾ ਸਾਡੀ ਤਹਿਜੀਬ ਦਾ ਹਿੱਸਾ ਹੈ ਪਰ ਕਿਸੇ ਵੀ ਵਰਦੀਧਾਰੀ ਵਲੋਂ ਅਜਿਹਾ ਕਰਨਾ ਵਰਦੀ ਦੀ ਤੌਹੀਨ ਅਤੇ ਨਿਯਮਾਂ ਦੇ ਉਲਟ ਮੰਨਿਆ ਜਾਂਦਾ ਹੈ। ਇਸ ਸਬੰਧੀ ਡਾ. ਨਾਨਕ ਸਿੰਘ ਐੱਸ. ਐੱਸ. ਪੀ. ਬਠਿੰਡਾ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਪੁਲਸ ਅਧਿਕਾਰੀ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ।

PunjabKesari

ਬਾਦਲ ਦੀ ਸਕਿਓਰਿਟੀ 'ਚ ਲੱਗੀ ਸੰਨ੍ਹ
ਭਾਵੇਂ ਕੁਝ ਵੀ ਅਣਸੁਖਾਵਾਂ ਜਾਂ ਇਤਰਾਜ਼ਯੋਗ ਨਹੀਂ ਵਾਪਰਿਆ ਪਰ ਇਸ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਕਿਓਰਿਟੀ 'ਚ ਸੰਨ੍ਹ ਲੱਗਣਾ ਹੀ ਕਿਹਾ ਜਾਵੇਗਾ ਕਿ ਟਾਈਟ ਸਕਿਓਰਿਟੀ ਲੱਗੀ ਹੋਣ ਦੇ ਬਾਵਜੂਦ ਭੀਖ ਮੰਗਣ ਵਾਲੀਆਂ ਦੋ ਔਰਤਾਂ ਬਾਦਲ ਕੋਲ ਹੀ ਪਹੁੰਚ ਗਈਆਂ ਅਤੇ ਭੀਖ ਮੰਗਣ ਲੱਗੀਆਂ, ਜਦੋਂ ਇਸ 'ਤੇ ਸਕਿਓਰਿਟੀ ਦਾ ਧਿਆਨ ਗਿਆ ਤਾਂ ਮੁਲਾਜ਼ਮ ਨੇ ਦੌੜ ਕੇ ਇਨ੍ਹਾਂ ਨੂੰ ਬਾਦਲ ਤੋਂ ਦੂਰ ਕੀਤਾ। ਇਸ ਬਾਰੇ ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਾ ਸਿਰਫ ਜਾਂਚ ਕੀਤੀ ਜਾਵੇਗੀ, ਬਲਕਿ ਲੋੜ ਪਈ ਤਾਂ ਸਬੰਧਤ ਮੁਲਾਜ਼ਮਾਂ ਵਿਰੁੱਧ ਕਾਰਵਾਈ ਵੀ ਹੋਵੇਗੀ।


cherry

Content Editor

Related News