ਬੀ.ਕੇ.ਯੂ. ਏਕਤਾ ਡਕੌਂਦਾ ਦੇ ਆਗੂ ਮਨਜੀਤ ਧਨੇਰ ਵੱਲੋਂ ਅਦਾਲਤ 'ਚ ਸਰੰਡਰ

09/30/2019 4:45:23 PM

ਬਠਿੰਡਾ /ਬਰਨਾਲਾ (ਕੁਲਦੀਪ, ਵਿਵੇਕ ਸਿੰਧਵਾਨੀ, ਰਵੀ) : ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਲੋਕ ਆਗੂ ਮਨਜੀਤ ਸਿੰਘ ਧਨੇਰ ਜ਼ਿਲਾ ਅਦਾਲਤ ਅੱਗੇ ਆਤਮ-ਸਮਰਪਣ ਕਰਨ ਲਈ ਹਜ਼ਾਰਾਂ ਲੋਕਾਂ ਦੇ ਕਾਫਿਲੇ ਨਾਲ ਅਨਾਜ ਮੰਡੀ ਤੋਂ ਰਵਾਨਾ ਹੋਏ ਅਤੇ ਸ਼ਹਿਰ 'ਚੋਂ ਹੁੰਦੇ ਹੋਏ ਡੀ. ਸੀ. ਦਫਤਰ ਪੁੱਜੇ। ਇਸ ਤੋਂ ਪਹਿਲਾਂ ਅਨਾਜ ਮੰਡੀ ਵਿਚ ਵੀ ਇਕ ਵਿਸ਼ਾਲ ਰੈਲੀ ਕੀਤੀ ਗਈ, ਜਿਸ 'ਚ ਹਜ਼ਾਰਾਂ ਦੀ ਗਿਣਤੀ ਵਿਚ ਵੱਖ-ਵੱਖ ਜਥੇਬੰਦੀਆਂ, ਕਿਸਾਨ ਯੂਨੀਅਨਾਂ ਆਗੂ ਅਤੇ ਔਰਤਾਂ ਸ਼ਾਮਲ ਸਨ। ਮਨਜੀਤ ਸਿੰਘ ਧਨੇਰ ਦਾ ਪਰਿਵਾਰ ਵੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜਾ ਹੋਇਆ ਸੀ। ਉਨ੍ਹਾਂ ਦੀ ਨੂੰਹ ਪ੍ਰਦੀਪ ਕੌਰ ਅਤੇ ਬੇਟੀ ਰਵਿੰਦਰ ਕੌਰ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਵੀ ਪੁੱਜੇ ਹੋਏ ਸਨ। ਉਹ ਵੀ ਕਾਫਿਲੇ ਦੇ ਰੂਪ 'ਚ ਡੀ. ਸੀ. ਦਫ਼ਤਰ ਗਏ ਅਤੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਡੀ. ਸੀ. ਦਫ਼ਤਰ ਵਿਚ ਧਰਨਾ ਲਾ ਦਿੱਤਾ। ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਭਾਰੀ ਪੁਲਸ ਫੋਰਸ ਤਾਇਨਾਤ ਸੀ। ਦੂਜੇ ਜ਼ਿਲਿਆਂ 'ਚੋਂ ਵੀ ਪੁਲਸ ਫੋਰਸ ਮੰਗਵਾਈ ਹੋਈ ਸੀ।

PunjabKesari

ਜੇਲ 'ਚੋਂ ਇਕ ਡਿਗਰੀ ਹੋਰ ਲੈ ਕੇ ਆਵਾਂਗਾ : ਮਨਜੀਤ ਸਿੰਘ ਧਨੇਰ
ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਲੋਕ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਕਿਰਨਜੀਤ ਕਾਂਡ ਦੇ ਦੋਸ਼ੀ ਦਲੀਪ ਸਿੰਘ ਨੂੰ ਪਿੰਡ ਦੇ ਲੋਕਾਂ ਨੇ ਹੀ ਕੁੱਟਿਆ ਸੀ ਅਤੇ ਉਸ ਦੀ ਮੌਤ ਹੋ ਗਈ ਸੀ ਪਰ ਸੈਸ਼ਨ ਕੋਰਟ ਨੇ ਇਸ ਮਾਮਲੇ ਵਿਚ ਮੈਨੂੰ ਉਮਰ ਕੈਦ ਦੀ ਸਜ਼ਾ ਦੇ ਦਿੱਤੀ। ਹਾਈ ਕੋਰਟ ਨੇ ਇਸ ਸਜ਼ਾ ਨੂੰ ਬਰਕਰਾਰ ਰੱਖਿਆ ਅਤੇ ਹੁਣ ਸੁਪਰੀਮ ਕੋਰਟ ਨੇ ਇਸ 'ਤੇ ਮੋਹਰ ਲਾ ਦਿੱਤੀ ਅਤੇ ਅੱਜ 30 ਸਤੰਬਰ ਤੱਕ ਮੈਨੂੰ ਆਤਮ-ਸਮਰਪਣ ਕਰਨ ਲਈ ਕਿਹਾ ਗਿਆ ਸੀ। ਅੱਜ ਲੋਕਾਂ ਦਾ ਮੈਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਹਜ਼ਾਰਾਂ ਦੀ ਗਿਣਤੀ 'ਚ ਲੋਕ ਮੈਨੂੰ ਛੱਡਣ ਲਈ ਆਏ ਹਨ। ਜੇਲ ਵਿਚ ਤਾਂ ਮੈਂ ਲੋਕਾਂ ਦੇ ਹਿੱਤਾਂ ਲਈ ਜਾਂਦਾ ਹੀ ਰਹਿੰਦਾ ਹਾਂ। ਹੁਣ ਫਿਰ ਤੋਂ ਲੋਕਾਂ ਦੇ ਹਿੱਤਾਂ ਲਈ ਮੈਂ ਜੇਲ ਜਾ ਰਿਹਾ ਹਾਂ। ਜੇਲ 'ਚੋਂ ਮੈਂ ਇਕ ਡਿਗਰੀ ਹੋਰ ਲੈ ਕੇ ਆਵਾਂਗਾ ਅਤੇ ਫਿਰ ਤੋਂ ਲੋਕਾਂ ਦੀ ਸੇਵਾ ਵਿਚ ਜੁਟ ਜਾਵਾਂਗਾ।

PunjabKesari

ਕੋਰਟ 'ਚ ਹੀ ਹੋਇਆ ਮਨਜੀਤ ਧਨੇਰ ਦਾ ਡਾਕਟਰੀ ਮੁਆਇਨਾ
ਆਪਣੇ ਵਕੀਲਾਂ ਨਾਲ ਮਨਜੀਤ ਸਿੰਘ ਧਨੇਰ ਨੇ ਅਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ 'ਚ ਆਪਣੇ ਵਕੀਲ ਜੀ.ਐੱਸ. ਢਿੱਲੋਂ, ਗੁਰਚਰਨ ਸਿੰਘ ਧੌਲਾ, ਬਲਵੰਤ ਸਿੰਘ ਮਾਨ, ਪ੍ਰਕਾਸ਼ਦੀਪ ਔਲਖ ਨਾਲ ਅਦਾਲਤ 'ਚ ਆਤਮ-ਸਮਰਪਣ ਕੀਤਾ। ਲਗਭਗ 45 ਮਿੰਟ ਅਦਾਲਤ ਦੀ ਕਾਰਵਾਈ ਚੱਲੀ। ਅਦਾਲਤ ਨੇ ਉਸ ਨੂੰ ਜੇਲ ਭੇਜਣ ਦੇ ਹੁਕਮ ਸੁਣਾਏ। ਸਿਵਲ ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਕੋਰਟ 'ਚ ਮਨਜੀਤ ਸਿੰਘ ਧਨੇਰ ਦਾ ਡਾਕਟਰੀ ਮੁਆਇਨਾ ਕੀਤਾ। ਉਪਰੰਤ ਪੁਲਸ ਨੇ ਉਸ ਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ ਅਤੇ ਜੇਲ ਛੱਡਣ ਲਈ ਗੱਡੀ ਵਿਚ ਬਿਠਾ ਲਿਆ। ਜਦੋਂ ਪੁਲਸ ਉਨ੍ਹਾਂ ਨੂੰ ਗੱਡੀ 'ਚ ਬਿਠਾ ਰਹੀ ਸੀ ਤਾਂ ਉਨ੍ਹਾਂ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਸ ਦੀਆਂ ਗੱਡੀਆਂ ਬੜੀ ਤੇਜ਼ੀ ਨਾਲ ਉਨ੍ਹਾਂ ਨੂੰ ਬਿਠਾ ਕੇ ਜੇਲ ਛੱਡਣ ਲਈ ਲੈ ਗਈਆਂ।

PunjabKesari

ਹਤਿਆਰੇ ਨੂੰ ਛੱਡਣ ਲਈ ਇੰਨੀ ਵੱਡੀ ਗਿਣਤੀ 'ਚ ਨਹੀਂ ਆਉਂਦੇ ਲੋਕ
ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਅੱਜ ਲੋਕ ਆਗੂ ਮਨਜੀਤ ਸਿੰਘ ਧਨੇਰ ਨੂੰ ਛੱਡਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਏ ਹਨ। ਕਿਸੇ ਹਤਿਆਰੇ ਨੂੰ ਇੰਨੀ ਗਿਣਤੀ ਵਿਚ ਲੋਕ ਛੱਡਣ ਨਹੀਂ ਆਉਂਦੇ। ਪੁਲਸ ਅਤੇ ਗੁੰਡਾ ਮਾਫੀਏ ਨੇ ਰਲ ਕੇ ਉਨ੍ਹਾਂ ਨੂੰ ਝੂਠੇ ਮਾਮਲੇ ਵਿਚ ਫਸਾਇਆ ਹੈ ਪਰ ਜਿੱਤ ਸੱਚ ਦੀ ਹੋਵੇਗੀ। ਅਸੀਂ ਉਨ੍ਹਾਂ ਨੂੰ ਜੇਲ ਛੱਡਣ ਨਹੀਂ ਆਏ ਬਲਕਿ ਉਨ੍ਹਾਂ ਨੂੰ ਸਦਾ ਲਈ ਲੈਣ ਆਏ ਹਾਂ। 20 ਤੋਂ 26 ਸਤੰਬਰ ਤੱਕ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਪੱਕਾ ਮੋਰਚਾ ਲੱਗਾ ਰਿਹਾ ਸੀ। ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੱਲੋਂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਵਾਲੀ ਫ਼ਾਈਲ ਲੋਕ ਸੰਘਰਸ਼ ਦੇ ਦਬਾਅ ਦੇ ਚਲਦਿਆਂ ਗਵਰਨਰ ਪੰਜਾਬ ਨੂੰ ਭੇਜੀ ਜਾ ਚੁੱਕੀ ਹੈ। ਇਹੀ ਫਾਈਲ ਦੋ ਮਹੀਨੇ ਮੁੱਖ ਮੰਤਰੀ ਦਫ਼ਤਰ ਵਿਚ ਧੂੜ ਫੱਕਦੀ ਰਹੀ ਕਿਸੇ ਨੇ ਸੋਚਿਆ ਤੱਕ ਨਹੀਂ ਕਿ ਪੰਜਾਬ ਦੇ ਲੋਕ ਇਸ ਨਿਹੱਕੀ ਸਜ਼ਾ ਰੱਦ ਕਰਨ ਦੀ ਸਾਲਾਂ ਬੱਧੀ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ। ਹੁਣ 26 ਸਤੰਬਰ ਨੂੰ ਕੀਤੇ ਐਲਾਨ ਤੋਂ ਬਾਅਦ ਇਹੀ ਪੱਕਾ ਮੋਰਚਾ ਬਰਨਾਲਾ ਦੀ ਧਰਤੀ ਤੋਂ ਸ਼ੁਰੂ ਹੋ ਚੁੱਕਾ ਹੈ। ਇਹ ਪੱਕਾ ਮੋਰਚਾ ਉਸ ਸਮੇਂ ਤੱਕ ਜਾਰੀ ਰਹੇਗਾ ਜਦ ਤੱਕ ਮਨਜੀਤ ਧਨੇਰ ਦੀ ਸਜ਼ਾ ਰੱਦ ਨਹੀਂ ਹੋ ਜਾਂਦੀ। ਇਸ ਉਪਰੰਤ ਕਾਫਿਲੇ ਦੇ ਰੂਪ ਵਿਚ ਲੋਕ ਜ਼ਿਲਾ ਜੇਲ ਵੱਲ ਨੂੰ ਰਵਾਨਾ ਹੋ ਗਏ ਅਤੇ ਜੇਲ ਅੱਗੇ ਪੱਕਾ ਧਰਨਾ ਲਗਾ ਦਿੱਤਾ।

ਇਸ ਸਮੇਂ ਜੋਗਿੰਦਰ ਸਿੰਘ ਉਗਰਾਹਾਂ, ਨਿਰਭੈ ਸਿੰਘ ਢੁੱਡੀਕੇ, ਗੁਰਮੀਤ ਸੁਖਪੁਰ, ਗੁਰਪ੍ਰੀਤ ਲਲਕਾਰ, ਕੰਵਲਪ੍ਰੀਤ ਪੰਨੂ, ਜੋਰਾ ਸਿੰਘ ਨਸਰਾਲੀ, ਨਰਭਿੰਦਰ ਸਿੰਘ, ਕਰਮਜੀਤ ਬੀਹਲਾ, ਹਰਪ੍ਰੀਤ ਕੌਰ ਜੇਠੂਕੇ, ਪ੍ਰੇਮਪਾਲ ਕੌਰ, ਮਹਿਮਾ ਸਿੰਘ ਢਿੱਲੋਂ, ਜਗਰੂਪ ਸਿੰਘ, ਕੁਲਵੰਤ ਰਾਏ ਪੰਡੋਰੀ, ਗੁਰਵਿੰਦਰ ਸਿੰਘ ਕਲਾਲਾ, ਸੁਖਦੇਵ ਸਿੰਘ ਭੂੰਦੜੀ ਆਦਿ ਝੰਡਾ ਸਿੰਘ ਜੇਠੂਕੇ, ਜਗਮੋਹਨ ਸਿੰਘ ਪਟਿਆਲਾ, ਗੁਰਦੀਪ ਸਿੰਘ ਰਾਮਪੁਰਾ ਅਤੇ ਨਰੈਣ ਦੱਤ ਆਦਿ ਆਗੂ ਵੀ ਹਾਜ਼ਰ ਸਨ।


cherry

Content Editor

Related News