'ਆਪ' ਵਿਧਾਇਕਾ ਬਲਜਿੰਦਰ ਕੌਰ ਖਿਲਾਫ ਸ਼ਿਕਾਇਤ ਦਰਜ

Saturday, Mar 09, 2019 - 05:21 PM (IST)

'ਆਪ' ਵਿਧਾਇਕਾ ਬਲਜਿੰਦਰ ਕੌਰ ਖਿਲਾਫ ਸ਼ਿਕਾਇਤ ਦਰਜ

ਬਠਿੰਡਾ(ਅਮਿਤ,ਵਰਮਾ)— ਚਰਚਾ 'ਚ ਚੱਲ ਰਹੀ ਤਲਵੰਡੀ ਸਾਬੋ ਦੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ 'ਤੇ ਦੋ ਵੋਟਾਂ ਬਣਾਉਣ ਦਾ ਦੋਸ਼ ਕਾਫੀ ਲੰਬੇ ਸਮੇਂ ਤੋਂ ਲੱਗ ਰਿਹਾ ਹੈ ਪਰ ਸ਼ਿਕਾਇਤ ਕਰਨ ਵਾਲੇ ਹਰਮਿਲਾਪ ਸਿੰਘ ਗਰੇਵਾਲ ਨੇ ਐੱਸ. ਐੱਸ. ਪੀ. ਬਠਿੰਡਾ ਨੂੰ ਸ਼ਿਕਾਇਤ ਦਿੱਤੀ ਕਿ ਵਿਧਾਇਕਾ ਵਿਰੁੱਧ ਫਰਜ਼ੀ ਵੋਟ ਬਣਾਉਣ ਦਾ ਮਾਮਲਾ ਦਰਜ ਕੀਤਾ ਜਾਵੇ।

ਉਨ੍ਹਾਂ ਦੋਸ਼ ਲਾਇਆ ਕਿ ਬਲਜਿੰਦਰ ਕੌਰ ਦੀ ਪਹਿਲੀ ਵੋਟ ਬਣੀ ਸੀ, ਉਸ 'ਚ ਪਿਤਾ ਦਾ ਨਾਂ ਦਰਸ਼ਨ ਸਿੰਘ ਲਿਖਾਇਆ ਗਿਆ ਸੀ ਤੇ ਇਸ ਵੋਟ 'ਤੇ ਉਸ ਨੇ ਤਲਵੰਡੀ ਸਾਬੋ ਦੀਆਂ ਚੋਣਾਂ ਵੀ ਜਿੱਤੀਆਂ ਸਨ। ਬਲਜਿੰਦਰ ਕੌਰ ਨੂੰ ਅਮਰਜੀਤ ਸਿੰਘ ਨੇ ਗੋਦ ਲਿਆ ਸੀ ਤੇ ਰਿਟਰਨਿੰਗ ਅਧਿਕਾਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੋਵੇਂ ਵੋਟਾਂ ਬਲਜਿੰਦਰ ਕੌਰ ਦੀਆਂ ਹਨ। ਇਸ ਮਾਮਲੇ ਨੂੰ ਲੈ ਕੇ ਹਰਮਿਲਾਪ ਨੇ ਚੋਣ ਅਧਿਕਾਰੀ ਤੋਂ ਲੈ ਕੇ ਮੁੱਖ ਚੋਣ ਆਯੋਗ ਤਕ ਪੱਤਰ ਲਿਖੇ। ਸ਼ਿਕਾਇਤ ਇਹ ਹੈ ਕਿ ਅਦਾਲਤ 'ਚ ਇਸ ਮਾਮਲੇ ਨੂੰ ਦਰਜ ਕਰਵਾਇਆ ਗਿਆ ਪਰ ਇਸ ਦੇ ਬਾਵਜੂਦ ਇਸ ਬਾਰੇ ਕੋਈ ਇਨਸਾਫ ਨਹੀਂ ਮਿਲਿਆ।

ਚੋਣ ਆਯੋਗ ਨੇ ਵੀ ਇਹ ਮੰਨਿਆ ਹੈ ਕਿ ਬਲਜਿੰਦਰ ਕੌਰ ਦੀ ਵੋਟ ਫਰਜ਼ੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦਾ ਦੋਸ਼ ਹੈ ਕਿ ਅੱਜ ਜਿੰਨੇ ਵੀ ਮਾਮਲੇ ਦੋਹਰੀ ਤੇ ਫਰਜ਼ੀ ਵੋਟ ਦੇ ਸਾਹਮਣੇ ਆਏ, ਨਾ ਹੀ ਕਿਸੇ ਸੰਸਦ ਮੈਂਬਰ ਤੇ ਨਾ ਹੀ ਕਿਸੇ ਵਿਧਾਇਕ ਨੂੰ ਮੁਅੱਤਲ ਕੀਤਾ ਗਿਆ। ਚੋਣ ਆਯੋਗ ਨੂੰ ਵਾਰ-ਵਾਰ ਯਾਦਗਾਰੀ ਪੱਤਰ ਭੇਜੇ ਗਏ ਪਰ ਚੋਣ ਆਯੋਗ ਸਿਰਫ ਚੋਣਾਂ ਦਾ ਐਲਾਨ ਕਰਨ 'ਤੇ ਹੀ ਸੀਮਤ ਹੈ, ਜਦਕਿ ਫਰਜ਼ੀ ਵੋਟ ਮਾਮਲੇ 'ਚ ਕੋਈ ਕਾਰਵਾਈ ਨਾ ਕਰਨਾ ਉਨ੍ਹਾਂ ਦੀ ਕਾਰਗੁਜ਼ਾਰੀ 'ਤੇ ਉਂਗਲੀ ਉਠਾਉਣਾ ਹੈ।


author

cherry

Content Editor

Related News