ਪੁਲਸ ਨੇ 3 ਮਾਓਵਾਦੀ ਕੀਤੇ ਗ੍ਰਿਫਤਾਰ

09/29/2019 10:28:44 AM

ਬਠਿੰਡਾ (ਅਮਿਤ ਸ਼ਰਮਾ,ਵਰਮਾ) : ਗੁਆਂਢੀ ਦੇਸ਼ ਵੱਲੋਂ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਡਰੋਨ ਦੁਆਰਾ ਹਥਿਆਰਾਂ ਦੀ ਸਪਲਾਈ ਵੀ ਕੀਤੀ ਗਈ ਤੇ ਖੁਫੀਆ ਏਜੰਸੀਆਂ ਨੇ ਖਾਲਿਸਤਾਨ ਸਮਰਥਕ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ, ਜਿਸ ਤੋਂ ਬਾਅਦ ਪੰਜਾਬ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਇਸ ਦਰਮਿਆਨ ਬਠਿੰਡਾ ਪੁਲਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਐਤਵਾਰ ਸਵੇਰੇ 4 ਵਜੇ ਪੱਛਮੀ ਬੰਗਾਲ ਤੋਂ ਆਏ ਮਾਰਕਸਵਾਦੀ ਪਾਰਟੀ (ਮਾਓਵਾਦੀ) ਦੇ 2 ਆਗੂਆਂ ਨੂੰ ਉਨ੍ਹਾਂ ਨੂੰ ਲੈਣ ਪਹੁੰਚੇ ਬਠਿੰਡਾ ਦੇ ਸਮਰਥਕ ਸਮੇਤ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਅਤੇ ਥਾਣਾ ਕੋਤਵਾਲੀ ਲੈ ਗਈ। ਬੇਸ਼ੱਕ ਪੁਲਸ ਨੂੰ ਉਨ੍ਹਾਂ ਕੋਲੋਂ ਕੁਝ ਨਹੀਂ ਮਿਲਿਆ ਪਰ ਫਿਰ ਵੀ ਪੁਲਸ ਨੇ ਗਹਿਰਾਈ ਨਾਲ ਉਨ੍ਹਾਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਥਾਣਾ ਕੋਤਵਾਲੀ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਮਾਓਵਾਦੀਆਂ ਵਿਚ ਡਾ. ਸੁਰੇਸ਼ ਬੈਨੇ (60), ਰਾਹੁਲ ਚੱਕਰਵਤੀ (50) ਤੋਂ ਇਲਾਵਾ ਬਠਿੰਡਾ ਦਾ ਲਾਜਪਤ ਰਾਏ (65) ਸ਼ਾਮਲ ਹਨ। ਜਿਵੇਂ ਹੀ ਇਨ੍ਹਾਂ ਦੇ ਸੰਗਠਨ ਨਾਲ ਜੁੜੇ ਸਮਰਥਕਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਪੁਲਸ ਦੀ ਕਾਰਵਾਈ ਦਾ ਡਟ ਕੇ ਵਿਰੋਧ ਕੀਤਾ ਤੇ ਥਾਣੇ ਬਾਹਰ ਹੰਗਾਮਾ ਕੀਤਾ।

ਦਬਾਅ 'ਚ ਆਈ ਪੁਲਸ ਨੇ ਇਨ੍ਹਾਂ ਤਿੰਨਾਂ 'ਤੇ ਮਾਮੂਲੀ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਐੱਸ. ਡੀ. ਐੱਮ. ਬਠਿੰਡਾ 'ਚ ਪੇਸ਼ ਕੀਤਾ, ਜਿਥੇ ਉਨ੍ਹਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ। ਥਾਣਾ ਪ੍ਰਮੁੱਖ ਨੇ ਦੱਸਿਆ ਕਿ ਲਾਜਪਤ ਰਾਏ ਆਪਣੀ ਬੇਟੀ ਦੇ ਨਾਲ ਇਨ੍ਹਾਂ ਦੋਵਾਂ ਮਾਓਵਾਦੀਆਂ ਨੂੰ ਲੈਣ ਸਟੇਸ਼ਨ ਪਹੁੰਚਿਆ ਸੀ, ਜਿਥੇ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਲਾਜਪਤ ਰਾਏ 'ਤੇ ਲੁਧਿਆਣਾ ਤੇ ਫਿਲੌਰ 'ਚ ਗੈਰ-ਕਾਨੂੰਨੀ ਐਕਟੀਵਿਟੀ ਤਹਿਤ ਮਾਮਲਾ ਦਰਜ ਸੀ, ਜਿਸ 'ਚੋਂ ਉਹ ਬਰੀ ਹੋ ਚੁੱਕਾ ਹੈ।


cherry

Content Editor

Related News